ਭਾਜਪਾ ਗੱਠਜੋੜ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਨਵੀਆਂ ਸਹੂਲਤਾਂ ਦੇ ਵਾਅਦੇ

ਚੰਡੀਗੜ੍ਹ (ਸਮਾਜ ਵੀਕਲੀ):  ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ’ਤੇ ਅਧਾਰਿਤ ਸਿਆਸੀ ਗੱਠਜੋੜ ਨੇ ਅੱਜ ਇੱਥੇ ਸੂਬੇ ਦੇ ਦਿਹਾਤੀ ਖੇਤਰ ਲਈ 11 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਭਾਜਪਾ ਆਗੂ ਹਰਜੀਤ ਗਰੇਵਾਲ ਆਦਿ ਨੇ ਅੱਜ ਦਿਹਾਤੀ ਖੇਤਰ ਦਾ ਸੰਕਲਪ ਪੱਤਰ ਜਾਰੀ ਕਰਦਿਆਂ ਸੂਬੇ ਦੇ ਖੇਤੀ ਖੇਤਰ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨੀ ਦੀ ਦਸ਼ਾ ਸੁਧਾਰਨ ਲਈ ਵੱਡੇ ਵਾਅਦੇ ਕੀਤੇ ਹਨ।

ਸਿਆਸੀ ਗੱਠਜੋੜ ਨੇ ਦਿਹਾਤੀ ਖੇਤਰ ਵਿੱਚ ਸਿਹਤ, ਸਿੱਖਿਆ, ਖੇਡਾਂ ਨੂੰ ਵਿਕਸਤ ਕਰਨ ਦੇ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੱਡੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੱਠਜੋੜ ਨੇ ਦਿਹਾਤੀ ਖੇਤਰ ਦੇ ਲੋਕਾਂ ਮੂਹਰੇ ਵਾਅਦਿਆਂ ਦੀ ਝੜੀ ਲਾਉਂਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਹਰ ਸਾਲ ਵਿੱਤੀ ਮਦਦ ਦਿੱਤੀ ਜਾਵੇਗੀ। ਖੇਤੀਬਾੜੀ ਨੂੰ ਚਿਰਸਥਾਈ ਤੇ ਟਿਕਾਊ ਬਨਾਉਣ ਲਈ ਜੈਵਿਕ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਵੇਗਾ। ਇਸ ਲਈ ਖੇਤੀ ਬਜਟ ’ਚ 5 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇਗਾ। ਖੇਤੀ ਨੂੰ ਵਿਕਸਤ ਕਰਨ ਲਈ ਨਵੀਂ ਖੇਤੀਬਾੜੀ ਯੂਨੀਵਰਸਿਟੀ ਖੋਲ੍ਹਣ ਅਤੇ ਖੇਤੀ ਵਿਕਾਸ ਕੇਂਦਰਾਂ ’ਚ ਸਿਖਲਾਈ ਦੇਣ ਦੀ ਗੱਲ ਕਹੀ ਗਈ ਹੈ।

ਉਨ੍ਹਾਂ ਸਿੰਜਾਈ ਯੋਜਨਾਵਾਂ ਨੂੰ ਮੁਕੰਮਲ ਕਰਕੇ ਹਰੇਕ ਖੇਤ ਲਈ ਪਾਣੀ ਉਪਲੱਬਧ ਕਰਾਉਣ ਅਤੇ ਸਿੰਜਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਵਾਅਦਾ ਵੀ ਕੀਤਾ ਹੈ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਡੇਅਰੀ ਫਾਰਮਿੰਗ ਲਈ ਨਵੀਆਂ ਤਕਨੀਕਾਂ ਅਪਣਾਉਣ ਅਤੇ ਸਬਸਿਡੀ ’ਤੇ ਸਮਾਨ ਦੇਣ ਦਾ ਵਾਅਦਾ ਵੀ ਕੀਤਾ ਹੈ। ਪਿੰਡਾਂ ਦੇ ਛੱਪੜਾਂ ਨੂੰ ਕਮਾਈ ਦੇ ਸਾਧਨ ਵਜੋਂ ਅਪਣਾਉਣ ਲਈ ਮੱਛੀ ਪਾਲਣ ਦੇ ਕੇਂਦਰ ਬਣਾਏ ਜਾਣਗੇ। ਹਰੇਕ ਪਿੰਡ ਵਿੱਚ ਕਮਿਊਨਿਟੀ ਸੈਂਟਰ ਦੀ ਸਥਾਪਨਾ ਕਰਕੇ ਸ਼ਹਿਰਾਂ ਵਾਲੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਇੱਕੋ ਥਾਂ ਦਿੱਤੀਆਂ ਜਾਣਗੀਆਂ। ਪਿੰਡਾਂ ’ਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਹੋਣਗੀਆਂ। ਨਰੋਏ ਪਿੰਡ ਯੋਜਨਾ ਤਹਿਤ ਪਿੰਡਾਂ ਵਿੱਚ 24 ਘੰਟੇ ਸਿਹਤ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ।

ਓਲੰਪਿਕ ਖੇਡਾਂ ’ਚ ਸ਼ਮੂਲੀਅਤ ਲਈ 15 ਲੱਖ ਰੁਪਏ ਦੇਣ ਦਾ ਵਾਅਦਾ

ਖੇਡਾਂ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 6 ਕਰੋੜ, ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੂੰ 4 ਕਰੋੜ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 2.5 ਕਰੋੜ ਅਤੇ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਖਿਡਾਰੀ ਨੂੰ 15 ਲੱਖ ਰੁਪਏ ਦਾ ਨਗ਼ਦ ਇਨਾਮ ਦਿੱਤਾ ਜਾਵੇਗਾ। ਏਸ਼ਿਆਈ, ਰਾਸ਼ਟਰਮੰਡਲ, ਵਿਸ਼ਵ ਕੱਪ, ਪੈਰਾ ਵਿਸ਼ਵ ਕੱਪ, ਕੌਮੀ ਖੇਡਾਂ ਅਤੇ ਰਾਜ ਪੱਧਰੀ ਖੇਡਾਂ ਵਿੱਚ ਤਗ਼ਮੇ ਲੈਣ ਵਾਲੇ ਅਤੇ ਸ਼ਮੂਲੀਅਤ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ
Next articleਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫ਼ੈਸਲਾ ਮਾਹਿਰਾਂ ਦੀ ਸਲਾਹ ’ਤੇ: ਮਾਂਡਵੀਆ