ਮੋਦੀ ਨੂੰ ਜਨਮ ਦਿਨ ਦਾ ਤੋਹਫ਼ਾ: ਦੋ ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ

ਨਵੀਂ ਦਿੱਲੀ (ਸਮਾਜ ਵੀਕਲੀ):ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਸ਼ੁੱਕਰਵਾਰ ਨੂੰ ਕੋਵਿਡ-19 ਟੀਕਾਕਰਨ ਦੀਆਂ ਦੋ ਕਰੋੜ ਤੋਂ ਵੱਧ ਖੁਰਾਕਾਂ ਲਗਾ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਕੋ-ਵਿਨ ਪੋਰਟਲ ’ਤੇ ਮੌਜੂਦ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਸ਼ਾਮ ਪੰਜ ਵਜੇ ਤੱਕ 2,00,41,136 ਖ਼ੁਰਾਕਾਂ ਲਾਈਆਂ ਗਈਆਂ ਹਨ। ਹੁਣ ਤੱਕ ਦੇਸ਼ ਵਿੱਚ ਕੁੱਲ 78.68 ਕਰੋੜ ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ।

ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚੌਥੀ ਵਾਰ ਕੋਵਿਡ-19 ਦੇ ਰੋਜ਼ਾਨਾ ਟੀਕਾਕਰਨ ਨੇ ਦੋ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਹਿੰਦੀ ਵਿੱਚ ਟਵੀਟ ਕਰਕੇ ‘ਵੈਕਸੀਨਸੇਵਾ’ ਤੇ ‘ਹੈਪੀਬਰਥਡੇਅਮੋਦੀਜੀ’ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ,‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਡੇਢ ਵਜੇ ਤੱਕ ਦੇਸ਼ ਭਰ ਵਿੱਚ ਤੇਜ਼ੀ ਨਾਲ ਇਕ ਕਰੋੜ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਲਗਾਤਾਰ ਇਸ ਨੂੰ ਟੀਚੇ ਅੱਗੇ ਵਧਾਇਆ ਜਾ ਰਿਹਾ ਹੈ।

ਮੇਰਾ ਮੰਨਣਾ ਹੈ ਕਿ ਅੱਜ ਅਸੀਂ ਟੀਕਾਕਰਨ ਦਾ ਨਵਾਂ ਰਿਕਾਰਡ ਕਾਇਮ ਕਰਾਂਗੇ ਅਤੇ ਇਸ ਨੂੰ ਤੋਹਫ਼ੇ ਵਜੋਂ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਨ  ਕਰਨ ਲਈ ਆਪਣੀਆਂ ਇਕਾਈਆਂ ਨੂੰ ਆਖਿਆ ਹੋਇਆ ਸੀ। ਮੰਤਰਾਲੇ ਮੁਤਾਬਕ ਭਾਰਤ ਨੇ ਮਹਿਜ਼ 85 ਦਿਨਾਂ ਦੇ ਅੰਦਰ ਦਸ ਕਰੋੜ ਟੀਕਾਕਰਨ ਦਾ ਅੰਕੜਾ ਛੂਹ ਲਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ’ਚ ਸਿਆਸੀ ਪੇਚ ਫਸਿਆ
Next articleਭਾਰਤ-ਚੀਨ ਬਾਕੀ ਸਾਰੇ ਮੁੱਦੇ ਵੀ ਫੌਰੀ ਸੁਲਝਾਉਣ: ਜੈਸ਼ੰਕਰ