ਵਾਸ਼ਿੰਗਟਨ, 12 ਜੁਲਾਈ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਵੀ ਦੱਖਣੀ ਚੀਨ ਸਾਗਰ ’ਚ ਚੀਨ ਦੇ ਤਕਰੀਬਨ ਸਾਰੇ ਅਹਿਮ ਸਮੁੰਦਰੀ ਦਾਅਵਿਆਂ ਨੂੰ ਖਾਰਜ ਕਰਨ ਸਬੰਧੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਹੈ। ਪ੍ਰਸ਼ਾਸਨ ਨੇ ਚੀਨ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਵਿਵਾਦਤ ਖੇਤਰ ਫਿਲਪੀਨਜ਼ ’ਤੇ ਜੇਕਰ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਇਆ ਤਾਂ ਅਮਰੀਕਾ ਇੱਕ ਆਪਸੀ ਰੱਖਿਆ ਸਮਝੌਤੇ ਤਹਿਤ ਜਵਾਬੀ ਕਾਰਵਾਈ ਕਰੇਗਾ।
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਇਹ ਸਖਤ ਸੰਦੇਸ਼ ਚੀਨ ਦੇ ਦਾਅਵਿਆਂ ਖ਼ਿਲਾਫ਼ ਫਿਲਪੀਨਜ਼ ਦੇ ਪੱਖ ’ਚ ਕੌਮਾਂਤਰੀ ਟ੍ਰਿਬਿਊਨਲ ਦੇ ਫ਼ੈਸਲੇ ਦੇ ਇਸ ਹਫ਼ਤੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਸਾਹਮਣੇ ਆਇਆ ਹੈ। ਚੀਨ ਹਾਲਾਂਕਿ ਇਸ ਫ਼ੈਸਲੇ ਨੂੰ ਖਾਰਜ ਕਰਦਾ ਰਿਹਾ ਹੈ। ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਟ੍ਰਿਬਿਊਨਲ ਦੇ ਫ਼ੈਸਲੇ ਦੀ ਹਮਾਇਤ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਚੀਨ ਦੇ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਜਲ ਖੇਤਰ ਦੇ ਬਾਹਰ ਦੱਖਣੀ ਚੀਨ ਸਾਗਰ ’ਚ ਉਸ ਦੇ ਤਕਰੀਬਨ ਸਾਰੇ ਸਮੁੰਦਰੀ ਦਾਅਵਿਆਂ ਨੂੰ ਗ਼ੈਰਕਾਨੂੰਨੀ ਮੰਨਦਾ ਹੈ। ਬੀਤੇ ਦਿਨ ਬਾਇਡਨ ਪ੍ਰਸ਼ਾਸਨ ਨੇ ਟਰੰਪ ਪ੍ਰਸ਼ਾਸਨ ’ਚ ਵਿਦੇਸ਼ ਮੰਤਰੀ ਰਹੇ ਮਾਈਕ ਪੌਂਪੀਓ ਦੀਆਂ ਇਹੀ ਗੱਲਾਂ ਦੁਹਰਾਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly