ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

  • ਭਗਵੰਤ ਮਾਨ ਸਮਾਗਮ ਵਿੱਚ ਦੁਪਹਿਰ 1.18 ਮਿੰਟ ’ਤੇ ਪਹੁੰਚੇ
  • ਮਾਨ ਨੇ 1.25 ਮਿੰਟ ’ਤੇ ਸਹੁੰ ਚੁੱਕੀ ਤੇ 1.38 ਮਿੰਟ ’ਤੇ ਸਮਾਗਮ ਖ਼ਤਮ
  • ਸਹੁੰ ਚੁੱਕਣ ਉਪਰੰਤ ਭਗਵੰਤ ਮਾਨ ਨੇ ਲਾਇਆ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
  • ਸ਼ਹੀਦਾਂ ਦੀ ਧਰਤੀ ’ਤੇ ਇਕ ਵਾਰ ਮੁੜ ਬਸੰਤੀ ਰੰਗ ਛਾਇਆ
  • ਸਮਾਗਮ ਵਾਲੀ ਥਾਂ ਭਗਵੰਤ ਮਾਨ ਦੀ ਮਾਤਾ, ਭੈਣ ਅਤੇ ਧੀ-ਪੁੱਤ ਵੀ ਪਹੁੰਚੇ
  • ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਬਣੇ ਖਿੱਚ ਦਾ ਕੇਂਦਰ
  • ਲੋਕਾਂ ਦੇ ਭਾਰੀ ਇਕੱਠ ਅੱਗੇ ਇੰਟਰਨੈਟ ਸੇਵਾਵਾਂ ਦੇ ਹੱਥ ਹੋਏ ਖੜੇ
  • ਬੀਬੀਆਂ ਵੀ ਵੱਡੇ ਉਤਸ਼ਾਹ ਨਾਲ ਪਹੁੰਚੀਆਂ
  • ਸਮਾਗਮ ਤੋਂ ਬਾਅਦ ਆਵਾਜਾਈ ਵਿਵਸਥਾ ਵਿਗੜੀ
  • ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਪੰਡਾਲ

ਬੰਗਾ (ਸਮਾਜ ਵੀਕਲੀ):  ਆਮ ਆਦਮੀ ਪਾਰਟੀ (ਆਪ) ਦੇ ਦਿੱਗਜ ਆਗੂ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਮਾਨ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਮਾਨ ਨੇ ਸਹੁੰ ਚੁੱਕਣ ਤੋਂ ਫੌਰੀ ਮਗਰੋਂ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਹਲਫ਼ਦਾਰੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਵਜ਼ਾਰਤ ਦੇ ਮੰਤਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਂਜ ਹਲਫ਼ਦਾਰੀ ਸਮਾਗਮ ਮਿੱਥੇ ਸਮੇਂ ਨਾਲੋਂ ਕਾਫੀ ਪੱਛੜ ਕੇ ਸ਼ੁਰੂ ਹੋਇਆ। ਹਲਫ਼ਦਾਰੀ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਕੀਤਾ।

ਭਗਵੰਤ ਮਾਨ ਨੇ ਹਲਫ਼ ਲੈਣ ਮਗਰੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀਆਂ ਨਵੀਆਂ ਸਰਕਾਰਾਂ ਸੂਬੇ ਦੇ ਸਟੇਡੀਅਮ ਅਤੇ ਰਾਜ ਭਵਨਾਂ ਵਿੱਚ ਹਲਫ਼ ਲੈਂਦੀਆਂ ਰਹੀਆਂ ਹਨ, ਪਰ ਅੱਜ ਉਹ ਸ਼ਹੀਦਾਂ ਦੀ ਧਰਤੀ ਉੱਤੇ ਸਹੁੰ ਚੁੱਕ ਕੇ ਖੁਸ਼ਹਾਲ ਪੰਜਾਬ ਬਣਾਉਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਧਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਉਨ੍ਹਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਕਿਉਂਕਿ ਸ਼ਹੀਦਾਂ ਵੱਲੋਂ ਦਿਖਾਏ ਰਾਹ ’ਤੇ ਚਲਦੇ ਹੋਏ ਹੀ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ‘ਆਪ’ ਆਗੂਆਂ/ਵਰਕਰਾਂ ਨੂੰ ਜਿੱਤ ਦਾ ਹੰਕਾਰ ਨਾ ਕਰਨ ਦੀ ਅਪੀਲ ਕਰਦਿਆਂ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਮਾੜੇ ਹੱਥਾਂ ’ਚ ਰਹੀ ਤਾਕਤ ਨਾਲ ਵਿਗੜੇ ਹਾਲਾਤ ਨੂੰ ਉਹ ਕੰਮਾਂ ਨਾਲ ਠੀਕ ਕਰਨਗੇ।

ਮਾਨ ਨੇ ਕਿਹਾ ਕਿ ਉਲਝੀ ਤਾਣੀ ਨੂੰ ਸੁਲਝਾਉਣ ਲਈ ਉਨ੍ਹਾਂ ਦੀ ਸਰਕਾਰ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇਕ ਵੀ ਦਿਨ ਬਰਬਾਦ ਨਹੀਂ ਹੋਵੇਗਾ। ਪੰਜਾਬ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਖੇਤੀ, ਵਪਾਰ, ਸਕੂਲਾਂ ਤੇ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਅਗਾਂਹਵਧੂ ਸੂਬੇ ਦੇ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਨਾਲ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਪੰਜਾਬੀਆਂ ਨੂੰ ਵੀ ਅੱਗੇ ਵੱਧ ਕੇ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਅਤੇ ਹੋਰ ਕੁਰੀਤੀਆਂ ਦੇ ਖਾਤਮੇ ਦੇ ਨਾਲ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦਾ ਪ੍ਰਣ ਦੁਹਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਾਂਗ ਹੁਣ ਲੋਕ ਪੰਜਾਬ ਦੀਆਂ ਸਰਕਾਰੀ ਸੁੱਖ ਸਹੂਲਤਾਂ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਨ ਦੀਆਂ ਮਿਸਾਲਾਂ ਦੇਣਗੇ। ਖਚਾਖਚ ਭਰੇ ਹੋਏ ਪੰਡਾਲ ਵਿੱਚ ਪੰਜਾਬ ਦੇ ਅਦਾਕਾਰਾਂ ਅਤੇ ਗਾਇਕਾਂ ਲਈ ਵੱਖਰੀ ਥਾਂ ਬਣਾਈ ਹੋਈ ਸੀ। ਇਨ੍ਹਾਂ ਵਿੱਚ ਗੁਰਦਾਸ ਮਾਨ, ਅਮਰ ਨੂਰੀ, ਕਰਮਜੀਤ ਅਨਮੋਲ, ਬੀਨੂ ਢਿੱਲੋਂ, ਮੁਹੰਮਦ ਸਦੀਕ, ਮਨਮੋਹਨ ਵਾਰਿਸ, ਸੰਗੀਤਕਾਰ ਚਰਨਜੀਤ ਅਹੂਜਾ, ਗੀਤਕਾਰ ਬਾਬੂ ਸਿੰਘ ਮਾਨ ਆਦਿ ਸਣੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਸਨ।

‘ਪੰਜਾਬੀਆਂ ਵੱਲੋਂ ਰਚੇ ਇਤਿਹਾਸ ਨੂੰ ਸਿਲੇਬਸ ’ਚ ਪੜ੍ਹਾਇਆ ਜਾਵੇਗਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਤਕੀਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਜਾਬੀਆਂ ਨੇ ਇਤਿਆਸ ਰਚਿਆ ਹੈ, ਜਿਸ ਨੂੰ ਹੁਣ ਸਿਲੇਬਸ ਵਿੱਚ ਪੜ੍ਹਾਇਆ ਜਾਇਆ ਕਰੇਗਾ। ਉਨ੍ਹਾਂ ਬੈਂਕਾਂ ਵਿੱਚ ਖਾਤੇ ਖੋਲ੍ਹਣ ਵਾਲਿਆਂ ਨੂੰ ਚਲਦਾ ਕਰ ਕੇ ਲੋਕਾਂ ਨੇ ਦਿਲਾਂ ਵਿਚ ਖਾਤੇ ਖੋਲ੍ਹਣ ਵਾਲਿਆਂ ਨੂੰ ਥਾਂ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਕਤ ਅਤੇ ਪੰਜਾਬ ਦੀ ਜਨਤਾ ਉਨ੍ਹਾਂ ਲਈ ਹਮੇਸ਼ਾ ਸਿਖਰਲੀ ਤਰਜੀਹ ਬਣੇ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਮੂਹ ਪੰਜਾਬੀਆਂ ਦੇ ਮੁੱਖ ਮੰਤਰੀ ਹਨ ਅਤੇ ਭਵਿੱਖ ਵਿੱਚ ਕਿਸੇ ਵੀ ਧਿਰ ਨਾਲ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਨਾਅਰਿਆਂ ਨਾਲ ਭਾਸ਼ਣ ਖਤਮ ਕੀਤਾ

ਭਗਵੰਤ ਮਾਨ ਵੱਲੋਂ ਪਹਿਲੇ ਦਿਨ ਤੋਂ ਸ਼ਹੀਦਾਂ ਦੇ ਦਿਖਾਏ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਲਈ ਸ਼ਹੀਦਾਂ ਦੀ ਧਰਤੀ ਦੀ ਚੋਣ ਕੀਤੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵੀ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਦੀ ਗੱਲ ਕੀਤੀ। ਸ੍ਰੀ ਮਾਨ ਨੇ ਆਪਣੇ ਭਾਸ਼ਣ ਨੂੰ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਹੀ ਖਤਮ ਕੀਤਾ।

ਵਿਧਾਇਕ ਮੁੱਢਲੀ ਕਤਾਰ ’ਚ ਬੈਠਣ ਲਈ ਤਰਲੋਂ-ਮੱਛੀ ਹੋਏ

ਭਗਵੰਤ ਮਾਨ ਦੇ ਹਲਫ਼ਦਾਰੀ ਸਮਾਗਮ ਵਾਲੀ ਥਾਂ ਅੱਜ ਤਿੰਨ ਸਟੇਜਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ ਮੁੱਖ ਸਟੇਜ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਭਗਵੰਤ ਮਾਨ ਦੇ ਬੈਠਣ ਦਾ ਪ੍ਰਬੰਧ ਸੀ। ਇਕ ਸਟੇਜ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਦਿੱਲੀ ਕੈਬਨਿਟ ਦੇ ਮੰਤਰੀ ਬੈਠੇ ਸਨ। ਤੀਜੀ ਸਟੇਜ ਪੰਜਾਬ ਦੇ ਨਵੇਂ ਚੁਣੇ ਗਏ 91 ਵਿਧਾਇਕਾਂ ਲਈ ਲਗਾਈ ਗਈ ਸੀ। ਇਸ ਸਟੇਜ ’ਤੇ ਮੁੱਢਲੀ ਕਤਾਰ ਵਿੱਚ ਬੈਠਣ ਲਈ ਸਾਰੇ ਵਿਧਾਇਕ ਤਰਲੋ-ਮੱਛੀ ਸਨ। ਦੂਜੀ ਵਾਰ ਜਿੱਤਣ ਵਾਲੇ ਵਿਧਾਇਕ ਖੁ਼ਦ ਨੂੰ ਮੂਹਰਲੀ ਕਤਾਰ ਵਿੱਚ ਰੱਖਣ ਦੀ ਕੋਸ਼ਿਸ਼ ਵਿੱਚ ਸਨ, ਪਰ ਦੇਰੀ ਨਾਲ ਆਉਣ ਕਰਕੇ ਉਨ੍ਹਾਂ ਨੂੰ ਥਾਂ ਨਾ ਮਿਲੀ। ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਵਿੱਚੋਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੂੰ ਵੀ ਮੁੱਢਲੀ ਕਤਾਰ ਵਿੱਚ ਥਾਂ ਮਿਲ ਸਕੀ।

ਵਿਰੋਧੀ ਪਾਰਟੀਆਂ ਦੇ ਵਿਧਾਇਕ ਰਹੇ ਗਾਇਬ

ਹਲਫ਼ਦਾਰੀ ਸਮਾਗਮ ਲਈ ਨਵੇਂ ਚੁਣੇ ਗਏ ਸਾਰੇ 117 ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਇਨ੍ਹਾਂ ਵਿਚੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹੀ ਉਥੇ ਪਹੁੰਚੇ। ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਗਾਇਬ ਰਹੇ। ਇਨ੍ਹਾਂ ਪਾਰਟੀਆਂ ਦਾ ਕੋਈ ਵੀ ਵਿਧਾਇਕ ਸਮਾਗਮ ਵਿੱਚ ਨਹੀਂ ਪਹੁੰਚਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਰਕੇਨ ’ਤੇ ਰੂਸੀ ਹਮਲੇ ਕਾਰਨ ਮਨੁੱਖਤਾ ਦੇ ਘਾਣ ਖ਼ਿਲਾਫ਼ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ਅੱਜ
Next articleਮੋਦੀ ਵੱਲੋਂ ਮਾਨ ਨੂੰ ਪੰਜਾਬ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਸੱਦਾ