- ਸਰਕਾਰ ਵੱਲੋਂ ਲੋਕਾਂ ਨੂੰ ਬੇਲੋੜੀ ਯਾਤਰਾ ਤੇ ਭੀੜ-ਭੜੱਕੇ ਤੋਂ ਬਚਣ ਦੀ ਸਲਾਹ
- ਫਰਵਰੀ ’ਚ ਹੋ ਸਕਦੀ ਹੈ ਤੀਜੀ ਕਰੋਨਾ ਲਹਿਰ ਦੀ ਸਿਖਰ
ਨਵੀਂ ਦਿੱਲੀ(ਸਮਾਜ ਵੀਕਲੀ): ਸਰਕਾਰ ਨੇ ਅੱਜ ਕਿਹਾ ਕਿ ਕੁੱਲ ਆਲਮ ਨੂੰ ਓਮੀਕਰੋਨ ਦੇ ਰੂਪ ਵਿੱਚ ਵੱਡਾ ਖ਼ਤਰਾ ਦਰਪੇਸ਼ ਹੈ ਤੇ ਵੱਖ ਵੱਖ ਮੁਲਕ ਕੋਵਿਡ ਦੀ ਚੌਥੀ ਲਹਿਰ ਨਾਲ ਜੂਝ ਰਹੇ ਹਨ ਤੇ ਪਾਜ਼ੇਟਿਵਿਟੀ ਦਰ 6.1 ਫੀਸਦ ਹੈ, ਜਿਸ ਕਰਕੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਸਕਦੀ। ਆਉਂਦੇ ਦਿਨਾਂ ’ਚ ਓਮੀਕਰੋਨ ਦੇ ਨਵੇਂ ਕੇਸ ਵਧਣ ਦੀਆਂ ਸੰਭਾਵਨਾਵਾਂ ਦਰਮਿਆਨ ਸਰਕਾਰ ਨੇ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਵੇਂ ਸਰੂਪ ਨੂੰ ਲੈ ਕੇ ਅਵੇਸਲੇ ਨਾ ਹੋਣ ਤੇ ਕਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੀਆਂ ਲੱਭਤਾਂ ਦੇ ਹਵਾਲੇ ਨਾਲ ਕਿਹਾ ਕਿ ਡੈਲਟਾ ਸਰੂਪ ਦੇ ਮੁਕਾਬਲੇ ‘ਓਮੀਕਰੋਨ’ ਵੱਧ ਤੇਜ਼ੀ ਨਾਲ ਫੈਲਦਾ ਹੈ ਤੇ ਲਾਗ ਦੇ ਕੇਸ ਡੇਢ ਤੋਂ ਤਿੰਨ ਦਿਨਾਂ ਵਿੱਚ ਦੁੱਗਣੇ ਹੋ ਜਾਂਦੇ ਹਨ।
ਸਰਕਾਰ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਪ੍ਰਹੇਜ਼ ਰੱਖਣ ਲਈ ਵੀ ਕਿਹਾ ਹੈ। ਉਧਰ ਆਈਆਈਟੀ ਕਾਨਪੁਰ ਦੇ ਖੋਜਾਰਥੀਆਂ ਨੇ ਇਕ ਸਰਵੇਖਣ ਵਿੱਚ ਦਾਅਵਾ ਕੀਤਾ ਹੈ ਕਿ ਅਗਲੇ ਸਾਲ 3 ਫਰਵਰੀ ਤੱਕ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਸਿਖਰ ’ਤੇ ਹੋ ਸਕਦੀ ਹੈ। ਖੋਜਾਰਥੀਆਂ ਦੀ ਇਹ ਪੇਸ਼ੀਨਗੋਈ ਆਲਮੀ ਪੱਧਰ ’ਤੇ ਕਈ ਮੁਲਕਾਂ ਵਿੱਚ ਕਰੋਨਾਵਾਇਰਸ ਦੇ ਓਮੀਕਰੋਨ ਸਰੂਪ ਦੇ ਵਧਦੇ ਕੇਸਾਂ ਦੇ ਰੁਝਾਨ ’ਤੇ ਅਧਾਰਿਤ ਹੈ। ਮਹਾਮਾਰੀ ਨੂੰ ਲੈ ਕੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਕਰੋਨਾ ਦਾ ਡੈਲਟਾ ਸਰੂਪ ਅਜੇ ਵੀ ਭਾਰੂ ਹੈ, ਜਿਸ ਲਈ ਮਾਸਕ ਤੇ ਸਮਾਜਿਕ ਦੂਰੀ ਨੇਮਾਂ ਤੋਂ ਇਲਾਵਾ ਹੋਰਨਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੇ ਟੀਕਾਕਰਨ ਦਾ ਘੇਰਾ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪੀੜਤ ਵਿਅਕਤੀ ਵਿਸ਼ੇਸ਼ ਨੂੰ ਕਿਸੇ ਵੱਖਰੇ ਇਲਾਜ ਦੀ ਲੋੜ ਨਹੀਂ ਤੇ ਉਸ ਨੂੰ ਡੈਲਟਾ, ਅਲਫਾ ਜਾਂ ਬੀਟਾ ਸਰੂਪ ਲਈ ਦਿੱਤਾ ਜਾਂਦਾ ਟਰੀਟਮੈਂਟ ਹੀ ਮਿਲੇਗਾ।
ਸਰਕਾਰ ਨੇ ਪ੍ਰਾਈਵੇਟ ਸਿਹਤ ਸੈਕਟਰ ਨੂੰ ਅਪੀਲ ਕੀਤੀ ਉਹ ਤਿਆਰ-ਬਰ ਤਿਆਰ ਰਹੇ ਕਿਉਂਕਿ ਮਹਾਮਾਰੀ ਦੇ ਪ੍ਰਬੰਧਨ ਵਿੱਚ ਉਸ ਦੀ ਅਹਿਮ ਭੂਮਿਕਾ ਹੋਵੇਗੀ। ਸਰਕਾਰ ਮੁਤਾਬਕ ਭਾਰਤ ਦੀ 61 ਫੀਸਦ ਬਾਲਗ ਆਬਾਦੀ ਦਾ ਕੋਵਿਡ-19 ਖਿਲਾਫ਼ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ ਜਦੋਂਕਿ 89 ਫੀਸਦ ਨੂੰ ਪਹਿਲੀ ਖੁੁਰਾਕ ਲੱਗ ਚੁੱਕੀ ਹੈ। ਸਰਕਾਰ ਨੇ ਕਿਹਾ ਕਿ ਓਮੀਕਰੋਨ ਸਰੂਪ ਦੇ ਹੁਣ ਤੱਕ 358 ਕੇਸ ਰਿਪੋਰਟ ਹੋੲੇ ਹਨ ਤੇ ਇਨ੍ਹਾਂ ਵਿੱਚੋਂ 183 ਕੇਸਾਂ ਦੀ ਕੀਤੀ ਸਮੀਖਿਆ ਤੋਂ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚ 87 ਵਿਅਕਤੀ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਸੀ ਜਦੋਂਕਿ ਤਿੰਨ ਜਣਿਆਂ ਨੂੰ ਬੂਸਟਰ ਡੋਜ਼ ਲੱਗੀ ਹੋਈ ਸੀ ਤੇ 121 ਜਣਿਆਂ ਦੀ ਵਿਦੇਸ਼ ਯਾਤਰਾ ਦੀ ਹਿਸਟਰੀ ਸੀ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਦੇ ਨਵੇਂ ਸਰੂਪ ਦੇ 122 ਹੋਰ ਕੇਸਾਂ, ਜੋ ਇਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ, ਨਾਲ ਦੇਸ਼ ਵਿੱਚ ਓਮੀਕਰੋਨ ਦੀ ਲਾਗ ਦੇ ਕੇਸਾਂ ਦੀ ਗਿਣਤੀ ਵਧ ਕੇ 358 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਨਵਿਆਏ ਅੰਕੜਿਆਂ ਮੁਤਾਬਕ ਓਮੀਕਰੋਨ ਸਰੂਪ ਦੇ 358 ਕੇਸ 17 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ। 88 ਕੇਸਾਂ ਨਾਲ ਮਹਾਰਾਸ਼ਟਰ ਇਸ ਸੂਚੀ ਵਿੱਚ ਸਿਖਰ ’ਤੇ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly