ਰਾਏਪੁਰ (ਸਮਾਜ ਵੀਕਲੀ): ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਭਗਵਾਂ ਪਾਰਟੀ ਦੇਸ਼ ਨੂੰ ‘ਖਤਰੇ’ ਵੱਲ ਲੈ ਕੇ ਜਾ ਰਹੀ ਹੈ ਅਤੇ ਆਰਐੱਸਐੱਸ ਨਾਲ ਮਿਲ ਕੇ ਚਾਹੁੰਦੀ ਹੈ ਕਿ ਸਾਰਿਆਂ ਸੂਬਿਆਂ, ਭਾਸ਼ਾਵਾਂ ਅਤੇ ਇਤਿਹਾਸ ’ਤੇ ਇਕੋ ਵਿਚਾਰਧਾਰਾ ਦਾ ਰਾਜ ਹੋਵੇ ਜੋ ਕਿ ਕਦੇ ਨਹੀਂ ਹੋ ਸਕਦਾ। ਉਨ੍ਹਾਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸਾਇੰਸ ਕਾਲਜ ’ਚ ਹੋਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕੱਲ੍ਹ ਮੈਂ ਲੋਕ ਸਭਾ ਵਿਚ ਇਕ ਭਾਸ਼ਣ ਦਿੱਤਾ ਸੀ ਜਿਸ ਵਿਚ ਮੈਂ ਦੇਸ਼ ਨੂੰ ਦਰਪੇਸ਼ ਦੋ-ਤਿੰਨ ਚੁਣੌਤੀਆਂ ਬਾਰੇ ਗੱਲ ਕੀਤੀ ਸੀ। ਭਾਜਪਾ ਅਤੇ ਇਸ ਦੀ ਵਿਚਾਰਧਾਰਾ ਦੇਸ਼ ਨੂੰ ਖਤਰੇ ਵੱਲ ਲੈ ਕੇ ਜਾ ਰਹੀ ਹੈ। ਖਤਰਾ ਕੀ ਹੈ—ਪਹਿਲਾ ਸਭ ਤੋਂ ਵੱਡਾ ਖਤਰਾ ਹੈ ਕਿ ਭਾਜਪਾ ਰਾਸ਼ਟਰ ਨੂੰ ਦੋ ਦੇਸ਼ਾਂ ਵਿਚ ਵੰਡ ਰਹੀ ਹੈ।
ਇਕ ਜੋ ਚੋਣਵੇਂ ਅਰਬਪਤੀਆਂ ਦਾ ਹੈ ਜਿੱਥੇ ਪੈਸਾ ਅਤੇ ਉੱਚ ਪੱਧਰੀ ਤਕਨਾਲੋਜੀ ਆਦਿ ਸਭ ਕੁਝ ਹੈ ਜਦਕਿ ਦੂਜਾ ਦੇਸ਼ ਕਰੋੜਾਂ ਆਮ ਲੋਕਾਂ ਦਾ ਹੈ।’’ ਰਾਹੁਲ ਨੇ ਕਿਹਾ, ‘‘ਦੋ ਦੇਸ਼ ਬਣਾ ਕੇ ਉਹ ਸੋਚਦੇ ਹਨ ਕਿ ਗਰੀਬਾਂ ਵਾਲਾ ਦੇਸ਼ ਸ਼ਕਤੀਹੀਣ ਹੈ ਅਤੇ ਚੁੱਪ ਰਹੇਗਾ। ਉਹ ਸੋਚਦੇ ਹਨ ਕਿ ਦੇਸ਼ ਦੇ ਗਰੀਬ ਡਰਦੇ ਹਨ ਪਰ ਦੇਸ਼ ਦੇ ਗਰੀਬ ਕਿਸੇ ਕੋਲੋਂ ਨਹੀਂ ਡਰਦੇ, ਬਲਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਨੂੰ ਬਣਾਇਆ ਹੈ। ਜੇਕਰ ਕੋਈ ਭਾਰਤ ਨੂੰ ਇੱਥੇ ਤੱਕ ਲੈ ਕੇ ਆਇਆ ਹੈ ਤਾਂ ਉਹ ਕੋਈ ਪਾਰਟੀ ਨਹੀਂ ਬਲਕਿ ਕਿਸਾਨ, ਮਜ਼ਦੂਰ ਅਤੇ ਗਰੀਬ ਲੋਕ ਹਨ। ਇਸ ਵਾਸਤੇ ਇਹ ਪੁੱਛਣਾ ਕਿ 70 ਸਾਲਾਂ ਵਿਚ ਕੀ ਹੋਇਆ ਹੈ ਤਾਂ ਇਹ ਕਿਸਾਨਾਂ, ਉਨ੍ਹਾਂ ਦੇ ਮਾਪਿਆਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਅਪਮਾਨ ਹੈ, ਨਾ ਕਿ ਕਾਂਗਰਸ ਪਾਰਟੀ ਦਾ।’’
ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਸਾਇੰਸ ਕਾਲਜ ਮੈਦਾਨ ਵਿਚ ‘ਰਾਜੀਵ ਗਾਂਧੀ ਗ੍ਰਾਮੀਣ ਭੂਮੀਹੀਣ ਕ੍ਰਿਸ਼ੀ ਮਜ਼ਦੂਰ ਨਿਆਂ ਯੋਜਨਾ’ ਸਣੇ ਹੋਰ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਦਿਹਾਤੀ ਖੇਤਰ ਵਿਚ ਭੂਮੀਹੀਣ ਮਜ਼ਦੂਰਾਂ ਨੂੰ 6000 ਰੁਪਏ ਸਾਲਾਨਾ ਦੀ ਵਿੱਤੀ ਸਹਾਇਤਾ ਤਿੰਨ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨਵਾਂ ਰਾਏਪਰ ਵਿਚ ਬਣਨ ਵਾਲੇ ‘ਗਾਂਧੀ ਸੇਵਾਗ੍ਰਾਮ’ ਅਤੇ ਇਕ ਯਾਦਗਾਰ ਦੇ ਨੀਂਹ ਪੱਥਰ ਵੀ ਰੱਖੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly