ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਭਾਜਪਾ ਦਾ ਦਾਅਵਾ ਹੈ ਕਿ ਪਾਰਟੀ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਨੇ ਜ਼ਿਲ੍ਹਾ ਪੰਚਾਇਤ ਮੁਖੀਆਂ ਲਈ ਹੋਈ ਚੋਣ ਵਿਚ 75 ’ਚੋਂ 67 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ਦਾ ਸਿਹਰਾ ਲੋਕਾਂ ਵੱਲੋਂ ਪਾਰਟੀ ਨੂੰ ਦਿੱਤੇ ਆਸ਼ੀਰਵਾਦ, ਵਿਕਾਸ ਲਈ ਪਾਰਟੀ ਵੱਲੋਂ ਕੀਤੇ ਕੰਮ, ਲੋਕ ਭਲਾਈ ਤੇ ਕਾਨੂੰਨ ਦੇ ਰਾਜ ਸਿਰ ਬੰਨ੍ਹਿਆ। ਯੂਪੀ ਭਾਜਪਾ ਦੇ ਮੁਖੀ ਸਵਤੰਤਰ ਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਦੀ ਸਫ਼ਲਤਾ ਦਾ ਕਾਰਨ ਉਨ੍ਹਾਂ ਦੀ ਸਰਕਾਰ ਵੱਲੋਂ ਆਰੰਭੀਆਂ ਲੋਕ ਭਲਾਈ ਦੀਆਂ ਨੀਤੀਆਂ ਹਨ।
ਹਿੰਦੀ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਤੇ ਇਸ ਦੇ ਸਹਿਯੋਗੀਆਂ ਨੇ 75 ਵਿਚੋਂ 67 ਸੀਟਾਂ ਜਿੱਤ ਲਈਆਂ ਹਨ ਤੇ ਉਮੀਦਵਾਰ ਜ਼ਿਲ੍ਹਾ ਪੰਚਾਇਤ ਦੇ ਚੇਅਰਮੈਨ ਚੁਣੇ ਗਏ ਹਨ। ਵੋਟਾਂ ਪੈਣ ਦੀ ਪ੍ਰਕਿਰਿਆ ਸਵੇਰੇ 11 ਵਜੇ ਸ਼ੁਰੂ ਹੋਈ ਤੇ ਤਿੰਨ ਵਜੇ ਤੱਕ ਜਾਰੀ ਰਹੀ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਚੰਦੌਲੀ ਤੋਂ ਸਾਬਕਾ ਸੰਸਦ ਮੈਂਬਰ ਰਾਮਕਿਸ਼ਨ ਯਾਦਵ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਜ਼ਿਲ੍ਹਾ ਪੰਚਾਇਤ ਮੈਂਬਰਾਂ ਦੇ ਪੈਰਾਂ ਵਿਚ ਡਿਗ ਕੇ ਆਪਣੇ ਭਤੀਜੇ ਲਈ ਵੋਟਾਂ ਮੰਗ ਰਹੇ ਹਨ। ਜ਼ਿਲ੍ਹਾ ਪੰਚਾਇਤ ਮੁਖੀ ਜ਼ਿਲ੍ਹਾ ਪੰਚਾਇਤ ਦੇ ਚੁਣੇ ਹੋਏ ਮੈਂਬਰਾਂ ਵਿਚੋਂ ਬਣਦੇ ਹਨ। ਜ਼ਿਕਰਯੋਗ ਹੈ ਕਿ ‘ਬਸਪਾ’ ਨੇ ਇਹ ਚੋਣਾਂ ਲੜਨ ਤੋਂ ਪਾਸਾ ਵੱਟ ਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly