ਭੁੁਪੇਂਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ

New Gujarat CM Bhupendra Patel to take oath on Monday. (Credit : Twitter)

ਗਾਂਧੀਨਗਰ (ਸਮਾਜ ਵੀਕਲੀ): ਭਾਜਪਾ ਵਿਧਾਇਕ ਭੁਪੇਂਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਟੇਲ (55) ਨੂੰ ਅੱਜ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ ਭਲਕੇ ਅਹੁਦੇ ਦਾ ਹਲਫ਼ ਲੈਣਗੇ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਰੱਖੀ। ਰੂਪਾਨੀ ਨੇ ਸ਼ਨਿਚਰਵਾਰ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। 182 ਮੈਂਬਰੀ ਵਿਧਾਨ ਸਭਾ ’ਚ ਪਾਰਟੀ ਦੇ 112 ਵਿਧਾਇਕ ਹਨ ਤੇ ਜ਼ਿਆਦਾਤਰ ਅੱਜ ਹੋਈ ਬੈਠਕ ਵਿਚ ਹਾਜ਼ਰ ਸਨ। ਪਟੇਲ ਨੇ 2017 ’ਚ ਵਿਧਾਨ ਸਭਾ ਚੋਣ ਜਿੱਤੀ ਸੀ। ਘਾਟਲੋਡੀਆ ਹਲਕੇ ਤੋਂ ਉਨ੍ਹਾਂ ਕਾਂਗਰਸ ਉਮੀਦਵਾਰ ਸ਼ਸ਼ੀਕਾਂਤ ਪਟੇਲ ਨੂੰ ਹਰਾਇਆ ਸੀ।

ਭੁਪੇਂਦਰ ਪਟੇਲ ਸਿਵਲ ਇੰਜਨੀਅਰਿੰਗ ਵਿਚ ਡਿਪਲੋਮਾ ਹੋਲਡਰ ਹਨ ਤੇ ਸਾਬਕਾ ਮੁੱਖ ਮੰਤਰੀ ਅਨੰਦੀਬੇਨ ਪਟੇਲ ਦੇ ਕਰੀਬੀ ਰਹੇ ਹਨ। ਵਿਧਾਇਕ ਦਲ ਦਾ ਆਗੂ ਹੁਣ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ। ਵਿਧਾਇਕ ਦਲ ਦੀ ਬੈਠਕ ਮੌਕੇ ਅੱਜ ਭਾਜਪਾ ਦੇ ਕੇਂਦਰੀ ਨਿਗਰਾਨ ਨਰੇਂਦਰ ਸਿੰਘ ਤੋਮਰ ਤੇ ਪ੍ਰਹਿਲਾਦ ਜੋਸ਼ੀ, ਪਾਰਟੀ ਜਨਰਲ ਸਕੱਤਰ ਤਰੁਣ ਚੁੱਘ ਹਾਜ਼ਰ ਸਨ। ਤੋਮਰ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਸੀ.ਆਰ. ਪਾਟਿਲ ਨਾਲ ਐਤਵਾਰ ਸਵੇਰੇ ਮੀਟਿੰਗ ਵੀ ਕੀਤੀ ਸੀ। ਇਸ ਤੋਂ ਪਹਿਲਾਂ ਚਰਚਾ ਸੀ ਕਿ ਲਕਸ਼ਦੀਪ ਤੇ ਦਾਦਰ ਅਤੇ ਨਗਰ ਹਵੇਲੀ, ਦਮਨ ਤੇ ਦੀਊ ਦੇ ਪ੍ਰਸ਼ਾਸਕ ਪ੍ਰਫੁਲ ਖੋਡਾ ਪਟੇਲ ਜਾਂ ਫਿਰ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਭੁਪੇਂਦਰ ਪਟੇਲ ਦਾ ਨਾਂ ਸੂਚੀ ਵਿਚ ਨਹੀਂ ਸੀ ਤੇ ਪਹਿਲੀ ਵਾਰ ਵਿਧਾਇਕ ਬਣੇ ਪਟੇਲ ਦੇ ਮੁੱਖ ਮੰਤਰੀ ਚੁਣੇ ਜਾਣ ਉਤੇ ਸਾਰਿਆਂ ਨੂੰ ਹੈਰਾਨੀ ਹੋਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਅਗਲੇ ਸਾਲ (ਦਸੰਬਰ 2022) ਚੋਣਾਂ ਹਨ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਵਿਚ ਅਜਿਹਾ ਕੀ ਵਾਪਰਿਆ ਹੈ ਜਿਸ ਕਰ ਕੇ ਅਚਾਨਕ ਮੁੱਖ ਮੰਤਰੀ ਬਦਲਿਆ ਗਿਆ ਹੈ। ਭਾਜਪਾ ਦੇ ਸ਼ਾਸਨ ਵਾਲਾ ਇਹ ਚੌਥਾ ਸੂਬਾ ਹੈ ਜਿੱਥੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਮੁੱਖ ਮੰਤਰੀ ਬਦਲਿਆ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਬਸਪਾ ਨੂੰ ਬਸਤੀ ਬੂਲਪੁਰ ਵਿੱਚ ਵੱਡਾ ਝਟਕਾ
Next articlePriyanka Gandhi on mission to bolster party in Rae Bareli, Amethi