ਭਿਖਸ਼ੂ ਸ਼ਾਂਤੀ ਦੇ ਪੁੰਜ ਹੁੰਦੇ ਹਨ, ਉਨਾਂ ‘ਤੇ ਅੱਤਿਆਚਾਰ ਕਰਨਾ ਘੋਰ ਪਾਪ ਹੈ -ਭੰਤੇ ਚੰਦਰ ਕੀਰਤੀ
ਆਪਣੇ ਨਿੱਜੀ ਮੱਤਭੇਦ ਭੁਲਾ ਕੇ ਬੋਧ ਗਯਾ ਮੁਕਤੀ ਅੰਦੋਲਨ ਵਿੱਚ ਸ਼ਾਮਿਲ ਹੋਵੋ -ਐਡਵੋਕੇਟ ਸਾਂਪਲਾ
ਸਮਾਜ ਵੀਕਲੀ ਯੂ ਕੇ-
ਜਲੰਧਰ, 03 ਫਰਵਰੀ (ਪਰਮਜੀਤ ਜੱਸਲ)- ਅੱਜ ਭਿਖਸ਼ੂ ਚੰਦਰ ਕੀਰਤੀ ਦੀ ਅਗਵਾਈ ਵਿੱਚ ਪੰਜਾਬ ਦੇ ਬੁੱਧਿਸਟਾਂ, ਅੰਬੇਡਕਰੀਆਂ ਅਤੇ ਮਾਨਵਤਾਵਾਦੀਂਆ ਵਲੋਂ ਬਿਹਾਰ ਸਟੇਟ ਦੀ ਪੁਲਿਸ ਵਿਰੁੱਧ ਡੀ.ਸੀ. ਦਫ਼ਤਰ ਜਲੰਧਰ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਬੁੱਧੀਜੀਵੀ ਮੰਗਾਂ ਦੇ ਬੈਨਰ ਲੈ ਕੇ ਮੁਜ਼ਾਰਾ ਕਰਦੇ ਹੋਏ ਡੀਸੀ ਦਫਤਰ ਪਹੁੰਚੇ। ਉਨਾਂ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਤੇ ਮੁੱਖ ਮੰਤਰੀ ਬਿਹਾਰ ਨੂੰ ਜਲੰਧਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਮੈਂਮੋਰੰਡਮ ਦਿੱਤਾ ਗਿਆ। ਜਿਸ ‘ਚ ਸ਼ਾਂਤਮਈ ਢੰਗ ਨਾਲ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਭਿਖਸ਼ੂਆਂ ਅਤੇ ਉਪਾਸਕਾਂ ਨੇ ਧਰਨਾ ਦਿੱਤਾ ਹੋਇਆ ਸੀ। ਅੱਧੀ ਰਾਤ ਸਮੇਂ ਬਿਹਾਰ ਦੀ ਪੁਲਿਸ ਨੇ ਬੁੱਧਿਸਟਾਂ ‘ਤੇ ਹਮਲਾ ਕੀਤਾ। ਪੁਲਿਸ ਨੇ ਬਜ਼ੁਰਗ ਅਤੇ ਮਹਿਲਾ ਭਿਖਸ਼ੂਆਂ ਨੂੰ ਘੜੀਸ ਕੇ ਬੇਇੱਜ਼ਤ ਕੀਤਾ ਅਤੇ ਧਰਨੇ ਤੋਂ ਉਠਾ ਕੇ ਅਣਪਛਾਤੀ ਜਗਾ ਲੈ ਗਏ। ਜਿਸ ਦੀ ਦੇਸ਼ -ਵਿਦੇਸ਼ ਦੇ ਬੁੱਧਿਸਟਾਂ, ਅੰਬੇਡਕਰੀਆਂ ਅਤੇ ਹੋਰ ਸਭਾਵਾਂ ਦੇ ਅਹੁਦੇਦਾਰਾਂ, ਉਪਾਸਕਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੈਮੋਰੰਡਮ ਵਿੱਚ ਬਿਹਾਰ ਸਟੇਟ ਦੀ ਪੁਲਿਸ ਦੇ ਮੁਲਾਜ਼ਮਾਂ ਐਸ.ਡੀ.ਐਮ. ਅਤੇ ਡੀ.ਐਮ. ਉੱਪਰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਮੰਗ ਕੀਤੀ ਹੈ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਕੇ, ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ।
ਇਸ ਮੌਕੇ ‘ਤੇ ਭਿਖਸ਼ੂ ਚੰਦਰ ਕੀਰਤੀ ਨੇ ਤ੍ਰੀਸ਼ਰਨ ਅਤੇ ਪੰਚਸ਼ੀਲ ਕੀਤੀ। ਉਹਨਾਂ ਕਿਹਾ ਕਿ ਭਿਖਸ਼ੂ ਸ਼ਾਂਤੀ ਦੇ ਪੁੰਜ ਹੁੰਦੇ ਹਨ, ਉਹਨਾਂ ਉੱਤੇ ਅੱਤਿਆਚਾਰ ਕਰਨਾ ਪਾਪ ਹੈ। ਪਾਪੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ।
ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ, ਇਕੱਠੇ ਹੋ ਕੇ ਬੋਧ ਗਯਾ ਮੁਕਤੀ ਅੰਦੋਲਨ ਦਾ ਤਨ, ਮਨ ਤੇ ਧੰਨ ਨਾਲ ਸਾਥ ਦੇਣਾ ਚਾਹੀਦਾ ਹੈ। ਇਹ ਅੰਦੋਲਨ ਸਾਡੇ ਸਭ ਦਾ ਸਾਂਝਾ ਅੰਦੋਲਨ ਹੈ। ਬੋਧੀਆਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਣਾ ਹੈ। ਬਲਦੇਵ ਰਾਜ ਭਾਰਦਵਾਜ ਨੇ ਕਿਹਾ ਕਿ ਡਾ. ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ) ਪੰਜਾਬ, ਬੁੱਧਿਸਟ ਭਿਖਸ਼ੂਆਂ, ਉਪਾਸਕਾਂ, ਅੰਬੇਡਕਰੀਆਂ, ਬੋਧੀ ਆਗੂਆਂ, ਬੁੱਧੀਜੀਵੀਆਂ ਦੇ ਪੂਰਨ ਸਹਿਯੋਗ ਨਾਲ ਬੋਧ ਗਯਾ ਮੁਕਤੀ ਅੰਦੋਲਨ ਦੇ ਹੱਕ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਡਾ. ਅੰਬੇਡਕਰ ਚੌਂਕ ਜਲੰਧਰ ਵਿੱਚ 6 ਮਾਰਚ 2025 ਨੂੰ ਸਵੇਰੇ 9 ਵਜੇ ਰੱਖੀ ਗਈ ਹੈ, ਸਾਰੇ ਹੁੰਮ -ਹੁੰਮਾ ਕੇ ਪਹੁੰਚੋ ਅਤੇ ਬਿਹਾਰ ਸਰਕਾਰ ਦਾ ਭਾਂਡਾ ਭੰਨੋ। ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਨੇ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਰੰਤ ਬੋਧ ਗਯਾ ਮੁਕਤੀ ਅੰਦੋਲਨ ‘ਚ ਧਰਨੇ ਵਾਲੀ ਥਾਂ ਡੁਮਹਾ ਬੋਧ ਗਯਾ ਪਹੁੰਚਣ ਦੀ ਅਪੀਲ ਕੀਤੀ। ਇਹਨਾਂ ਤੋਂ ਇਲਾਵਾ ਹਰਮੇਸ਼ ਜੱਸਲ, ਚੰਚਲ ਬੌਧ, ਅਜੇ ਕੁਮਾਰ, ਡਾਕਟਰ ਅਵਿਨਾਸ਼ ਸੋਂਧੀ, ਡਾ. ਗੁਰਪਾਲ ਚੌਹਾਨ, ਚਮਨ ਸਾਂਪਲਾ, ਰਣਜੀਵ ਕੁਮਾਰ, ਅਜੀਤ ਬੌਧ, ਮੁੰਨਾ ਲਾਲ ਬੋਧ, ਨਿਰਮਲ ਬਿੰਜੀ, ਰਜਿੰਦਰ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਕੇਵਲ ਬੱਤਰਾ, ਮਨਦੀਪ ਕੁਮਾਰ, ਰਾਮ ਨਾਥ ਸੁੰਢਾ, ਮੁਲਖ ਰਾਜ, ਨਰਿੰਦਰ ਕੁਮਾਰ ਬੌਧ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਹਾਜ਼ਰ ਸਨ।