(ਸਮਾਜ ਵੀਕਲੀ)
ਭਰ ਜਵਾਨੀ ਚੜ੍ਹੇ ਫਾਂਸੀ , ਭਾਰਤ ਮਾਤਾ ਦੇ ਤਿੰਨ ਨੂਰ।
ਭਗਤ ਸਿੰਘ , ਰਾਜਗੁਰੂ, ਸੁਖਦੇਵ ਜੀ ਹੀਰੇ ਕੋਹਿਨੂਰ।
ਜੈਯੰਤੀ ਤੇ ਸ਼ਹੀਦੀ ਦੋ ਦਿਨ ਯਾਦ ਕਰਨ ਦਾ ਦਸਤੂਰ।
ਚੈਨਲਾਂ ਅਖ਼ਬਾਰਾਂ ਵਾਲੇ, ਫੋਟੋਆਂ ਵਿਖਾਉਣਗੇ ਜਰੂਰ।
ਬੰਬ ਸੁੱਟ ਅਸੰਬਲੀ ਫ਼ਿਰੰਗੀਆਂ ਦਾ ਤੋੜਿਆ ਗਰੂਰ।
ਫਿਰੰਗੀਆਂ ਨੂੰ ਦੇਸ਼ ਛੱਡਣ ਲਈ ਕੀਤਾ ਸੀ ਮਜਬੂਰ।
ਤੇਰੇ ਸੁਪਨੇ ਦੇ ਦੇਸ਼ ਦਾ ਸਿਸਟਮ ਹੋ ਗਿਆ ਬਦਨੂਰ।
ਪੜ੍ਹੇ ਲਿਖੇ ਵਿਦੇਸ਼ ਭੱਜ ਰਹੇ ਅਨਦਿਨ ਪੂਰਾਂ ਦੇ ਪੂਰ।
ਭਗਤ ਸਿੰਘਾ ਤੇਰੀ ਸੋਚ ਨੂੰ ਹਲੇ ਨਹੀਂ ਲੱਗਿਆ ਬੂਰ।
ਅੰਨਦਾਤਾ ਜੋ ਦੇਸ਼ ਦਾ ਧਰਨੇ ਲਾਉਣ ਨੂੰ ਹੈ ਮਜਬੂਰ।
ਹਰ ਮੋੜ ਤੇ ਭੇੜੀਏ ,ਚਿੜੀਆਂ ਨੂੰ ਤੱਕਦੇ ਨੇ ਘੂਰ ਘੂਰ।
ਕੁੱਤੀ ਚੋਰਾਂ ਸੰਗ ਰਲੀ ਹੈ ਸਰਾਫ਼ਤ ਹੋ ਰਹੀ ਚੂਰੋ ਚੂਰ।
ਟੀ ਸ਼ਰਟ ਤੇ ਫੋਟੋ ਲਾ ਬਸੰਤੀ ਪੱਗ ਵੀ ਬੰਨੀਏ ਜਰੂਰ।
ਪਰ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਹਾਂ ਕੋਹਾਂ ਦੂਰ।
ਤੇਰੀ ਪਿਸਟਲ ਵਾਲੀ ਫੋਟੋ ਤੇ ਕਰਦੇ ਨੇ ਬੜਾ ਗਰੂਰ।
ਸ਼ਹੀਦਾਂ ਦੀ ਇੰਨਕਲਾਬੀ ਸੋਚ ਤੋਂ ਫਿਰਦੇ ਕੋਹਾਂ ਦੂਰ।
ਅੱਜ ਗੱਭਰੂ ਪੰਜਾਬ ਦੇ ਨਸ਼ਿਆਂ ਅੰਦਰ ਹੋਏ ਨੇ ਚੂਰ।
ਖੁੰਭਾਂ ਵਾਂਗੂ ਉੱਘ ਰਹੇ ਪਖੰਡੀ ਬਾਬਿਆਂ ਦੇ ਵੱਡੇ ਪੂਰ।
ਜਾਤ ਪਾਤ ਊਚ ਨੀਚ ਭਰਮਾਂ ਤੋਂ , ਹੋ ਨਹੀਂ ਸਕੇ ਦੂਰ।
ਭਰੂਣ ਹੱਤਿਆ ਛਲ ਕਪਟ ਲਈ ਹੋ ਰਹੇ ਨੇ ਮਸ਼ਹੂਰ।
ਸ਼ਹੀਦਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਵਾਂਗੇ ਜਰੂਰ।
ਔਗੁਣਾਂ ਦੀ ਗੋਡਾਈ ਲਈ ਕਾਫ਼ਲਾ ਉੱਠੇ ਗਾ ਜਰੂਰ।
ਮਾਂ ਬੋਲੀ ਦੇ ਕਰਜ਼ਦਾਰ,ਪਹਿਰੇਦਾਰ ਬਣਨਗੇ ਜਰੂਰ।
ਇਕਬਾਲ ਸਿੰਘਾ ਕਲਮ ਨਾਲ ਜੰਗ ਜਿੱਤਾਂਗੇ ਜਰੂਰ।
ਇਕਬਾਲ ਸਿੰਘ ਪੁੜੈਣ
8872897500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly