ਸਮਤਾ, ਸੁਤੰਤਰਤਾ ਅਤੇ ਆਪਸੀ ਸਾਂਝ ਨੂੰ ਸਥਾਪਿਤ ਕਰਕੇ ਹੀ ਦੇਸ਼ ਦੀ ਪ੍ਰਗਤੀ ਸੰਭਵ ਹੋ ਸਕਦੀ – ਪ੍ਰੋਫੈਸਰ ਜਗਮੋਹਨ ਸਿੰਘ
ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸਹਿਯੋਗ ਨਾਲ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਉਤਸਵ ਬੜੀ ਖੁਸ਼ੀ, ਉਤਸਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਹੰਸ ਰਾਜ ਸਾਂਪਲਾ ਯੂਕੇ ਮੁੱਖ ਮਹਿਮਾਨ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਤਥਾਗਤ ਬੁੱਧ ਦੀ ਮੂਰਤੀ ਦੇ ਨਜ਼ਦੀਕ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪ੍ਰਤਿਮਾ ਦੀ ਸਥਾਪਤੀ ਦਾ ਉਦਘਾਟਨ ਯੂਕੇ ਤੋਂ ਆਏ ਪ੍ਰਸਿੱਧ ਬੋਧੀ, ਅੰਬੇਡਕਰੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਹੰਸ ਰਾਜ ਸਾਂਪਲਾ ਨੇ ਆਪਣੇ ਕਰ ਕਮਲਾਂ ਨਾਲ ਸਤਿਕਾਰਯੋਗ ਭੰਤੇ ਚੰਦਰ ਕੀਰਤੀ ਜੀ ਦੀ ਮੌਜੂਦਗੀ ‘ਚ ਕੀਤਾ। ਯਾਦ ਰਹੇ ਕਿ ਸਾਂਪਲਾ ਪਰਿਵਾਰ ਵੱਲੋਂ ਹੀ ਲੱਖਾਂ ਰੁਪਏ ਖਰਚ ਕਰਕੇ ਬੇਸ਼ ਕੀਮਤੀ ਤੋਹਫਾ ਬਾਬਾ ਸਾਹਿਬ ਦੀ ਇਹ ਪ੍ਰਤਿਮਾ ਮੁੰਬਈ ਤੋਂ ਤਿਆਰ ਕਰਵਾ ਕੇ ਅੰਬੇਡਕਰ ਭਵਨ ਵਿੱਚ ਸਥਾਪਿਤ ਕੀਤੀ ਗਈ ਹੈ। ਸ੍ਰੀ ਹੰਸਰਾਜ ਸਾਂਪਲਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ 1960ਵੇਂ ਦਹਾਕੇ ਤੋਂ ਹੀ ਇੰਗਲੈਂਡ ਵਿਖੇ ਸੈਟਲ ਹੈ ਅਤੇ ਲਗਭਗ 60 ਸਾਲ ਤੋਂ ਅੰਬੇਡਕਰੀ ਫਲਸਫੇ ਅਤੇ ਬੋਧੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ। ਪੰਜਾਬ ਦੇ ਪ੍ਰਮੁੱਖ ਅਤੇ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵੱਲੋਂ ਜਾਰੀ ਗਤੀਵਿਧੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਅੰਬੇਡਕਰ ਭਵਨ ਟਰੱਸਟ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵਚਨ ਬੱਧਤਾ ਨੂੰ ਦੁਹਰਾਇਆ ਅੰਬੇਡਕਰ ਭਵਨ ‘ਚ ਬਾਬਾ ਸਾਹਿਬ ਦਾ ਬੁੱਤ ਲਗਾਉਣ ਵਾਸਤੇ ਉੱਘੇ ਅੰਬੇਡਕਰੀ ਅਤੇ ਬੁੱਧਿਸਟ ਡਾ. ਹਰਬੰਸ ਵਿਰਦੀ ਲੰਡਨ (ਯੂਕੇ) ਦੀ ਅਹਿਮ ਭੂਮਿਕਾ ਹੈ। ਇਸ ਅਵਸਰ ਤੇ ਮੁੱਖ ਬੁਲਾਰੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸਮਾਜਿਕ ਸਮਾਨਤਾ, ਸੁਤੰਤਰਤਾ, ਨਿਆਂ,
