(ਸਮਾਜ ਵੀਕਲੀ) ਇਹ 1971 ਦੇ ਨੇੜੇ ਤੇੜੇ ਦੀ ਗੱਲ ਹੈ ਕਿ ਅਸੀਂ ਪਿੰਡ ਵਿੱਚ ਗੱਲ ਸੁਣੀ ਕਿ ਇੱਕ ਅਜਿਹਾ ਸਾਈਕਲ ਆਇਆ ਹੈ ਜਿਸਨੂੰ ਜਦੋਂ ਮਰਜੀ ਮੋਟਰ ਸਾਈਕਲ ਵਾੰਗੂ ਵਰਤ ਲਵੋ ਤੇ ਜਦੋਂ ਮਰਜੀ ਪੈਡਲਾਂ ਨਾਲ ਚਲਾ ਲਵੋ। ਪਾਪਾ ਜੀ ਮੇਰੇ ਨਾਨਕੇ ਪਿੰਡ ਬਾਦੀਆਂ ਗਏ ਅਤੇ ਆਉਂਦੇ ਹੋਏ ਮਲੋਟ ਉਹ ਮੋਟਰ ਵਾਲਾ ਸਾਈਕਲ ਵੇਖਣ ਚਲੇ ਗਏ। ਲਾਲ ਰੰਗ ਦੇ ਉਸ ਸਾਈਕਲ ਤੇ ਛੋਟੀ ਜਿਹੀ ਮੋਟਰ ਲੱਗੀ ਹੋਈ ਸੀ। ਲੇਡੀ ਸਾਈਕਲ ਵਾੰਗੂ ਛੋਟੀ ਜਿਹੀ ਕਾਠੀ ਅਤੇ ਪਿੱਛੇ ਸਟੀਲ ਦਾ ਕੈਰੀਅਰ ਸੀ। ਪਾਪਾ ਜੀ ਨੇ ਕੋਈਂ ਸਾਢੇ ਤੇਰਾਂ ਸੌ ਚ ਉਹ ਮੋਟਰ ਸਾਈਕਲ ਨੁਮਾ ਸਾਈਕਲ ਖਰੀਦ ਲਿਆ। ਆਮ ਆਦਮੀ ਲਈ ਉਸ ਦੀ ਕਾਠੀ ਤੇ ਜਾਂ ਕੈਰੀਅਰ ਤੇ ਬੈਠਣਾ ਸੌਖਾ ਨਹੀਂ ਸੀ। ਫਿਰ ਵੀ ਉਹ ਮੇਰੇ ਵੱਡੇ ਮਾਮੇ ਨੂੰ ਨਾਲ ਲੈਕੇ ਮਲੋਟ ਤੋਂ ਰਾਤੀ ਨੋ ਕੁ ਵਜ਼ੇ ਘੁਮਿਆਰੇ ਆ ਗਏ ਅਤੇ ਸਵੇਰੇ ਸਵੱਖਤੇ ਹੀ ਵਾਪਿਸ ਚਲੇ ਗਏ। ਉਹ ਉਸ ਮੋਟਰ ਸਾਈਕਲ ਤੇ ਫਤੇਹਾਬਾਦ ਅਤੇ ਆਪਣੇ ਹਲਕੇ ਬੀਰਾਂਬੱਧੀ ਹਾਂਸਪੁਰ ਚਲੇ ਜਾਂਦੇ। ਹੁਣ ਉਹਨਾਂ ਨੇ ਬੱਸ ਤੇ ਜਾਣ ਦਾ ਖਹਿੜਾ ਛੱਡ ਦਿੱਤਾ। ਕੋਈਂ ਛੇ ਸੱਤ ਮਹੀਨੇ ਬਾਅਦ ਉਹਨਾਂ ਨੇ ਉਸਦੇ ਬਦਲੇ ਪੁਰਾਣਾ ਰਾਜਦੂਤ ਮੋਟਰ ਸਾਈਕਲ ਖਰੀਦ ਲਿਆ। ਜਿਸ ਦਾ ਨੰਬਰ ਐਚ ਆਰ ਐਚ 7321 ਸੀ। ਇਹ ਭਾਰੀ ਬਾਡੀ ਵਾਲਾ ਰਾਜਦੂਤ ਸੀ। ਇਸ ਬਾਰੇ ਇਹ ਮਸ਼ਹੂਰ ਸੀ ਕਿ ਇਹ ਡਿੱਗਣ ਤੋਂ ਬਾਦ ਵੀ ਚਲਦਾ ਰਹਿੰਦਾ ਹੈ। ਸਵਾਰ ਨੂੰ ਥੱਲ੍ਹੇ ਸੁੱਟਕੇ ਉਪਰ ਘੁੰਮਦਾ ਰਹਿੰਦਾ ਹੈ। ਫਿਰ ਉਸਨੂੰ ਬਦਲ ਕਿ ਪਾਪਾ ਜੀ ਨੇ ਸ਼ੇਰਪਾ ਲ਼ੈ ਲਿਆ ਜਿਸਨੂੰ ਛੋਟਾ ਇਨਫੀਲਡ ਵੀ ਕਹਿੰਦੇ ਸਨ। ਫਿਰ ਪਾਪਾ ਜੀ ਨੇ ਇਸਨੂੰ ਜਲਦੀ ਹੀ ਬਦਲ ਲਿਆ ਤੇ 3595 ਨੰਬਰ ਵਾਲਾ ਜਾਵਾ ਲ਼ੈ ਲਿਆ ਕਿਉਂਕਿ ਸ਼ੇਰਪਾ ਠੀਕ ਨਹੀਂ ਸੀ ਰਹਿੰਦਾ। ਫਿਰ ਜਾਵੇ ਤੋਂ ਯਦਦੀ ਲ਼ੈ ਲਿਆ। ਇਹ ਬਿਲਕੁਲ ਨਵਾਂ ਸੀ ਸਿੱਧਾ ਏਜੰਸੀ ਤੋਂ 6700 ਰੁਪਏ ਚ ਲਿਆ ਸੀ। ਉਦੋਂ ਇਹ ਕੰਪਨੀ ਨੇ ਨਵਾਂ ਹੀ ਲਾਂਚ ਕੀਤਾ ਸੀ। ਕਈ ਸਾਲ ਚਲਾਉਣ ਤੋਂ ਬਾਅਦ ਅਸੀਂ ਇਨਫੀਲਡ ਵਾਲਾ ਚਾਅ ਲਾਹੁਣ ਨੂੰ ਉਤਾਵਲੇ ਸੀ। ਕਈ ਸਾਲ ਦੁੱਗ ਦੁੱਗ ਦੇ ਨਜ਼ਾਰੇ ਲੈਂਦੇ ਰਹੇ। ਫਿਰ ਸਕੂਟਰਾਂ ਦਾ ਲੁਤਫ਼ ਉਠਾਇਆ। ਚੇਤਕ ਵੈਸਪਾ ਐਲ ਐਮ ਐਲ ਵੈਸਪਾ ਤੇ ਪ੍ਰਿਆ। ਇਸੇ ਦੌਰਾਨ ਅਸੀਂ ਹੀਰੋ ਹੌਂਡਾ ਅਤੇ ਪਲੇਟੀਨਾ ਵੀ ਚਲਾਇਆ। ਅਖੀਰ ਸਕੂਟੀ ਦੌਰ ਵਿੱਚ ਦਾਖਿਲ ਹੋ ਗਏ। ਹੁਣ ਤੇ ਸਕੂਟੀ ਵੀ ਖੂੰਜੇ ਲੱਗੀ ਪਈ ਹੈ। ਜੁਆਕ ਟੂ ਵੀਲਰ ਚਲਾਉਣ ਨਹੀਂ ਦਿੰਦੇ। ਜਿੰਦਗੀ ਦੇ ਨਾਲ ਨਾਲ ਬਾਇਕ ਦਾ ਪੱਧਰ ਵੀ ਬਦਲਦਾ ਰਿਹਾ। ਹੁਣ ਤਾਂ ਕਮਰੇ ਦੇ ਕੋਨੇ ਵਿੱਚ ਰੱਖੇ ਇੱਕ ਪਹੀਏ ਐਕਸਰਸਾਈਜ਼ ਵਾਲੇ ਸਾਈਕਲ ਦੇ ਪੈਡਲ ਮਾਰਨ ਵੇਲੇ ਵੀ ਸੋਚਣਾ ਪੈਂਦਾ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



