(ਸਮਾਜ ਵੀਕਲੀ)
ਆਓ ਗੇੜਾ ਮਾਰ ਆਈਏ ਬਾਗ਼ ਵਿਚ ਆੜੀਓ ਉਏ,
ਚੱਖ ਲਿਓ ਸੁਆਦ ਇੱਥੇ ਫ਼ਲ ਬੇਸ਼ੁਮਾਰ ਨੇ।
ਵੱਖੋ ਵੱਖ ਰੰਗ ਤੇ ਸੁਆਦ ਭਾਂਤ ਭਾਂਤੇ ਫ਼ਲ
ਛੋਟੇ ਵੱਡੇ ਦੇਖੋ ਸੋਹਣੇ ਰੁੱਖ ਫ਼ਲਦਾਰ ਨੇ।
ਮਾਲਟਾ ਮੁਸੱਮੀ ਕੀਨੂੰ ਸੰਤਰੇ ਦਾ ਰਸ ਚੰਗਾ,
ਸੁਣਿਆ ਵਿਟਾਮਿਨ ਇਹ ਸੀ ਦਾ ਭੰਡਾਰ ਨੇ।
ਸਿਉ ਕਸ਼ਮੀਰੀ ਨਿੱਤ ਖਾਲੀਏ ਜੇ ਇਕ ਚੰਗਾ,
ਰਹਿਣ ਤੰਦਰੁਸਤ ਬੱਚੇ ਹੁੰਦੇ ਨਾ ਬਿਮਾਰ ਨੇ।
ਨਾਸ਼ਪਤੀ, ਬੱਬੂਗੋਸੇ,ਆੜੂ ਤੇ ਅੰਗੂਰ ਰਸੇ,
ਖੂਨ ਨੂੰ ਵਧਾਉਂਦੇ ਫਲ ਜਿੰਨੇ ਰਸਦਾਰ।
ਚੈਰੀ, ਸੀਤਾਫਲ ਤੇ ਪਪੀਤਾ ਅਮਰੂਦ ਪੱਕੇ,
ਲੋਹੇ ਦੀ ਸਰੀਰ ਵਿੱਚ ਕਰਦੇ ਭਰਮਾਰ ਨੇ।
ਕਾਬਲ ਕੰਧਾਰੋਂ ਅਖਰੋਟ ਤੇ ਛੁਹਾਰੇ ਆਗੇ,
ਦੇਸੋਂ ਪ੍ਰਦੇਸੋਂ ਭੇਜੇ ਦੂਜੀ ਸਰਕਾਰ ਨੇ।
ਕਾਜੂ ਤੇ ਬਦਾਮ ਦਾਖਾਂ ਸੁੱਕੇ ਮੇਵੇ ਜਿੰਨੇ ਸਾਰੇ,
ਸਿਆਲ ਵਿੱਚ ਖਾਈਏ ਤਾਂ ਬਣਾਉਂਦੇ ਜਾਨਦਾਰ ਨੇ।
ਸੁੱਕੀ ਖਰਮਾਣੀ ਤੇ ਅਲਾਹਾਬਾਦੀ ਅੰਬ ਆਗੇ,
ਕਾਂਗੜੇ ਦੀ ਚੈਰੀ ਸੱਭੇ ਖਾਂਦੇ ਗੱਫੇ ਮਾਰ ਨੇ।
ਝਾੜੀਆਂ ਤੇ ਬੇਰੀਆਂ ਦੇ ਲਾਲ ਲੀਲੂ ਬੇਰ ਖਾਲੋ,
ਤੂਤੀਆਂ ਦੀ ਮੰਗ ਬੱਚੇ ਕਰਦੇ ਵਾਰ ਵਾਰ ਨੇ।
ਪਿਸਤੇ ਨਿਉਜੇ ਅਤੇ ਮੂਫਲੀ ਦੇ ਗਿਰੂ ਖਾਂਦੇ,
ਮਿੱਠੀਆਂ ਖੰਜੂਰਾਂ ਦੇ ਸੁਆਦ ਮਜ਼ੇਦਾਰ ਨੇ।
ਜਾਮਣਾਂ,ਅਨਾਰ, ਅਨਾਨਾਸ, ਤਰਬੂਜ਼, ਫੁੱਟਾਂ
ਕਿੰਨੇ ਰਸਭਰੇ ਖਰਬੂਜੇ ਧਾਰੀਦਾਰ ਨੇ।
ਚੀਕੂ ਤੇ ਬੁਖਾਰਾਆਲੂ ਗਲਗਲ ਤੇ ਬਿਲ ਕੀਵੀ
ਨਾਰੀਅਲ ਦੇ ਰੇਟ ਚਾੜ੍ਹੇ ਡੇਂਗੂ ਦੇ ਬੁਖਾਰ ਨੇ।
ਜੰਡ ਦੀਆਂ ਫਲੀਆਂ ਮਿਠਾਸ ਉਏ ਨਸੂੜਿਆਂ ਦੀ,
ਰਸਭਰੇ ਕਿਧਰੇ ਲੁਕਾਠ ਦਮਦਾਰ ਨੇ।
ਰੇਹਾਂ ਸਪਰੇਹਾਂ ਜ਼ਹਿਰੀਲੇ ਕੀਤੇ ਫਲ ਸਾਰੇ,
ਮਿੱਟੀ ਵੀ ਪਲੀਤ ਕੀਤੀ ਵੱਡੇ ਸਰਦਾਰ ਨੇ।
ਹਾਲੇ ਵੀ ਬਿਗੜਿਆ ਨਾ ਕੁਝ ਡੁੱਲ੍ਹੇ ਬੇਰਾਂ ਦਾ ਉਏ,
ਬੱਚੇ ਨੇ ਭਵਿੱਖ ਸਾਡਾ ਉਹ ਵੀ ਹੱਕਦਾਰ ਨੇ।
ਲੋਕਾਂ ਲਈ ਜਿਉਂ ਕੇ ਦੇਖ ਆਪਣੇ ਲਈ ਤਾਂ ਜਿਉਂਨੈਂ,
ਚੰਗੇ ਨਹੀਂਓ ਹੁੰਦੇ ਹੱਕ ਦੂਸਰੇ ਦੇ ਮਾਰਨੇ।
ਮਾਸਟਰ ਪ੍ਰੇਮ
ਸਰੂਪ ਛਾਜਲੀ ਜ਼ਿਲ੍ਹਾ ਸੰਗਰੂਰ
9417134982
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly