ਚੰਡੀਗੜ੍ਹ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੌਜਵਾਨ ਭਾਰਤ ਸਭਾ ਤੇ ਕਾਰਖਾਨਾ ਮਜਦੂਰ ਯੂਨੀਅਨ, ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਸ਼ਹਿਰ ਵਿੱਚ ਸਾਇਕਲ ਮੋਟਰਸਾਈਕਲ ਰੈਲੀ ਕੱਢਕੇ ਸ਼ਰਧਾਂਜਲੀ ਦਿੱਤੀ ਗਈ। ਇਹ ਰੈਲੀ ਮੌਲੀਜਗਰਾਂ ਤੋਂ ਸ਼ੁਰੂ ਹੋ ਕੇ ਵਾਇਆ ਹੱਲੋਮਾਜਰਾ ਤੋਂ ਸੈਕਟਰ 17 ਤੱਕ ਕੱਢੀ ਗਈ। ਸਾਰੇ ਰਾਹ ਨੌਜਵਾਨਾਂ ਨੇ ਸ਼ਹੀਦਾਂ ਨੂੰ ਇਨਕਲਾਬੀ ਨਾਅਰੇ ਗੁੰਜਾ ਕੇ ਯਾਦ ਕੀਤਾ। ਨੌਜਵਾਨ ਭਾਰਤ ਸਭਾ ਦੇ ਮਨੀਸ਼ ਨੇ ਦੱਸਿਆ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅੱਜ ਵੀ ਨਹੀਂ ਕਾਇਮ ਹੋ ਸਕਿਆ। ਇਹਨਾਂ ਸਿਰਮੌਰ ਸ਼ਹੀਦਾਂ ਨੇ ਇੱਕ ਅਜਿਹਾ ਸਮਾਜ ਚਾਹਿਆ ਸੀ ਜਿੱਥੇ ਕਿਸੇ ਨਾਲ਼ ਵਿਤਕਰਾ ਨਾ ਹੋਵੇ, ਸਭ ਨੂੰ ਬਰਾਬਰ ਮੌਕੇ ਹਾਸਲ ਹੋਣ ਪਰ 1947 ਵਿੱਚ ਕਾਬਜ ਹੋਏ ਸਰਮਾਏਦਾਰਾ ਹਾਕਮਾਂ ਨੇ ਸਰਮਾਏਦਾਰਾ ਪੱਖੀ ਨੀਤੀਆਂ ਨੂੰ ਅੱਗੇ ਵਧਾਇਆ ਜਿਹਨਾਂ ਕਰਕੇ ਅੱਜ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ, ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਜਿਹੀਆਂ ਅਲਾਮਤਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੈ ਇਸ ਸਭ ਦੇ ਹੱਲ ਲਈ ਅੱਜ ਸਾਨੂੰ ਇਨਕਲਾਬੀ ਜਥੇਬੰਦੀ ਬਣਾਕੇ ਸੰਘਰਸ਼ ਕਰਨ ਦੀ ਲੋੜ ਹੈ। ਬੁਲਾਰੇ ਪੁਸ਼ਪਿੰਦਰ ਨੇ ਨੌਜਵਾਨ ਲਹਿਰ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਸ਼ਹੀਦਾਂ ਨੇ ਜਥੇਬੰਦ ਹੋ ਕੇ ਅੰਗਰੇਜ਼ਾਂ ਖਿਲਾਫ ਲੜਾਈ ਵਿੱਢੀ ਉਸੇ ਤਰ੍ਹਾਂ ਸਾਨੂੰ ਵੀ ਅੱਜ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਣਾ ਹੈ। ਪੰਜਾਬ ਦੀ ਸੱਤਰਵਿਆਂ ਦੀ ਵਿਦਿਆਰਥੀ, ਨੌਜਵਾਨ ਲਹਿਰ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਨੌਜਵਾਨ ਨੇ ਜੱਥੇਬੰਦ ਹੋ ਕੇ ਲੜਾਈ ਲੜੀ ਹੈ ਤਾਂ ਇਸ ਨੇ ਆਪਣੇ ਹੱਕ ਹਾਸਲ ਕੀਤੇ ਹਨ। ਅੱਜ ਨੌਜਵਾਨਾਂ ਵਿੱਚ ਬੇਰੁਜਗਾਰੀ ਵੱਡੀ ਸਮੱਸਿਆ ਹੈ ਜਿਸਦੇ ਹੱਲ ਲਈ ਉਹਨਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਇਸ ਤੋਂ ਬਿਨਾਂ ਕਾਰਖਾਨਾ ਮਜਦੂਰ ਯੂਨੀਅਨ ਦੇ ਸਕੱਤਰ ਮਾਨਵ ਨੇ ਵੀ ਸੰਬੋਧਨ ਕੀਤਾ। ਸੈਕਟਰ 17 ਦੇ ਮੰਚ ਸੰਚਾਲਨ ਦੀ ਜੁੰਮੇਵਾਰੀ ਹਰਸ਼ ਨੇ ਸੰਭਾਲੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj