(ਸਮਾਜ ਵੀਕਲੀ)
ਅਨੀਤਾ ਨੇ ਅਜੇ ਘਰ ਦੇ ਅੰਦਰ ਪੈਰ ਹੀ ਧਰਿਆ ਸੀ ਕਿ” ਕਰ ਆਈ ਅਵਾਰਾਗਰਦੀ,ਰੋਟੀ ਤੇਰੇ ਪਿਓ ਨੇ ਪਕਾ ਕੇ ਦੇਣੀ ਸੀ।”ਅਨੀਤਾ ਦੇ ਨਸ਼ੇੜੀ ਪਤੀ ਦੇ ਅੱਗ ਵਰਾਉਂਦੇ ਸ਼ਬਦ ਅਨੀਤਾ ਦੇ ਕੰਨਾਂ ਵਿੱਚ ਹਥੌੜਾ ਵਾਂਗ ਵੱਜੇ।ਅਨੀਤਾ ਪਰਸ ਬੈੱਡ ਤੇ ਸੁੱਟਦੀ ਨਿਮਰਤਾ ਨਾਲ ਬੋਲੀ” ਮੈਂ ਤਾਂ ਜੀ ਰੋਟੀ ਦੇ ਟਾਈਮ ਤੋਂ ਪਹਿਲਾਂ ਹੀ ਘਰ ਪਹੁੰਚ ਗਈ ਹਾਂ।ਹੁਣੇ ਹੀ ਰੋਟੀ ਤਿਆਰ ਹੋ ਜਾਂਦੀ ਏ।”ਇਹ ਸੁਣਦਿਆਂ ਹੀ ਪਤੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। “ਬਹਿਸ ਕਰਦੀ ਏਂ—-ਇੱਕ ਘਰ ਨ੍ਹੀ ਟਿਕਣਾ—-ਤੇ ਦੂਜਾ ਬਹਿਸ ਕਰਦੀ ਏ—ਕੁੱਤੀ—-ਸਾ—।
ਪਤੀ ਦੀ ਮੂੰਹੋਂ ਗਾਲ੍ਹਾਂ ਸੁਣ ਕੇ ਅਨੀਤਾ ਧੁਰ ਅੰਦਰ ਤੱਕ ਕੰਬ ਗਈ ਮਾਨੋਂ ਉਸ ਤੇ ਘੜੇ ਮੂੰਹੀਂ ਪਾਣੀ ਪੈ ਗਿਆ ਹੋਵੇ।ਸੋਚਣ ਲੱਗੀ–ਕੀ ਮੈਂ ਉਹੀ ਅਨੀਤਾ ਹਾਂ ਜੋ “ਮਹਿਲਾ ਜਾਗ੍ਰਤੀ ਕਲੱਬ “ਦੀ ਪ੍ਰਧਾਨ ਹੈ।ਅੱਧਾ ਘੰਟਾ ਪਹਿਲਾਂ ਹੀ ਮੈਂ ਸੈਮੀਨਾਰ ਵਿੱਚ ਔਰਤਾਂ ਦੇ “ਹੱਕ ਅਤੇ ਸਵੈਮਾਣ “ਉੱਤੇ ਜਾਗਰੂਕਤਾ ਭਰਪੂਰ ਭਾਸ਼ਣ ਦੇ ਕੇ ਆਈ ਹਾਂ।ਕਿਵੇਂ ਮੇਰੇ ਵਿਚਾਰਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਸੀ ਤੇ ਤਾੜੀਆਂ ਨਾਲ ਉਹਨਾਂ ਨੇ ਮੇਰੇ ਵਿਚਾਰਾਂ ਨਾਲ ਸਹਿਮਤੀ ਜਤਾਈ ਸੀ।ਪਰ ਹੁਣ, ਮੈਂ ਕਿਉਂ ਨਹੀਂ ਬੋਲ ਰਹੀ? —ਫਿਰ ਆਪੇ ਹੀ ਸੋਚਣ ਲੱਗੀ ਕਿ ਜੇ ਬੋਲਾਂਗੀ ਤਾਂ ਪਤੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦੇਵੇਗਾ ਤੇ ਆਂਢ ਗੁਆਂਢ ਵਿੱਚ ਜੋ ਤਮਾਸ਼ਾ ਬਣੇਗਾ,ਉਹ ਵੱਖਰਾ ।
ਚੁੱਪ ਰਹਿਣ ਵਿੱਚ ਹੀ ਮੇਰੀ ਭਲਾਈ ਹੈ।ਸ਼ਾਇਦ ਜਨਮ -ਘੁੱਟੀ ਨਾਲ ਹੀ ਇਹ ਸ਼ਬਦ ਮੇਰੇ ਖੂਨ ਵਿੱਚ ਰਚਮਿੱਚ ਗਏ ਹਨ ਕਿ ਔਰਤ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ।ਔਰਤ ਦੀ ਜਿੱਥੇ ਡੋਲੀ ਜਾਏ,ਅਰਥੀ ਵੀ ਉੱਥੋਂ ਹੀ ਉੱਠੇ।ਸ਼ਾਇਦ–ਸ਼ਾਇਦ ਇਹਨਾਂ ਸ਼ਬਦਾਂ ਨੇ ਹੀ ਮੇਰੇ ਖੂਨ ਨੂੰ ਬਰਫ ਕਰ ਦਿੱਤਾ ਹੈ, ਮੇਰੀ ਜ਼ੁਬਾਨ ਹੀ ਤਾਲੂ ਨਾਲ ਲੱਗ ਜਾਂਦੀ ਹੈ।
ਦੂਜੇ ਪਲ ਫਿਰ ਅਨੀਤਾ ਨੂੰ ਆਪਣੇ ਭਾਸ਼ਣ ਦੇ ਉਹ ਸ਼ਬਦ—ਮਹਿਲਾ ਰਾਖਵਾਂਕਰਨ—ਬਰਾਬਰ ਦਾ ਹੱਕ—ਆਪਣੀ ਹੋਂਦ—ਸੋਚਣ ਸ਼ਕਤੀ—ਤਾੜੀਆਂ ਦੀ ਆਵਾਜ—ਦਿਮਾਗ ਵਿੱਚ ਗੂੰਜਣ ਲੱਗੇ।ਪਲਾਂ ਵਿੱਚ ਹੀ ਇਉਂ ਲੱਗਿਆ ਜਿਵੇਂ ਉਹ ਅਸਮਾਨ ਵਿੱਚ ਉਡ ਰਹੀ ਹੋਵੇ।ਉਹ ਇੱਕ ਅਜੀਬ ਜਿਹੇ ਦਵੰਦ ਵਿੱਚ ਲੜਖੜਾ ਰਹੀ ਸੀ।ਇੰਨੇ ਵਿੱਚ ਪਤੀ ਦੀ ਗਾਲ੍ਹਾਂ ਨਾਲ ਭਰੀ ਆਵਾਜ਼ ਹਥੌੜੇ ਵਾਂਗੂੰ ਕੰਨਾਂ ਵਿੱਚ ਵੱਜੀ—ਰੋਟੀ ਨਾ ਹੋਗੀ,ਕੋਈ ਪ੍ਰੋਜੈਕਟ ਹੋ ਗਿਆ ਜੋ ਪੂਰਾ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ—‘।”
ਅਨੀਤਾ ਦੇ ਸਬਰ ਦੀ ਇੰਤਹਾ ਹੋ ਗਈ। ਉਸ ਦੇ ਹੱਥ ਬਦੋਬਦੀ ਟੈਲੀਫੋਨ ਤੇ ਚੱਲਣ ਲੱਗੇ।ਹੈਲੋ !ਪੁਲਿਸ ਸਟੇਸ਼ਨ ,”ਕਹਿਣ ਦੀ ਦੇਰ ਸੀ,ਅਨੀਤਾ ਦੇ ਪਤੀ ਦੇ ਮੂੰਹ ਤੇ ਹਵਾਈਆਂ ਉੱਡਣ ਲੱਗੀਆਂ ,ਸਾਰਾ ਨਸ਼ਾ ਕਾਫੂਰ ਹੋ ਗਿਆ। ਲੜਖੜਾਉਂਦੀ ਆਵਾਜ਼ ਵਿੱਚ ਬੋਲਿਆ, “ਪਲੀਜ਼ ਅਨੀਤਾ—-ਪਲੀਜ਼—-ਅੱਗੇ ਤੋਂ ਨਹੀਂ—।
ਕੈਲਾਸ਼ ਠਾਕੁਰ
ਨੰਗਲ ਟਾਊਨਸ਼ਿਪ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly