ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਵਸ ਤੇ ਮੁੱਖ ਸਮਾਗਮ ਅੰਬੇਡਕਰ ਭਵਨ ‘ਚ 14 ਅਪ੍ਰੈਲ ਨੂੰ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਸੋਸਾਇਟੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੇ 133 ਵੇਂ ਜਨਮ ਦਿਵਸ ਤੇ 14 ਅਪ੍ਰੈਲ ਨੂੰ ਮੁੱਖ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ ਕਰਨ ਦਾ ਫੈਸਲਾ ਲਿਆ ਗਿਆ। ਅੰਬੇਡਕਰ ਭਵਨ ਜਲੰਧਰ, ਪੰਜਾਬ ਵਿੱਚ ਉਹ ਇਤਿਹਾਸਿਕ ਸਥਾਨ ਹੈ, ਜਿੱਥੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ 27 ਅਕਤੂਬਰ, 1951 ਨੂੰ ਆਪਣੀ ਪੰਜਾਬ ਫੇਰੀ ਦੌਰਾਨ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਬਾਬਾ ਸਾਹਿਬ ਦੇ ਪੈਰੋਕਾਰ, ਮਹਾਨ ਲੇਖਕ ਤੇ ਚਿੰਤਕ, ਨਿਧੜਕ ਯੋਧੇ, ਨਿਡਰ ਬੁਲਾਰੇ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਨੇ ਸੇਠ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇਹ ਭੂਮੀ ਅੰਬੇਡਕਰ ਭਵਨ ਦੇ ਨਾਮ ਤੇ ਖਰੀਦ ਕੇ ਇੱਕ ਟਰੱਸਟ ਬਣਾ ਦਿੱਤਾ ਜੋ ਇਸਦੀ ਦੇਖਭਾਲ ਕਰਦਾ ਹੈ ।
ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਭਵਨ, ਜੋ ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਸਥਿਤ ਹੈ, ਉੱਤਰੀ ਭਾਰਤ ਵਿੱਚ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਜਿੱਥੋਂ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਤਕਰੀਬਨ 60 ਸਾਲ ਤੋਂ ਹੋ ਰਿਹਾ ਹੈ। ਅੰਬੇਡਕਰ ਮਿਸ਼ਨ ਸੁਸਾਇਟੀ ਦੁਆਰਾ ਸਮਾਗਮਾਂ ਦੌਰਾਨ ਦੇਸ਼ ਵਿਦੇਸ਼ ਵਿੱਚੋਂ ਮਹਾਨ ਵਿਦਵਾਨ ਬੁਲਾ ਕੇ ਸਮਾਜ ਦੇ ਲੋਕਾਂ ਦੇ ਰੂ-ਬਰੂ ਕੀਤੇ ਜਾਂਦੇ ਹਨ। ਇਸ ਬਾਰ ਵੀ ਉੱਚ ਕੋਟਿ ਦੇ ਵਿਦਵਾਨ ਬੁਲਾਏ ਜਾਣਗੇ ਜੋ ਸਮਾਗਮ ਵਿਚ ਆਪਣੇ ਵਿਚਾਰ ਪੇਸ਼ ਕਰਨਗੇ। ਮਿਸ਼ਨਰੀ ਕਲਾਕਾਰ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਤੇ ਚਾਨਣਾ ਪਾਉਣਗੇ । ਕਿਤਾਬਾਂ ਦੇ ਸਟਾਲ ਵੀ ਲਗਾਏ ਜਾਣਗੇ ਜਿਥੋਂ ਬਾਬਾ ਸਾਹਿਬ ਦਾ ਸਾਹਿਤ ਉਪਲਬਧ ਹੋਵੇਗਾ। ਇਸ ਮੌਕੇ ਪ੍ਰੋਫੈਸਰ ਬਲਬੀਰ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਤਿਲਕ ਰਾਜ, ਡਾ. ਮਹਿੰਦਰ ਸੰਧੂ, ਰਾਜ ਕੁਮਾਰ ਵਰਿਆਣਾ ਅਤੇ ਮੈਡਮ ਸੁਦੇਸ਼ ਕਲਿਆਣ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)