ਭਾਵੜਾ ਪੰਜਾਬ ਦੇ ਡੀਜੀਪੀ ਨਿਯੁਕਤ

Viresh Kumar Bhawra assumes charge as Director General of Police Punjab

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਸਰਕਾਰ ਨੇ 1987 ਬੈਚ ਦੇ ਸੀਨੀਅਰ ਪੁਲੀਸ ਅਧਿਕਾਰੀ ਵੀਰੇਸ਼ ਕੁਮਾਰ ਭਾਵੜਾ ਨੂੰ ਸੂਬਾਈ ਪੁਲੀਸ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਘੱਟੋ ਘੱਟ ਦੋ ਸਾਲ ਦੇ ਸਮੇਂ ਲਈ ਕੀਤੀ ਗਈ ਹੈ। ਉਹ ਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ। ਸ੍ਰੀ ਭਾਵੜਾ ਦੀ ਨਿਯੁਕਤੀ ਯੂਪੀਐੱਸਸੀ ਵੱਲੋਂ ਭੇਜੇ ਗਏ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਪੈਨਲ ਵਿੱਚੋਂ ਹੀ ਕੀਤੀ ਗਈ ਹੈ।

ਚੰਨੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫ਼ੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਆਈਆਂ ਸੁਰੱਖਿਆ ਖਾਮੀਆਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਹ ਵੀ ਤੈਅ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਸੂਬੇ ਦੇ ਪੁਲੀਸ ਮੁਖੀ ਦਾ ਤਬਾਦਲਾ ਕਰੇਗਾ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪੰਜਾਬ ਪੁਲੀਸ ਦੇ ਮੁਖੀ ਦੀ ਆਰਜ਼ੀ ਤਾਇਨਾਤੀ ਹੁੰਦੀ ਆ ਰਹੀ ਹੈ। ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲੀਸ ਨੂੰ ਪੱਕੇ ਤੌਰ ’ਤੇ ਆਪਣਾ ਮੁਖੀ ਮਿਲ ਗਿਆ ਹੈ। ਚੰਨੀ ਸਰਕਾਰ ਨੇ ਦਿਨਕਰ ਗੁਪਤਾ ਨੂੰ ਇਸ ਅਹੁਦੇ ਤੋਂ ਲਾਹ ਕੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਤਾਇਨਾਤ ਕੀਤਾ ਸੀ ਤੇ ਸ੍ਰੀ ਸਹੋਤਾ ਨੂੰ ਹਟਾ ਕੇ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਲਾਇਆ ਸੀ।

ਇਸ ਨਿਯੁਕਤੀ ਨਾਲ ਪੰਜਾਬ ਨੂੰ ਤਿੰਨਾਂ ਮਹੀਨਿਆਂ ’ਚ ਤੀਜਾ ਡੀਜੀਪੀ ਮਿਲ ਗਿਆ ਹੈ। ਵੀਰੇਸ਼ ਭਾਵੜਾ ਜੋ ਕਿ ਪੁਲੀਸ ਮੈਡਲ ਮੈਰੀਟੋਰੀਅਸ ਸਰਵਿਸ ਅਤੇ ਡਿਸਟਿੰਗੁਇਸ਼ਟ ਸੇਵਾ ਲਈ ਰਾਸ਼ਟਰਪਤੀ ਪੁਲੀਸ ਮੈਡਲ ਦੇ ਐਵਾਰਡੀ ਹਨ, ਨੇ ਪੰਜਾਬ, ਅਸਾਮ ਤੇ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ। ਵੀਰੇਸ਼ ਭਾਵੜਾ ਨੇ ਕਿਹਾ ਕਿ ਚੋਣਾਂ ਦਾ ਅਮਲ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਾਲ ਨਾਲ ਉਨ੍ਹਾਂ ਦਾ ਧਿਆਨ ਸੂਬੇ ਵਿੱਚੋਂ ਨਸ਼ਾਖੋਰੀ ਅਤੇ ਅਤਿਵਾਦ ਨੂੰ ਠੱਲ੍ਹ ਪਾਉਣ ’ਤੇ ਹੋਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਣੇ ਪੰਜ ਸੂਬਿਆਂ ਲਈ ਚੋਣਾਂ ਦਾ ਐਲਾਨ
Next articleਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