(ਸਮਾਜ ਵੀਕਲੀ)
ਕੱਟੜ ਹਕੂਮਤ ਦੀ ਹੇਠੀ ਧਰਦੇ ਬੰਦਿਆ ਕੁੱਲ ਜ਼ਿੰਦਗੀ ਹਰ ਜਾਵੇਂਗਾ ।
ਬੁਰਕੀ ਬੁਰਕੀ ਤੱਕ ਤਰਸਦਿਆਂ ਆਖਰ,ਖੁਰ ਖੁਰ ਕੇ ਮਰ ਜਾਵੇਂਗਾ।
ਕਿਓਂ ਨਹੀਂ ਤੈਨੂੰ ਇੱਜ਼ਤ ਜ਼ਾਮੀਰ ਦਾ,ਸੁਆਲ ਅਜੇ ਨਹੀਂਓਂ ਅਹੁੜਦਾ
ਫੁਕਰੇ ਨੇਤਾਵਾਂ ਦੇ ਨਕਲੀ ਚੋਜਾਂ ‘ਚ ਵੜਕੇ,ਸਿਰ ਨੀਵਾਂ ਕਰ ਜਾਵੇਂਗਾ ।
ਰਿੜ ਰਿੜ ਘਰਾਂ ਵੱਲ ਸਿਆਸਤ,ਗਰੰਟੀਆਂ ਦਾਅਵੇ ਲਿਆਉਂਦੀ ਹੈ,
ਜ਼ੁੰਮਲਿਆਂ ਦੀ ਲੁਭਾਉਣੀ ਧੂੜ ਵਿੱਚ ਖੁੱਭਕੇ,ਕਿੱਥੋਂ ਘਰ ਭਰ ਜਾਵੇਂਗਾ ।
ਹੱਕਾਂ ਤੇ ਹਮਲੇ ਹੋ ਰਹੇ ਰੋਜ਼ਾਨਾਂ,ਹਰ ਖੇਤਰ ਦੇ ਮਾਲਕ ਲੋਟੂ ਲਾਣੇ ਨੇ,
ਮਾਰੂਥਲੀ ਜੇਹੀ ਸੋਚ ਦੇ ਅੰਦਰ ਤੂੰ ਕੀਹਦੇ ਲੈ ਆਸਰਾ ਤਰ ਜਾਵੇਂਗਾ ।
ਹਰ ਸੂਬੇ ਅਤੇ ਵਿੱਚ ਕੇਂਦਰ ਦੇ,ਬੰਦੇ ਨਿਤਾਣੇ ਦੀ ਹੋਂਦ ਨਾ ਕੋਈ ਪੁੱਛੇ ,
ਜੇ ਹੋਰ ਹੋਰ ਇਤਬਾਰ ਵਧਾ ਗਿਆ,ਬਰਫ ਵਾਂਗਰਾਂ ਠਰ ਜਾਵੇਂਗਾ ।
ਤੁਰਨੋਂ ਜੁਆਬ ਦੇ ਗਏ ਜਿੰਨਾਂ ਦੇ ਗੋਡੇ,ਫੜ ਫੜਕੇ ਗੰਨਮੈਨ ਤੁਰਦੇ,
ਦੇਖਣਾ ਐਸੇ ‘ ਸੇਵਾਦਾਰ ‘ ਹੋਣੇ,ਤੂੰ ਉਨ੍ਹਾਂ ਦੀ ਘਨੇੜੀ ਚੜ੍ਹ ਜਾਵੇਂਗਾ !
ਏਥੇ ਮਾਨਵੀ ਕਦਰਾਂ ਸੇਧਾਂ,ਪ੍ਰਚੀਨਤਾ ਵੱਲ ਨੂੰ ਹੱਕੀਆਂ ਜਾ ਰਹੀਆਂ,
ਓਸ ਤਰਾਸ਼ੇ ਜੰਗਲ ਵਿੱਚ ਤੂੰ,ਕੁੱਬਾ ਹੋ ਕੇ ਵੀ ਭਲਾ ਖੜ੍ਹ ਜਾਵੇਂਗਾ !
ਸਿਹਤ ਵਿਦਿਆ ਤੇ ਰੋਜ਼ਗਾਰ,ਕਿਸੇ ਪਾਰਟੀ ਦੀ ਸਿਰਦਰਦੀ ਨਹੀਂ,
ਮਹਿੰਗਾਈ ਦੀਆਂ ਲਪਟਾਂ ਵਿੱਚ ਲਗਦੈ ਸੜਦਿਆਂ ਸੜ ਜਾਵੇਂਗਾ ।
ਪੁਲਸ ਭਾਈਵਾਲ ਹੈ,ਚਿੱਟੇ ਟੀਕੇ ਸਰਿੰਜਾਂ ਕੈਪਸੂਲਾਂ ਦੀ ਪਹੁੰਚ ਵਿੱਚ,
ਜਿਸ ਘਰ ਦਾ ਪੁੱਤ ਸ਼ਮਸ਼ਾਨ ਹੋ ਗਿਆ,ਕੀ ਵੈਣ ਪੈਂਦੇ ਘਰ ਜਾਵੇਂਗਾ !
ਖਰੀ ਤਬਦੀਲੀ ਚਾਹੁੰਦੇ ਇਨਕਲਾਬੀ,ਕਲਮਾਂ ‘ਚੋਂ ਦੀਵੇ ਜਗਾ ਰਹੇ ,
ਨਿੱਖਰੀ ਜਿੰਦਗੀ ਦੀ ਝਲਕ ਦੇਖਦਾ,ਕੀ ਆਪੇ ਸੀਸ ਧਰ ਜਾਵੇਂਗਾ ।
ਸਦਾ ਤਾਨਾਸ਼ਾਹ ਰਹੇ ਹਾਰਦੇ,ਲੋਕ-ਲਹਿਰਾਂ ਹੁੰਦੀਆਂ ਜੇਤੂ ਆਖਰ,
ਜਾਹ ਰਲ਼ ਜਾ ਉਨ੍ਹਾਂ ਵਿਚਕਾਰ ਹੋ ਕੇ,ਤਾਂ ਭਵਸਾਗਰ ਤਰ ਜਾਵੇਂਗਾ ।
ਸੁਖਦੇਵ ਸਿੱਧੂ…..
ਸੰਪਰਕ ਨੰਬਰ…… 9888633481 .