ਨਵੀਂ ਦਿੱਲੀ, (ਸਮਾਜ ਵੀਕਲੀ): ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦਾ ਟਵਿੱਟਰ ਅਕਾਊਂਟ ਅੱਜ ਹੈਕ ਕਰ ਲਿਆ ਗਿਆ ਤੇ ਉਸ ਤੋਂ ਯੂਕਰੇਨ ਸੰਕਟ ਤੇ ਕ੍ਰਿਪਟੋ ਕਰੰਸੀ ਬਾਰੇ ਟਵੀਟ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਖਾਤੇ ਹੈਕ ਹੋਏ ਹਨ। ਇਲੈਕਟ੍ਰੌਨਿਕਸ ਤੇ ਤਕਨੀਕ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਮਾਮਲੇ ਬਾਰੇ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਸੀਈਆਰਟੀ) ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਜਾਂਚ ਕਰ ਰਹੇ ਹਨ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਅਕਾਊਂਟ ਥੋੜ੍ਹੇ ਹੀ ਸਮੇਂ ਲਈ ਹੈਕ ਹੋਇਆ ਸੀ।
ਹੁਣ ਇਸ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ। ਪਾਰਟੀ ਆਗੂ ਇਸ ਬਾਰੇ ਟਵਿੱਟਰ ਨਾਲ ਗੱਲ ਕਰ ਰਹੇ ਹਨ ਤੇ ਕਾਰਨਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਨੱਢਾ ਦੇ ਅਕਾਊਂਟ ਤੋਂ ਕੀਤੇ ਗਏ ਇਕ ਟਵੀਟ ਵਿਚ ਯੂਕਰੇਨ ਦੀ ਮਦਦ ਲਈ ਚੰਦਾ ਮੰਗਿਆ ਗਿਆ ਸੀ ਜਦਕਿ ਇਕ ਹੋਰ ਰਾਹੀਂ ਰੂਸ ਦੀ ਮਦਦ ਬਾਰੇ ਲਿਖਿਆ ਗਿਆ ਸੀ। ਟਵੀਟ ਵਿਚ ਲਿਖਿਆ ਗਿਆ, ‘ਕ੍ਰਿਪਟੋ ਕਰੰਸੀ ਦੇ ਰੂਪ ਵਿਚ ਵੀ ਮਦਦ ਲਈ ਰਾਸ਼ੀ ਲਈ ਜਾ ਰਹੀ ਹੈ।’ ਪਿਛਲੇ ਸਾਲ ਦਸੰਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਵੀ ਹੈਕ ਹੋ ਗਿਆ ਸੀ। ਕੇਂਦਰ ਸਰਕਾਰ ਦੇ ਕੁਝ ਵਿਭਾਗਾਂ ਨਾਲ ਜੁੜੇ ਟਵਿੱਟਰ ਅਕਾਊਂਟ ਵੀ ਹਾਲ ਹੀ ਵਿਚ ਹੈਕ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly