ਕਪੂਰਥਲਾ (ਸਮਾਜ ਵੀਕਲੀ) ( ਕੌੜਾ)-ਸੰਘਰਾ ਵੈਲਫੇਅਰ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਵੱਲੋਂ ਆਦਿਵਾਸੀਆਂ ਦੇ ਹੱਕਾਂ ਲਈ ਜੂਝਣ ਵਾਲੇ ਮਹਾਨ ਦੇਸ਼ ਭਗਤ ਮਾਨਯੋਗ ਬਿਰਸਾ ਮੁੰਡਾ ਜੀ ਦਾ 146ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਭਗਵਾਨ ਹੈਮਬਰਮ ਬਾਬਾ ਸਾਹਿਬ ਡਾ.ਬੀ.ਆਰ. ਅੰਬੇਦਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਐਸ.ਸੀ./ਐਸ.ਟੀ. ਰੇਲਵੇ ਕਰਮਚਾਰੀ ਐਸੋਸ਼ੀਏਸ਼ਨ ਦੇ ਜ਼ੋਨਲ ਸਕੱਤਰ ਸੋਹਣ ਬੈਠਾ, ਚਿੰਤਕ ਨਿਰਵੈਰ ਸਿੰਘ ਅਤੇ ਸੰਘਰਾ ਦੇ ਜਨਰਲ ਸਕੱਤਰ ਮੈਡਮ ਬਿਬਿਆਨਾ ਏਕਾ ਨੇ ਸਾਂਝੇ ਤੌਰ ਤੇ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਸਕੱਤਰ ਫੈਲੀਕਸ ਲਾਕਰਾ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਜੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਮਹਾਨਾਇਕ ਸਨ। ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਉਨ੍ਹਾਂ ਨੇ ਆਦਿਵਾਸੀਆਂ ਦੀ ਆਜ਼ਾਦੀ ਲਈ ਜ਼ੋਰਦਾਰ ਲੜਾਈ ਲੜੀ। ਸਮਾਗਮ ਦੀ ਸ਼ੁਰੂਆਤ ਮੈਡਮ ਬਿਬਿਆਨਾ ਏਕਾ ਅਤੇ ਬਿਮਲਾ ਪ੍ਰਭਾ ਬਰਾਲਾ ਨੇ ਬਿਰਸਾ ਮੁੰਡਾ ਦੇ ਜੀਵਨ ਨਾਲ ਸਬੰਧਤ ਕ੍ਰਾਂਤੀਕਾਰੀ ਗੀਤ ਗਾ ਕੇ ਕੀਤੀ।
ਪ੍ਰਧਾਨਾਗੀ ਮੰਡਲ ਵੱਲੋਂ ਬਿਰਸਾ ਮੁੰਡਾ ਜੀ ਦੀ ਤਸਵੀਰ ਨੂੰ ਫੁੱਲ ਮਾਲਾ ਭੇਂਟ ਕੀਤੀਆ ਗਈਆਂ। ਇਸ ਸ਼ੁਭ ਮੌਕੇ ‘ਤੇ ਵਧਾਈ ਦਿੰਦਿਆਂ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਸਮਾਗਮ ਦੇ ਮੁੱਖ ਬੁਲਾਰੇ ਧਰਮਪਾਲ ਪੈਂਥਰ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਜੋ ਲੋਕ ਆਪਣੇ ਮਹਾਪੁਰਖਾਂ ਦੇ ਇਤਿਹਾਸ ਨੂੰ ਭੁੱਲ ਜਾਂਦੇ ਹਨ, ਉਹ ਆਪਣੇ ਭਵਿੱਖ ਦਾ ਇਤਿਹਾਸ ਨਹੀਂ ਸਿਰਜ ਸਕਦੇ। ਉਨ੍ਹਾਂ ਲੋਕਾਂ ਨੂੰ ਸਲਾਮ ਕਰਦਾ ਹਾਂ ਜੋ ਆਪਣੇ ਮਹਾਪੁਰਖਾਂ ਦੀ ਵਿਚਾਰਧਾਰਾ ਨੂੰ ਜਿੰਦਾ ਰੱਖਦੇ ਹਨ। ਪੈਂਥਰ ਨੇ ਕਿਹਾ ਕਿ ਬਿਰਸਾ ਮੁੰਡਾ ਜੀ ਨੇ ਅੰਗਰੇਜ਼ ਹਾਕਮਾਂ ਦੀਆਂ ਨੀਤੀਆਂ ਵਿਰੁੱਧ ਆਦਿਵਾਸੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਅਤੇ ਦੇਸ਼ ਦੇ ਕੁਦਰਤੀ ਸੋਮਿਆਂ, ਜਲ ਜ਼ਮੀਨ ਅਤੇ ਜੰਗਲ ਨੂੰ ਬਚਾਉਣ ਲਈ ਸੰਘਰਸ਼ ਕੀਤਾ ਅਤੇ ਸਿਰਫ਼ 25 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ। ਸਾਨੂੰ ਉਨ੍ਹਾਂ ਦੇ ਜੀਵਨ ਅਤੇ ਮਿਸ਼ਨ ਤੋਂ ਸੇਧ ਲੈ ਕੇ ਸਮਾਜ ਨੂੰ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕਰਨੇ ਪੈਣਗੇ।
ਐਸ.ਸੀ./ਐਸ.ਟੀ ਦੇ ਜ਼ੋਨਲ ਸਕੱਤਰ ਸੋਹਣ ਬੈਠਾ, ਜ਼ੋਨਲ ਸਾਬਕਾ ਪ੍ਰਧਾਨ ਪੂਰਨ ਸਿੰਘ ਅਤੇ ਚਿੰਤਕ ਨਿਰਵੈਰ ਸਿੰਘ ਆਦਿ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜਨਮ ਦਿਨ ਉਨ੍ਹਾਂ ਲੋਕਾਂ ਦੇ ਮਨਾਏ ਜਾਂਦੇ ਹਨ ਜੋ ਲੋਕ ਦੇਸ਼ ਅਤੇ ਸਮਾਜ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਦੇ ਹਨ। ਸਮਾਜ ਲਈ ਆਪਣੇ ਸਵਾਰਥਾਂ ਨੂੰ ਤਿਆਗ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ। ਸਮੇਂ ਸਮੇਂ ਤੇ ਬਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਆਦਿਵਾਸੀ ਲੋਕ ਜੰਗਲ, ਪਾਣੀ, ਜ਼ਮੀਨ ਤੋਂ ਉਜਾੜੇ ਜਾ ਰਹੇ ਹਨ। ਪਰੰਤੂ ਇਹ ਲੋਕ ਸਾਡੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਲੜ ਰਹੇ ਹਨ। ਸਾਡੇ ਦੇਸ਼ ਦੀਆਂ ਸਰਕਾਰਾਂ ਸਰਮਾਏਦਾਰਾਂ ਨੂੰ ਜਲ, ਜੰਗਲ ਅਤੇ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ, ਜਿਹੜੇ ਆਦਿਵਾਸੀ ਲੋਕ ਇਸ ਦੀ ਰਾਖੀ ਲਈ ਅੱਗੇ ਆ ਰਹੇ ਹਨ, ਉਨ੍ਹਾਂ ਨੂੰ ਜੇਲਾਂ ਵਿੱਚ ਬੰਦ, ਦੇਸ਼ ਵਿਰੋਧੀ ਅਤੇ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਹੈ। ਅਜਿਹਾ ਹੀ ਸਾਡੇ ਸਮਾਜ ਦੇ ਮਹਾਂਪੁਰਖਾਂ ਨਾਲ ਸਦੀਆਂ ਤੋਂ ਹੋ ਰਿਹਾ ਹੈ। ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਹ ਆਦਿਵਾਸੀ ਲੋਕ ਬਹੁਤ ਹੀ ਤਰਸਯੋਗ ਹਾਲਤਾਂ ਵਿੱਚ ਜੀਵਨ ਬਸਰ ਕਰ ਰਹੇ ਹਨ ਇਨ੍ਹਾਂ ਲਈ ਬੁਨਿਆਦੀ ਸਹੂਲਤਾਂ ਅਤੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤਾਂਕਿ ਇਹ ਦੇਸ਼ ਦੀ ਮੁਖ ਧਾਰਾ ਵਿੱਚ ਸ਼ਾਮਿਲ ਹੋ ਸਕਣ।
ਸੰਸਥਾ ਦੀ ਮੀਤ ਪ੍ਰਧਾਨ ਮੈਡਮ ਬਿਮਲਾ ਪ੍ਰਭਾ ਬਰਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਮਾਗਮ ਵਿੱਚ ਸ਼ਾਮਲ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਸੁੰਦਰ ਸਿੰਘ ਮੁਰਮੂ, ਐਲਬੀਸ ਕਚਸ਼ਪ, ਜੁਗੀਆ ਓਰਾਉਂ, ਜੈਕਸਨ ਕੇਰਕੇਟਾ, ਲਖਨ ਪਾਹਨ, ਐਲਜਾਬੈਥ ਟਿਰਕੀ, ਸੁਨਾਮੀ ਲਾਕਰਾ, ਸੁਮਿੱਤਰਾ ਹੈਮਬਰਮ, ਮਾਨ ਸਿੰਘ ਮਾਰਡੀ, ਨੰਦੂ ਬਾਨਰਾ, ਬੀਰ ਸਿੰਘ ਸੋਰਨ, ਅਸ਼ੀਸ਼ ਮੰਡੀ ਅਤੇ ਨਵੀਨ ਚੰਦਰ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly