ਬਿਨ ਕੱਫਣੋਂ ਪੁੱਤਰ ਤੋਰ ਕੇ ਵੀ ਕਰਦੀ ਰਹੀ ਛਾਵਾਂ

(ਸਮਾਜ ਵੀਕਲੀ)

           ਮਲਕੀਤ ਹਰਦਾਸਪੁਰੀ

ਮਾਤਾ ਰਮਾਂ ਬਾਈ ਜੀ ਤੇਰੀ ਸੋਚ ਨੂੰ,
ਲੱਖ ਸੀਸ ਨਿਭਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਤੇਰੀ ਸਿਫਤ ਲਿਖਣ ਲਈ ਮਾਤਾ,
ਸ਼ਬਦ ਲਿਆਵਾਂ ਕਿਥੋਂ।
ਤੇਰੇ ਵਰਗੀ ਮਾਤਾ ਦਿਸਦੀ ਨਹੀਂ,
ਸੰਸਾਰ ਦੇ ਵਿੱਚੋਂ।
ਤੇਰੀ ਕਿਰਪਾ ਨਾਲ ਹੀ ਹੋਈਆਂ ਨੇ,
ਸਭ ਦੂਰ ਵਲਾਮਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਹੀ ਛਾਵਾਂ।

ਬਾਬਾ ਸਾਹਿਬ ਦੇ ਪਿੱਛੇ ਮਾਤਾ,
ਵਾਂਗ ਚਟਾਨ ਤੂੰ ਖੜਗੀ।
ਸੀ ਕਿਹੜੀ ਮੁਸ਼ਕਲ ਦੁਨੀਆਂ ਦੀ,
ਤੇਰੇ ਅੱਗੇ ਅੜਦੀ ।
ਐਸਾ ਧਰਮ ਨਿਭਾਇਆ ਖੋਲ੍ਹੀਆਂ ਤੂੰ,
ਸਾਡੇ ਸੁੱਖ ਦੀਆਂ ਰਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਤੂੰ ਬੱਚੇ ਚਾਰ ਮਨੁੱਖਤਾ ਦੇ ਲਈ,
ਮਾਤਾ ਵਾਰੇ।
ਤੂੰ ਦੁੱਖ ਦੁਨੀਆਂ ਦੇ ਸੀਨੇ ਵਿੱਚ,
ਸਮੋ ਲਏ ਸਾਰੇ।
ਮਾਤਾ ਤੇਰੀ ਇਸ ਕੁਰਬਾਨੀ ਨੂੰ ਮੈਂ,
ਕਿਵੇਂ ਬੁਲਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਤੇਰੇ ਕਦਮ ਕਦਮ ਤੇ ਮੁਸ਼ਕਲ ਸੀ,
ਦੁੱਖਾਂ ਦੇ ਟੁੱਟ ਪਹਾੜ ਗਏ।
ਤੇਰੇ ਪਰਨ ਹੌਸਲੇ ਅੱਗੇ ਮਾਂ,
ਸਭ ਇੱਕ ਇੱਕ ਕਰਕੇ ਹਾਰ ਗਏ।
ਰਹਿਮਤ ਦੀਆਂ ਝੜੀਆਂ ਲਾਉਂਦੀ ਰਈ,
ਵਿੱਚ ਬੰਜਰ ਥਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਰਹੀ ਤਰਸਦੀ ਇੱਕ ਇੱਕ ਪੈਸੇ ਨੂੰ,
ਤੂੰ ਆਸ ਦੇ ਦੀਪ ਜਗਾਉਦੀ ਰਈ।
ਗੋਹਾ ਪੱਥ ਪੱਥ ਏਨਾਂ ਤੰਗੀਆਂ ਵਿੱਚ,
ਬਾਬਾ ਸਾਹਿਬ ਨੂੰ ਪੈਸੇ ਪਾਉਂਦੀ ਰਈ।
ਮਾਤਾ ਤੇਰੇ ਪਰਉਪਕਾਰਾਂ ਦਾ,
ਕਿਵੇਂ ਕਰਜ ਚੁਕਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਭਾਵੇਂ ਅੱਤ ਦੀ ਰਹੀ ਗਰੀਬੀ ਸੀ,
ਭੈੜੇ ਦੁੱਖ ਵੀ ਬੜੇ ਕਰੀਬੀ ਸੀ।
ਕਹਿਰ ਦੇ ਫਾਕਿਆਂ ਅੰਦਰ ਪਾ ਗਏ ਮਾਂ,
ਤੇਰੇ ਬੱਚੇ ਚਾਰ ਸ਼ਹੀਦੀ ਸੀ।
ਤੇਰੀ ਦਰਦ ਭਰੀ ਇਸ ਗਾਥਾ ਨੂੰ,
ਮੈਂ ਕਿਵੇਂ ਸੁਣਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਮਾਤਾ ਤੇਰੀ ਅਣਥੱਕ ਮਿਹਨਤ ਨੇ,
ਸਾਡੇ ਐਸੇ ਭਰ ਭੰਡਾਰ ਦਿੱਤੇ।
ਏਨਾ ਦਿੱਤਾ ਕਦੇ ਵੀ ਮੁਕਦਾ ਨਈਂ,
ਕੁਲੀਆਂ ਤੋਂ ਮਹਿਲ ਉਸਾਰ ਦਿੱਤੇ।
ਧਰਤੀ ਵੀ ਕਾਗਜ਼ ਬਣ ਜਾਵੇ,
ਗੁਣ ਲਿਖ ਨਾਂ ਪਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

ਲੱਖ ਦੁੱਖਾਂ ਤੈਨੂੰ ਘੇਰ ਲਿਆ,
ਤੂੰ ਸਭਨਾਂ ਲਈ ਸੁੱਖ ਮੰਗਦੀ ਰਈ।
ਭਾਵੇਂ ਰੋਟੀ ਦੇ ਲਾਲੇ ਰਏ,
ਤੂੰ ਬੁੱਕਾਂ ਭਰ ਭਰ ਵੰਡਦੀ ਰਈ।
ਹਰਦਾਸਪੁਰੀ ਐਸੀ ਮਾਤਾ ਦੇ,
ਗੁਣ ਕੀ ਕੀ ਗਾਵਾਂ।
ਬਿਨ ਕੱਫਣੋਂ ਪੁੱਤਰ ਤੋਰ ਕੇ ਵੀ,
ਕਰਦੀ ਰਈ ਛਾਵਾਂ।

‘ਮਲਕੀਤ ਹਰਦਾਸਪੁਰੀ’ ✍️
ਫੋਨ-.0030694724976

Previous articleSwearing-in ceremony of new cabinet ministers underway in K’taka
Next articleदुनिया के 20 सबसे धनी देशों में बढ़ रही आधुनिक दासता की सूची में भारत शीर्ष पर, 1.1 करोड़ से अधिक लोगों से कराई जा रही जबरन मजदूरी या विवाह देश के लिए भयावह