(ਸਮਾਜ ਵੀਕਲੀ)
(23 ਮਾਰਚ ਸ਼ਹੀਦੀ ਦਿਹਾੜੇ ਮੌਕੇ)
ਭਗਤ ਸਿੰਘ ਨੇ ਦਿੱਤਾ ਉਲ੍ਹਾਮਾ ਸੁਪਨੇ ਦੇ ਵਿੱਚ ਆ ਕੇ।
ਕਰਤੇ ਖੜ੍ਹੇ ਰੌਂਗਟੇ ਮੇਰੇ ਖਰੀਆਂ ਜਿਹੀਆਂ ਸੁਣਾ ਕੇ।
ਕਹਿੰਦੇ “ਸ਼ਹੀਦੀ ਦਿਨ ਮਨਾਇਆ ਨਾਹਰੇ ਮੇਰੇ ਲਾਏ।
ਰਾਜਗੁਰੂ, ਸੁਖਦੇਵ ਦੱਸੋ ਪਰ ਕਿਹੜੇ ਖਾਤੇ ਪਾਏ।
ਉਹੀ ਦਿਨ, ਤਾਰੀਖ, ਸਮਾਂ ਸੀ, ਫੰਧੇ, ਤਖਤੇ, ਜੇਲ੍ਹ।
ਉਸੇ ਪਲ ਉਹਨਾਂ ਵੀ ਕੀਤਾ ਮੌਤ ਲਾੜੀ ਨਾਲ਼ ਮੇਲ।
ਨਾਲ਼ੋ ਨਾਲ਼ ਸੀ ਨਾਹਰੇ ਲਾਏ ‘ਕੱਠਿਆਂ ਤਾਣੀਆਂ ਹਿੱਕਾਂ।
ਦੱਸੋ ਤਾਂ ਸਹੀ ਭਲਿਉ ਰੱਖੀਆਂ ਕਿਹੜੀ ਗੱਲੋਂ ਫਿੱਕਾਂ।”
ਲਿੱਸਾ ਜਿਆ ਮੈਂ ਹੋ ਕੇ ਆਖਿਆ ਸਾਹ ਗਿਆ ਸੀ ਘੁੱਟਿਆ।
“ਵਿੱਚ ਹਾਲ ਦੇ ਭਗਤ ਸਿੰਘ ਜੀ ਬੰਬ ਤੁਸੀ ਸੀ ਸੁੱਟਿਆ।
ਜੇਲ੍ਹ ਹੋਊਗੀ, ਕੇਸ ਚੱਲਣਗੇ ਕੀਤੀ ਨਾ ਪਰਵਾਹ।
ਫਾਂਸੀ ਸਾਹਵੇਂ ਤੱਕ ਵੀ ਥੋਡਾ ਜਜ਼ਬਾ ਸੀਗਾ ਅਥਾਹ।”
ਕਹਿੰਦੇ “ਫੋਲ ਕਹਾਣੀ ਨੂੰ ਤੇ ਖੋਲ੍ਹ ਉਦੋਂ ਦਾ ਹਾਲ।
ਉਸ ਸਮੇਂ ਵੀ ਦੋ ਬੰਦੇ ਸਾਂ ਬੀ.ਕੇ. ਦੱਤ ਸੀ ਨਾਲ।
ਆਇਆ ਸੀਗਾ ਬੰਗਾਲੋ ਬੀ.ਕੇ. ਕਿੱਡੀ ਦੂਰ ਲਾਹੌਰ।
ਲੋਕ ਉਪਰੇ ਥਾਂ ਅਣਜਾਣੀ ਤੇ ਬੋਲੀ ਵੀ ਹੋਰ।
ਪਿੰਡ ਘੜਾਮੇਂ ਰੋਮੀਆਂ ਕਰਦੈਂ ਗੱਲ ਗੱਲ ‘ਤੇ ਤਰਕ।
ਵੱਡਿਆ ਲੇਖਕਾ ਫਿਰ ਕਿਉਂ ਰੱਖਦੈਂ ਸੂਰਮਿਆਂ ਵਿੱਚ ਫਰਕ।”
ਰੋਮੀ ਘੜਾਮਾਂ।
9855281105