ਵਾਸ਼ਿੰਗਟਨ, (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲੋਕਤੰਤਰ ਬਾਰੇ ਦੋ ਦਿਨੀਂ ਡਿਜੀਟਲ ਸਿਖਰ ਸੰਮੇਲਨ ਦੀ ਸਮਾਪਤੀ ਚੁਣਾਵੀ ਇਮਾਨਦਾਰੀ ਦੇ ਮਹੱਤਵ ’ਤੇ ਰੌਸ਼ਨੀ ਪਾਉਂਦਿਆਂ ਤਾਨਾਸ਼ਾਹੀ ਹਕੂਮਤਾਂ ਦਾ ਮੁਕਾਬਲਾ ਕਰਨ ਅਤੇ ਆਜ਼ਾਦ ਮੀਡੀਆ ਨੂੰ ਮਜ਼ਬੂਤ ਬਣਾਉਣ ਦੇ ਅਹਿਦ ਨਾਲ ਕੀਤਾ। ਸਿਖਰ ਸੰਮੇਲਨ ਦੇ ਪਹਿਲੇ ਦਿਨ ਬਾਇਡਨ ਨੇ ਆਜ਼ਾਦ ਮੀਡੀਆ, ਭ੍ਰਿਸ਼ਟਾਚਾਰ ਵਿਰੋਧੀ ਕੰਮਾਂ ਅਤੇ ਹੋਰਾਂ ਦੀ ਹਮਾਇਤ ਕਰਨ ਲਈ ਦੁਨੀਆ ਭਰ ’ਚ 42.4 ਕਰੋੜ ਡਾਲਰ ਤੱਕ ਖ਼ਰਚ ਕਰਨ ਦੀ ਅਮਰੀਕੀ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਦੁਨੀਆ ਭਰ ’ਚ ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਵਾਲੇ ਹਾਲਾਤ ਨਾਲ ਸਿੱਝਣ ਲਈ ਆਲਮੀ ਆਗੂਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਚੀਨ ਅਤੇ ਰੂਸ ਦਾ ਨਾਮ ਲਏ ਬਿਨਾਂ ਵਾਰ-ਵਾਰ ਇਹ ਆਖਿਆ ਕਿ ਅਮਰੀਕਾ ਅਤੇ ਹਮਖਿਆਲ ਵਿਚਾਰਧਾਰਾ ਵਾਲੇ ਸਾਥੀਆਂ ਨੂੰ ਦੁਨੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਲੋਕਤੰਤਰ, ਤਾਨਾਸ਼ਾਹੀ ਦੇ ਮੁਕਾਬਲੇ ’ਚ ਸਮਾਜ ਲਈ ਬਿਹਤਰ ਸਾਧਨ ਹੈ। ਵੀਰਵਾਰ ਨੂੰ ਸ਼ੁਰੂ ਹੋਏ ਇਸ ਸੰਮੇਲਨ ਦੀ ਅਮਰੀਕਾ ਦੇ ਮੁੱਖ ਵਿਰੋਧੀਆਂ ਅਤੇ ਹੋਰ ਮੁਲਕਾਂ ਨੇ ਆਲੋਚਨਾ ਕੀਤੀ ਸੀ ਜਿਨ੍ਹਾਂ ਨੂੰ ਇਸ ’ਚ ਸ਼ਮੂਲੀਅਤ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਸਿਖਰ ਸੰਮੇਲਨ ਦੌਰਾਨ ਕਈ ਆਗੂਆਂ ਨੇ ਲੋਕਤੰਤਰ ਦੇ ਹਾਲਾਤ ਬਾਰੇ ਆਪਣੇ ਆਪਣੇ ਬਿਆਨ ਦਿੱਤੇ। ਸਿਖਰ ਸੰਮੇਲਨ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਯੂਕਰੇਨ ਸਰਹੱਦ ’ਤੇ ਰੂਸ ਨੇ ਵੱਡੇ ਪੱਧਰ ’ਤੇ ਫ਼ੌਜ ਦੀ ਤਾਇਨਾਤੀ ਕੀਤੀ ਹੋਈ ਹੈ ਅਤੇ ਬਾਇਡਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਫ਼ੌਜ ਨੂੰ ਪਿੱਛੇ ਹਟਾਉਣ ਲਈ ਦਬਾਅ ਬਣਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਡੀਮੀਰ ਜ਼ੈਲੇਂਸਕੀ ਨੇ ਟਵਿੱਟਰ ’ਤੇ ਕਿਹਾ ਕਿ ਲੋਕਤੰਤਰ ਮਿਲਦਾ ਨਹੀਂ ਹੈ ਸਗੋਂ ਇਸ ਨੂੰ ਹਾਸਲ ਕਰਨ ਲਈ ਲੜਨਾ ਪੈਂਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly