ਸਾਧਵੀ ਜਬਰ-ਜਨਾਹ ਕੇਸ ’ਚੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ

ਕੋਟਾਯਮ (ਕੇਰਲਾ) (ਸਮਾਜ ਵੀਕਲੀ):  ਕੇਰਲਾ ਦੀ ਕੋਰਟ ਨੇ ਰੋਮਨ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਈਸਾਈ ਸਾਧਵੀ ਵੱਲੋਂ ਲਾੲੇ ਜਬਰ-ਜਨਾਹ ਦੇ ਦੋੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਕੋਰਟ-2 ਨੇ ਕਿਹਾ ਕਿ ਇਸਤਗਾਸਾ ਧਿਰ ਮੁਲਜ਼ਮ ਖ਼ਿਲਾਫ਼ ਲੋੜੀਂਦੇ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਹੀ, ਲਿਹਾਜ਼ਾ ਬਿਸ਼ਪ ਨੂੰ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ। ਮੁਲੱਕਲ (57) ਉੱਤੇ ਦੋਸ਼ ਸੀ ਕਿ ਉਸ ਨੇ ਰੋਮਨ ਕੈਥੋਲਿਕ ਗਿਰਜਾਘਰ ਦੇ ਜਲੰਧਰ ਡਾਇਓਸਿਸ ਦਾ ਬਿਸ਼ਪ ਰਹਿਣ ਮੌਕੇ ਦੱਖਣੀ ਰਾਜ ਵਿਚਲੇ ਕਾਨਵੈਂਟ ਦੀ ਫੇਰੀ ਦੌਰਾਨ ਈਸਾਈ ਸਾਧਵੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ। ਉਧਰ ਕੇਸ ਦੀ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫੈਸਲੇ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਇਸ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਵੇਗੀ।

ਕੋਰਟ ਵੱਲੋਂ ਫੈਸਲਾ ਸੁਣਾਉਣ ਮਗਰੋਂ ਭਾਵੁਕ ਤੇ ਸਕੂਨ ਵਿੱਚ ਨਜ਼ਰ ਆਏ ਮੁਲੱਕਲ ਦੀਆਂ ਅੱਖਾਂ ਵਿੱਚ ਹੰਝੂ ਨਿਕਲ ਆਏ। ਖ਼ੁਸ਼ੀ ’ਚ ਖੀਵੇ ਹੋਏ ਮੁਲੱਕਲ ਨੇ ਆਪਣੇ ਸ਼ਰਧਾਲੂਆਂ ਤੇ ਵਕੀਲਾਂ ਨੂੰ ਗ਼ਲ ਨਾਲ ਲਾਇਆ। ਪੱਤਰਕਾਰਾਂ ਨੇ ਇਸ ਫੈਸਲੇ ਨੂੰ ਲੈ ਕੇ ਮੁਲੱਕਲ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਸਭ ਰੱਬ ਦੀ ਰਜ਼ਾ ਹੈ।’’ ਕੋਰਟ ਵੱਲੋਂ ਬਿਸ਼ਪ ਨੂੰ ਬਰੀ ਕੀਤੇ ਜਾਣ ਦੀ ਗੱਲ ਸੁਣ ਕੇ ਉਸ ਦੇ ਕੁਝ ਸ਼ਰਧਾਲੂ ਖੁ਼ਸ਼ੀ ਵਿੱਚ ਰੋਂਦੇ ਨਜ਼ਰ ਆਏ। ਕੋਰਟ ਦੇ ਫੈਸਲੇ ਮਗਰੋਂ ਮਲਿਆਲਮ ਵਿੱਚ ਜਾਰੀ ਇਕ ਸੰਖੇਪ ਬਿਆਨ ਵਿੱਚ ਜਲੰਧਰ ਡਾਇਓਸਿਸ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ, ਜੋ ਅਜੇ ਤੱਕ ਇਹ ਯਕੀਨ ਕਰਦੇ ਸਨ ਕਿ ਬਿਸ਼ਪ ਨਿਰਦੋਸ਼ ਹੈ ਤੇ ਜਿਨ੍ਹਾਂ ਉਸ ਨੂੰ ਹਰ ਸੰਭਵ ਲੋੜੀਂਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ। ਬਿਸ਼ਪ ਦੀ ਲੀਗਲ ਟੀਮ ਵਿੱਚ ਸ਼ਾਮਲ ਵਕੀਲ ਨੇ ਕਿਹਾ, ‘‘ਇਸਤਗਾਸਾ ਧਿਰ ਬਿਸ਼ਪ ਖ਼ਿਲਾਫ਼ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।’’

ਉਧਰ ਬਿਸ਼ਪ ਖ਼ਿਲਾਫ਼ ਲੱਗੇ ਜਬਰ-ਜਨਾਹ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਸੀਨੀਅਰ ਆਈਪੀਐੱਸ ਅਧਿਕਾਰੀ ਐੱਸ.ਹਰੀਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਸਵੀਕਾਰ ਨਹੀਂ ਹੈ ਤੇ ਉਹ ਇਸ ਖਿਲਾਫ਼ ਹਾਈ ਕੋਰਟ ਜਾਣਗੇ। ਹਰੀਸ਼ੰਕਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਬਹੁਤ ਮੰਦਭਾਗਾ ਫ਼ੈਸਲਾ ਹੈ। ਸਾਨੂੰ ਇਸ ਕੇਸ ਵਿੱਚ 100 ਫੀਸਦ ਸਜ਼ਾ ਹੋਣ ਦੀ ਉਮੀਦ ਸੀ।’’ ਸਰਕਾਰੀ ਵਕੀਲ ਜਿਤੇਸ਼ ਜੇ.ਬਾਬੂ ਨੇ ਵੀ ਫੈਸਲੇ ਨੂੰ ਲੈ ਕੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਪੀੜਤਾ (ਈਸਾਈ ਸਾਧਵੀ) ਵੱਲੋਂ ਦਿੱਤੇ ਬਿਆਨ ਦੇ ਬਾਵਜੂਦ ਫੈਸਲਾ ਇਸ ਰੂਪ ਵਿੱਚ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ, ‘‘ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ’’ ਤੇ ਫੈਸਲੇ ਨੂੰ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਮਗਰੋਂ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਚੇਤੇ ਰਹੇ ਕਿ ਪੁਲੀਸ ਨੇ ਜੂਨ 2018 ਵਿੱਚ ਕੇਰਲਾ ਦੇ ਕੋਟਾਯਮ ਜ਼ਿਲ੍ਹੇ ਵਿੱਚ ਬਿਸ਼ਪ ਫਰੈਂਕੋ ਮੁਲੱਕਲ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਈਸਾਈ ਸਾਧਵੀ ਨੇ ਦਾਅਵਾ ਕੀਤਾ ਸੀ ਕਿ ਫਰੈਂਕੋ ਨੇ ਸਾਲ 2014 ਤੋਂ 2016 ਦਰਮਿਆਨ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਕੇਸ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਸਤੰਬਰ 2018 ਵਿੱਚ ਬਿਸ਼ਪ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਖਿਲਾਫ਼ ਜਬਰੀ ਕੈਦ ਵਿੱਚ ਰੱਖਣ, ਜਬਰ-ਜਨਾਹ, ਗੈਰਕੁਦਰਤੀ ਸਬੰਧ ਤੇ ਧਮਕਾਉਣ ਨਾਲ ਜੁੜੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਸਨ। -ਪੀਟੀਆਈ

ਬਿਸ਼ਪ ਤੋਂ ਜਲੰਧਰ ਵਿੱਚ ਵੀ ਹੋਈ ਸੀ ਪੁੱਛ-ਪੜਤਾਲ

ਜਲੰਧਰ (ਪਾਲ ਸਿੰਘ ਨੌਲੀ): ਵਿਸ਼ੇੇਸ਼ ਜਾਂਚ ਟੀਮ ਨੇ ਬਿਸ਼ਪ ਫਰੈਂਕੋ ਮੁਲੱਕਲ ਕੋਲੋਂ ਜਲੰਧਰ ਵਿੱਚ ਵੀ ਪੁੱਛਗਿੱਛ ਕੀਤੀ ਸੀ। ਕੇਰਲਾ ਪੁਲੀਸ ਨੇ ਪੁੱਛਗਿੱਛ ਲਈ ਬਿਸ਼ਪ ਨੂੰ ਕੋਟਾਯਮ ਸੱਦਿਆ, ਜਿੱਥੇ ਕਈ ਘੰਟੇ ਪੁੱਛਗਿੱਛ ਕਰਨ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਬਿਸ਼ਪ ਮਗਰੋਂ ਕੇਰਲਾ ਹਾਈਕੋਰਟ ਤੋਂ ਜ਼ਮਾਨਤ ਲੈਣ ਵਿੱਚ ਸਫ਼ਲ ਰਿਹਾ। ਇਸ ਬਹੁ-ਚਰਚਿਤ ਕੇਸ ਵਿੱਚ 83 ਜਣਿਆਂ ਨੂੰ ਗਵਾਹ ਬਣਾਇਆ ਗਿਆ ਸੀ ਤੇ 2000 ਪੰਨਿਆਂ ਵਾਲੀ ਚਾਰਜਸ਼ੀਟ ਨਾਲ 30 ਦੇ ਕਰੀਬ ਸਬੂਤ ਨੱਥੀ ਕੀਤੇ ਗਏ ਸਨ। ਉਧਰ ਇਸਤਰੀ ਜਾਗ੍ਰਿਤੀ ਮੰਚ ਦੀਆਂ ਔਰਤਾਂ ਨੇ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਪੀੜਤ ਈਸਾਈ ਸਾਧਵੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਰਘਬੀਰ ਕੌਰ ਨੇ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਤੇ ਇਸ ਮਾਮਲੇ ਵਿੱਚ ਉਹ ਈਸਾਈ ਸਾਧਵੀਆਂ ਨਾਲ ਡਟ ਕੇ ਖੜ੍ਹੇ ਹਨ। ਉਧਰ ਬਿਸ਼ਪ ਦੇ ਹਮਾਇਤੀਆਂ ਨੇ ਅੱਜ ਦੇ ਫੈਸਲੇ ’ਤੇ ਖ਼ੁਸ਼ੀ ਜਤਾਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਦੋ ਮੰਤਰੀ ਤੇ ਛੇ ਵਿਧਾਇਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ
Next articleSnatcher injured in encounter with Noida police