ਭਾਈਚਾਰਕ ਸਾਂਝ, ਤਰਕਸ਼ੀਲ ਅਤੇ ਵਿਗਿਆਨਕ ਸੋਚ ਅਧਾਰਤ ਵਿਚਾਰਧਾਰਾ ਵਿੱਚ ਸਾਂਝ ਸਥਾਪਿਤ ਕਰਦਿਆਂ ਬਾਬਾ ਸਾਹਿਬ ਦੀ ਪੁਸਤਕ ਜਾਤ ਪਾਤ ਦਾ ਬੀਜ ਨਾਸ਼ ਅਤੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾ ਪੇਸ਼ਵਾਈ ਵਿਚਾਰਧਾਰਾ ਅਰਥਾਤ ਬ੍ਰਾਹਮਣਵਾਦੀ, ਪੁਰੋਹਿਤਵਾਦੀ ਅਤੇ ਪੂੰਜੀਵਾਦੀ ਸੋਚ ਦੀ ਤਰਜਮਾਨੀ ਕਰਦਿਆਂ ਦੇਸ਼ ਅੰਦਰਲੀ ਸਮਾਜਿਕ ਨਿਆਂ ਅਧਾਰਤ ਭਾਈਚਾਰਕ ਸਾਂਝ ਨੂੰ ਤਹਿਸ਼ ਨਹਿਸ਼ ਕਰ ਰਹੀ ਹੈ । ਇਨ੍ਹਾਂ ਕੂਟਨੀਤਕ ਚਾਲਾਂ ਪ੍ਰਤੀ ਜਾਗਰਤ ਹੋ ਕੇ ਸਮਤਾ, ਸੁਤੰਤਰਤਾ ਅਤੇ ਆਪਸੀ ਸਾਂਝ ਨੂੰ ਸਥਾਪਿਤ ਕਰਕੇ ਹੀ ਦੇਸ਼ ਦੀ ਪ੍ਰਗਤੀ ਸੰਭਵ ਹੋ ਸਕਦੀ ਹੈ ਅਤੇ ਮਹਾਨ ਚਿੰਤਕ ਡਾ. ਅੰਬੇਡਕਰ ਜੀ ਦੀ ਇਸ ਸੋਚ ਨੂੰ ਆਪਣਾ ਕੇ ਹੀ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ।
ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ.ਕੌਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੰਬੇਡਕਰ ਭਵਨ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਅੰਬੇਡਕਰ ਭਵਨ ਦੇ ਨਿਰਮਾਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਇਸ ਕੰਮ ਨੂੰ ਸਫਲ ਬਣਾਉਣ ਵਾਲੇ ਲੋਕਾਂ ਦਾ ਵੀ ਜ਼ਿਕਰ ਕੀਤਾ। ਵਿਸ਼ੇਸ਼ ਤੌਰ ਤੇ ਸ੍ਰੀ ਲਹੌਰੀ ਰਾਮ ਬਾਲੀ ਅਤੇ ਪਾਲ ਪਰਿਵਾਰਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਟਰੱਸਟ ਦੇ ਚੇਅਰਮੈਨ ਸੋਹਨ ਲਾਲ ਸਾਬਕਾ ਡੀ.ਪੀ.ਆਈ. (ਕਾਲਜਾਂ) ਨੇ ਬਾਬਾ ਸਾਹਿਬ ਦੇ ਸੰਘਰਸ਼ ਅਤੇ ਉਨ੍ਹਾਂ ਤਾਕਤਾਂ ਦੀ ਗੱਲ ਕੀਤੀ ਜੋ ਜਾਤੀਵਾਦ ਦੇ ਨਾਂ ਤੇ ਅਤੇ ਅੰਬੇਡਕਰ ਸਾਹਿਬ ਦੇ ਵਿਚਾਰਾਂ ਤੇ ਗਲਤ ਟਿੱਪਣੀਆਂ ਕਰ ਰਹੇ ਹਨ। ਡਾ.ਅੰਬੇਡਕਰ ਦੀ ਵਿਚਾਰਧਾਰਾ ਤੇ ਚਰਚਾ ਕਰਦਿਆਂ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਬੀਰ ਨੇ ਜਨਤਕ ਸਮਾਗਮ ਦੌਰਾਨ ਹੱਥ ਖੜੇ ਕਰਾ ਕੇ ਮਤੇ ਪਾਸ ਕਰਵਾ ਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ‘ਸਿਰ ਫਿਰੇ ਲੋਕਾਂ ਦੁਆਰਾ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਮੂਰਤੀਆਂ ਦਾ ਨਿਰਾਦਰ ਕਰਨ ਦੀ ਨਿੰਦਾ ਕੀਤੀ ਗਈ ਅਤੇ ਬੀ.ਟੀ. ਐਕਟ 1949 ਨੂੰ ਰੱਦ ਕਰਕੇ ਬੋਧਗਯਾ ਵਿਖੇ ਮਹਾਬੋਧੀ ਮਹਾਂਵਿਹਾਰ ਦਾ ਸਮੁੱਚਾ ਕੰਟਰੋਲ ਬੋਧੀਆਂ ਨੂੰ ਦਿੱਤਾ ਜਾਵੇ’।
ਇਸ ਅਵਸਰ ਤੇ ਸੋਹਨ ਲਾਲ ਸਾਂਪਲਾ ਜਰਮਨੀ, ਪ੍ਰੋ. ਬਲਬੀਰ, ਹਰਮੇਸ਼ ਜੱਸਲ, ਗੌਤਮ ਸਾਂਪਲਾ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਗੁਰਦੇਵ ਕੌਰ ਅਤੇ ਕਵਿਤਾ ਢੰਡੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੁਆਰਾ ਪ੍ਰਕਾਸ਼ਿਤ ਕੀਤਾ ਸੌਵੇਨਿਰ-2025 ਵੀ ਰਿਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਅਤੇ ਪਰਮਿੰਦਰ ਸਿੰਘ ਖੁੱਤਣ ਨੇ ਬਾਖੂਬੀ ਕੀਤਾ। ਇਸ ਸਮਾਗਮ ਦੀ ਸਮਾਪਤੀ ਤੇ ਬਾਬਾ ਸਾਹਿਬ ਦੇ 134ਵੇਂ ਜਨਮ ਉਤਸਵ ਦੀ ਖੁਸ਼ੀ ਵਿੱਚ ਆਏ ਹੋਏ ਲੋਕਾਂ ਨੂੰ 134 ਬੂਟੇ ਮੁਫਤ ਵੰਡੇ ਗਏ।
ਇਸ ਮੌਕੇ ਸਾਬਕਾ ਅੰਬੈਸਡਰ ਰਮੇਸ਼ ਚੰਦਰ ਆਈਐਫਐਸ, ਡਾ. ਰਾਹੁਲ ਬਾਲੀ, ਕਮਲਸ਼ੀਲ ਬਾਲੀ, ਜਸਵਿੰਦਰ ਵਰਿਆਣਾ, ਨਿਰਮਲ ਬਿੰਜੀ, ਤਿਲਕ ਰਾਜ, ਡਾ. ਚਰਨਜੀਤ ਸਿੰਘ, ਡਾ. ਮਹਿੰਦਰ ਸੰਧੂ, ਐਡਵੋਕੇਟ ਸ਼ਸ਼ੀ ਕਾੰਤ ਪਾਲ USA, ਸੂਰਜ ਬਿਰਦੀ, ਹਰੀ ਸਿੰਘ ਥਿੰਦ, ਮਨੋਹਰ ਲਾਲ ਮਹੇ, ਚਰਨਜੀਤ ਸਿੰਘ ਚੰਡੀਗੜ੍ਹ , ਰਾਜਿੰਦਰ ਜੱਸਲ, ਜੋਤਿ ਪ੍ਰਕਾਸ਼, ਸੰਨੀ ਥਾਪਰ , ਪਿਸ਼ੋਰੀ ਲਾਲ ਸੰਧੂ, ਬੀਬੀ ਮਹਿੰਦੋ ਰੱਤੂ ਅਤੇ ਬਾਬਾ ਸਾਹਿਬ ਦੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ।
ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਫੋਟੋ ਕੈਪਸ਼ਨ: ਸਮਾਗਮ ਦੀਆਂ ਕੁਝ ਝਲਕੀਆਂ
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)