ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ (28 ਸਤੰਬਰ) ਸਬੰਧੀ ਇਨਕਲਾਬੀ ਸੰਸਥਾਵਾਂ ਵੱਲੋਂ ਆਪੋ-ਆਪਣੇ ਪੱਧਰ ‘ਤੇ ਗਤੀਵਿਧੀਆਂ ਜਾਰੀ ਹਨ। ਇਸੇ ਦੇ ਚਲਦਿਆਂ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵੱਖੋ-ਵੱਖ ਥਾਵਾਂ ‘ਤੇ ਇਨਕਲਾਬੀ ਸਾਹਿਤ ਵੰਡਿਆਂ ਜਾ ਰਿਹਾ ਹੈ। ਮੰਚ ਦੇ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ. ਦੁਆਰਾ ਉਚੇਚੇ ਤੌਰ ‘ਤੇ ਭਿਜਵਾਏ ਗਏ ਪੈਂਫਲਿਟ 27 ਸਤੰਬਰ ਨੂੰ ਭਾਰਤ ਬੰਦ ਮੌਕੇ ਬਹਿਰਾਮਪੁਰ ਜਿਮੀਦਾਰਾਂ ਟੋਲ ਬੈਰੀਅਰ ‘ਤੇ ਗੁਰਪ੍ਰੀਤ ਸਿੰਘ (ਇੰਟਰਨੈਸ਼ਨਲ ਤਾਈਕਵਾਂਡੋ ਖਿਡਾਰੀ ਤੇ ਕੋਚ), ਡਾ. ਐੱਮ. ਐੱਸ. ਸੈਣੀ ਐਮਰਜੈਂਸੀ ਮੈਡੀਕਲ ਅਫ਼ਸਰ ਸਾਂਘਾ ਹਸਪਤਾਲ ਰੋਪੜ, ਕੁਲਵਿੰਦਰ ਸਿੰਘ ਪੰਜੋਲਾ (ਭਾਰਤੀ ਕਿਸਾਨ ਯੂਨੀਅਨ ਖੋਸਾ) ਅਤੇ ਕੁਲਵੰਤ ਸਿੰਘ ਬੱਬਰ (ਕਿਰਤੀ ਕਿਸਾਨ ਮੋਰਚਾ) ਦੀ ਅਗਵਾਈ ਵਿੱਚ ਵੰਡੇ ਗਏ।
ਡਾ. ਸੈਣੀ ਨੇ ਹਾਜ਼ਰੀਨਾਂ ਨੂੰ ਸੰਬੋਧਨ ਹੁੰਦਿਆਂ ਵਿਸ਼ੇਸ਼ ਅਪੀਲ ਕੀਤੀ ਕਿ ਪਰਚਿਆਂ ਨੂੰ ਪੜ੍ਹਨ ਤੋਂ ਬਾਅਦ ਕਿਤੇ ਸੁੱਟਣ ਨਾ। ਸਗੋਂ ਆਪੋ-ਆਪਣੇ ਬੱਚਿਆਂ, ਗਵਾਂਢੀਆਂ ਅਤੇ ਹੋਰ ਸਾਕ-ਸਬੰਧੀਆਂ ਨੂੰ ਵੀ ਪੜ੍ਹਾਉਣ ਅਤੇ ਇਹਨਾਂ ਦੀਆਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ‘ਤੇ ਜਰੂਰ ਸ਼ੇਅਰ ਕਰਨ। ਇਸਦੇ ਨਾਲ਼ ਹੀ ਇਹਨਾਂ ਮੋਹਤਬਰ ਸੱਜਣਾਂ ਨੇ ਇਸ ਉਪਰਾਲੇ ਲਈ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਦੀ ਸਾਰੀ ਟੀਮ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ਼ ਜੁੜੀਆਂ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਈਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly