ਨਵੀਂ ਚੇਤਨਾ ਵਲੋਂ ਭਜਨ ਸਿੰਘ ਵਿਰਕ,ਸ਼ਾਦ ਪੰਜਾਬੀ,ਹਾਕਮ ਸਿੰਘ ਗਾਲਿਬ ਯਾਦਗਾਰੀ ਸਨਮਾਨ ਸਮਾਰੋਹ

ਭਜਨ ਸਿੰਘ ਵਿਰਕ,ਅਮਰਜੀਤ ਕੌਰ ਅਮਰ ਤੇ ਚੈਨ ਮਤਫੱਲੂ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ

ਫ਼ਗਵਾੜਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਸਹਿਯੋਗ ਨਾਲ਼ ਅਰਬਨ ਅਸਟੇਟ ਫਗਵਾੜਾ ਦੇ ਡਾ.ਅੰਬੇਡਕਰ ਭਵਨ ਵਿਖੇ ਇਕ ਸਾਹਤਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ.ਸੰਧੂ ਵਰਿਆਣਵੀ ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਐਸ ਐਲ ਵਿਰਦੀ ਐਡਵੋਕੇਟ, ਡਾ.ਜਗੀਰ ਸਿੰਘ ਨੂਰ, ਕੇ ਸਾਧੂ ਸਿੰਘ,ਪ੍ਰਵੀਨ ਬੰਗਾ ਜਨ ਸਕੱਤਰ ਬਸਪਾ ਪੰਜਾਬ, ਜਗਦੀਸ਼ ਰਾਣਾ ਅਤੇ ਸ਼ਾਮ ਸਰਗੁੰਦੀ ਵਿਰਾਜ਼ਮਾਨ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜਗਦੀਸ਼ ਰਾਣਾ ਨੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਮੰਚ ਦਾ ਮਕਸਦ ਜਿੱਥੇ ਸਥਾਪਿਤ ਸਾਹਿਤਕਾਰਾਂ ਨੂੰ ਮਾਣ ਸਨਮਾਨ ਦੇਣਾ ਹੈ ਓਥੇ ਹੀ ਨਵੇਂ ਕਲਮਕਾਰਾਂ ਨੂੰ ਵੀ ਮੰਚ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ।

ਮੰਚ ਵਲੋਂ ਐਤਕੀਂ ਦੂਜਾ ਭਜਨ ਸਿੰਘ ਵਿਰਕ ਯਾਦਗਾਰੀ ਸਨਮਾਨ ਜਸਵਿੰਦਰ ਸਿੰਘ ਜੱਸੀ ਨੂੰ ,ਦੂਜਾ ਸ਼ਾਦ ਪੰਜਾਬੀ ਯਾਦਗਾਰੀ ਸਨਮਾਨ ਗੁਰਦੀਪ ਸੈਣੀ ਨੂੰ ਅਤੇ ਪਹਿਲਾ ਹਾਕਮ ਸਿੰਘ ਗਾਲਿਬ ਯਾਦਗਾਰੀ ਸਨਮਾਨ ਰੂਪ ਸਿੱਧੂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਮਾਇਕ ਰਾਸ਼ੀ ਦੇ ਨਾਲ਼,ਸਨਮਾਨ ਪੱਤਰ ਚਿੰਨ੍ਹ, ਸ਼ਾਲ ਤੇ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ। ਭਜਨ ਸਿੰਘ ਵਿਰਕ ਬਾਰੇ ਬੋਲਦਿਆਂ ਪ੍ਰੋ ਸੰਧੂ ਵਰਿਆਣਵੀ ਅਤੇ ਐਸ ਐਲ ਵਿਰਦੀ ਤੇ ਡਾ.ਜਗੀਰ ਸਿੰਘ ਨੂਰ ਨੇ ਕਿਹਾ ਕਿ ਵਿਰਕ ਸਾਹਬ ਜਿੱਥੇ ਉੱਚ ਕੋਟੀ ਦੇ ਸ਼ਾਇਰ ਸਨ,ਵਧੀਆ ਅਧਿਆਪਕ ਸਨ ਓਥੇ ਹੀ ਉਹ ਬੇਹੱਦ ਸੰਵੇਦਨਸ਼ੀਲ ਤੇ ਹਰ ਮਨੁੱਖ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ।ਸ਼ਾਦ ਪੰਜਾਬੀ ਬਾਰੇ ਨੱਕਾਸ਼ ਚਿੱਤੇਵਾਣੀ ਨੇ ਕਿਹਾ ਕਿ ਇਕ ਬੇਹੱਦ ਸਾਊ ਇਨਸਾਨ,ਪਿਆਰਾ ਮਿੱਤਰ ਤੇ ਵਧੀਆ ਸ਼ਾਇਰ ਸਮੇਂ ਨੇ ਬਹੁਤ ਪਹਿਲਾਂ ਸਮੇਂ ਤੋਂ ਪਹਿਲਾਂ ਹੀ ਸਾਥੋਂ ਖੋਹ ਲਿਆ। ਹਾਕਮ ਸਿੰਘ ਗਾਲਿਬ ਬਾਰੇ ਬੋਲਦਿਆਂ ਕੇ ਸਾਧੂ ਸਿੰਘ ਨੇ ਕਿਹਾ ਕਿ ਹਾਕਮ ਸਿੰਘ ਗਾਲਿਬ ਕਹਿਣੀ ਤੇ ਕਰਨੀ ਦਾ ਇਕ ਅਤੇ ਵੱਡੇ ਕਿਰਦਾਰ ਵਾਲ਼ਾ ਸੰਘਰਸ਼ਸ਼ੀਲ ਇਨਸਾਨ ਸੀ ਤੇ ਵੱਡਾ ਲੇਖਕ ਸੀ.ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਨੂੰ ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਹਾਕਮ ਸਿੰਘ ਗਾਲਿਬ ਦੀ ਯਾਦ ਵਿੱਚ ਮਾਲਵੇ ਦੀਆਂ ਸਭਾਵਾਂ ਵੱਲੋਂ ਲੁਧਿਆਣੇ ਵਾਲ਼ੇ ਪਾਸੇ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਪਰ ਉਹ ਇਹ ਕਰ ਨਹੀਂ ਸਕੇ ਤੇ ਨਵੀਂ ਚੇਤਨਾ ਵਾਲੇ ਮੱਲ ਮਾਰ ਗਏ।ਇਸ ਲਈ ਵਧਾਈ ਦੇ ਹੱਕਦਾਰ ਹਨ।

ਦੂਜਾ ਭਜਨ ਸਿੰਘ ਵਿਰਕ ਯਾਦਗਾਰੀ ਸਨਮਾਨ ਮਿਲਣ ਤੇ ਜਸਵਿੰਦਰ ਸਿੰਘ ਜੱਸੀ, ਦੂਜਾ ਸ਼ਾਦ ਪੰਜਾਬੀ ਯਾਦਗਾਰੀ ਸਨਮਾਨ ਮਿਲਣ ਤੇ ਗੁਰਦੀਪ ਸੈਣੀ ਤੇ ਪਹਿਲਾ ਹਾਕਮ ਸਿੰਘ ਗਾਲਿਬ ਯਾਦਗਾਰੀ ਸਨਮਾਨ ਮਿਲਣ ਤੇ ਰੂਪ ਸਿੱਧੂ ਹੋਰਾਂ ਨੇ ਕਿਹਾ ਕੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਸਾਹਿਤ,ਸੱਭਿਆਚਾਰ ਅਤੇ ਸਮਾਜ ਪ੍ਰਤੀ ਹੋਰ ਵੀ ਵਧ ਗਈ ਹੈ. ਪ੍ਰਵੀਨ ਬੰਗਾ ਜਨ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕਿਹਾ ਕਿ ਕਲਮਕਾਰਾਂ ਨੂੰ ਸਮਜਿਕ ਕੁਰੀਤੀਆਂ ਦੇ ਖ਼ਿਲਾਫ਼ ਬੇਬਾਕੀ ਨਾਲ ਆਪਣੀ ਕਲਮ ਚਲਾਉਣੀ ਚਾਹੀਦੀ ਹੈ ਤੇ ਸਮਾਜਿਕ ਮੁੱਦਿਆਂ ਨੂੰ ਉਭਾਰਨਾ ਚਾਹੀਦਾ ਹੈ। ਇਸ ਮੌਕੇ ਮੰਚ ਵਲੋਂ ਭਜਨ ਸਿੰਘ ਵਿਰਕ ਬਾਰੇ ਜਗਦੀਸ਼ ਰਾਣਾ ਵਲੋਂ ਸੰਪਾਦਿਤ ਕੀਤੀ ਆਲੋਚਨਾਤਮਿਕ ਲੇਖਾਂ ਦੀ ਪੁਸਤਕ ‘ਭਜਨ ਸਿੰਘ ਵਿਰਕ ਦਾ ਕਾਵਿ ਸੰਸਾਰ ‘ ਅਤੇ ਅਮਰਜੀਤ ਕੌਰ ਅਮਰ ਦਾ ਕਾਵਿ ਸੰਗ੍ਰਹਿ ‘ ਖੁਸ਼-ਆਮਦੀਦ ਅਤੇ ਚੈਨ ਮਤਫੱਲੂ ਦੀ ਸਵੈ ਜੀਵਨੀ ‘ਮੇਰੀ ਅਣਕਹੀ ਕਹਾਣੀ’ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਮਿਸ਼ਨਰੀ ਗਾਇਕ ਸੀ.ਆਰ.ਚੇਤਨ ਨੂੰ ਨੌਕਰੀ ਤੋਂ ਸੇਵਾ ਮੁਕਤ ਹੋਣ ਤੇ ਮੰਚ ਵਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਜਮੀਲ ਅਬਦਾਲੀ,ਬਲਦੇਵ ਰਾਜ ਕੋਮਲ, ਨੱਕਾਸ਼ ਚਿੱਤੇਵਾਣੀ, ਜਗਦੀਸ਼ ਰਾਣਾ,ਰਵਿੰਦਰ ਚੋਟ,ਰੂਪ ਸਿੱਧੂ,ਜਸਵਿੰਦਰ ਜੱਸੀ,ਗੁਰਦੀਪ ਸੈਣੀ, ਰਜਨੀ ਸ਼ਰਮਾ,ਜਸਵਿੰਦਰ ਫਗਵਾੜਾ, ਬੱਬੂ ਸੈਣੀ,ਹਰਚਰਨ ਭਾਰਤੀ, ਅਮਰਜੀਤ ਕੌਰ ਅਮਰ, ਕੁਲਬੀਰ ਕੰਵਲ, ਡਾ.ਇੰਦਰਜੀਤ ਵਾਸੂ, ਕਮਲਜੀਤ ਕੰਵਰ,ਤਲਵਿੰਦਰ ਸ਼ੇਰਗਿੱਲ, ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ, ਹਰਦਿਆਲ ਹੁਸ਼ਿਆਰਪੁਰੀ, ਅੰਜੂ ਸਾਨਿਆਲ, ਪਵਨ ਭੰਮੀਆ, ਰਮਨ ਮਸ਼ਾਣਵੀ, ਸਿਮਰ ਕੌਰ,ਸ਼ਾਮ ਸਰਗੁੰਦੀ,ਗੁਰਮੁਖ ਲੁਹਾਰ,ਦਵਿੰਦਰ ਜੱਸਲ,ਦਿਲ ਬਹਾਰ ਸ਼ੌਕਤ,ਬਿੰਦਰ ਬਕਾਪੁਰੀ, ਸੁਖਦੇਵ ਗੰਢਵਾਂ,ਮਨਜੀਤ ਕੌਰ ਮੀਸ਼ਾ, ਇੰਦਰਪਾਲ ਸਿੰਘ,ਸੀਰਤ ਸਿਖਿਆਰਥੀ, ਰੁਪਿੰਦਰਜੀਤ ਸਿੰਘ,ਪ੍ਰੀਤ ਗੁਰਾਇਆਂ,ਹਾਫ਼ਿਜ਼ ਅਲੀ ਇਸਲਾਹੀ,ਭਿੰਡਰ ਪਟਵਾਰੀ, ਬਲਕਾਰ ਭਾਈਆ, ਗਾਇਕਾ ਅਮਨ ਸੂਫ਼ੀ, ਗੁਰਨਾਮ ਬਾਵਾ,ਸੋਢੀ ਸੱਤੋਵਾਲੀ,ਬਚਨ ਗੁੜੇ ਤੇ ਹੋਰ ਸ਼ਾਇਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਭਜਨ ਸਿੰਘ ਵਿਰਕ ਦੀ ਬੇਟੀ ਅਮਨਿੰਦਰ ਵਿਰਕ ਅਤੇ ਹਾਕਮ ਸਿੰਘ ਗਾਲਿਬ ਦੀ ਬੇਟੀ ਪ੍ਰੋ.ਸੰਦੀਪ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਸਨਮਾਨ ਦੇ ਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਨੇ ਬਹੁਤ ਵੱਡਾ ਕਾਰਜ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਸੋ ਦੇਵੀ, ਵਿਨੈ ਸ਼ਰਮਾ, ਧਰਮਿੰਦਰ ਸਿੰਘ, ਘਣਸ਼ਿਆਮ ਜੀ,ਅਨੂਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਲ ਲੁੱਟ
Next articleਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਦੀ ਬਦੌਲਤ ਕਬੱਡੀ ਖਿਡਾਰਨਾਂ ਨੂੰ ਮਿਲਿਆ ਅਸਟ੍ਰੇਲੀਆ ਵੀਜਾ – ਵਿਕਰਮ ਸਿੰਘ, ਮਹਿਨਾਜ ਸ਼ਰਮਾਂ