(ਸਮਾਜ ਵੀਕਲੀ)
ਭਗਤ ਨਾਮਦੇਵ ਜੀ……
ਮੱਧਯੁਗੀ ਭਗਤਾਂ ਨੂੰ, ਚੱਲਣ ਲਈ ਭਗਤੀ ਦੇ ਰਾਹ ਤੇ, ਆਈਆਂ ਬਹੁਤ ਕਠਿਨਾਈਆਂ,
ਮਨੂੰਵਾਦੀਆਂ ਨੇ ਮਨੁੱਖਤਾ ਦੀਆਂ, ਜਾਤੀਵਾਰ ਵੰਡੀਆਂ ਪਾਈਆਂ।
ਧੰਨ ਹਨ ਉਹ ਮੱਧਯੁਗੀ ਭਗਤ, ਜਿਨ੍ਹਾਂ ਉੱਚ ਵਰਗ ਦੀਆਂ ਝੱਲੀਆਂ ਦੁਸ਼ਵਾਰੀਆਂ, ਸ਼ੂਦਰ! ਸ਼ੁਦਰ!! ਆਖ ਕੇ ਨਾਮਦੇਵ ਨੂੰ,ਕੱਢਿਆ ਮੰਦਰੋਂ ਬਾਹਰ,ਪੰਡਤਾਂ ਹੰਕਾਰੀਆਂ।
ਜਾਤੀ ਵੰਡ’ਚ ਬ੍ਰਾਹਮਣਾਂ ਦਾ ਕੰਮ,ਧਾਰਮਿਕ ਕਿਤਾਬਾਂ ਪੜ੍ਹਨਾ ਤੇ ਕਰਨਾ ਵਿਚਾਰ,
ਖੱਤਰੀਆਂ ਦੇ ਜਿੰਮੇ, ਰੱਖਿਆ ਕਰਨਾ ਦੇਸ਼ ਦੀ, ਵੈਸ਼ ਕਰਨ ਵਿਉਪਾਰ।
ਸ਼ੂਦਰਾਂ ਨੂੰ ਨੀਵਾਂ ਗਿਣ ਕੇ, ਉੱਪਰਲੇ ਤਿੰਨ ਵਰਗਾਂ ਦੀ ਦਿੱਤੀ ਸੇਵਾ-ਸੰਭਾਲ,
ਮਨਾਹੀ ਸੀ ਭਗਤੀ ਕਰਨ ਦੀ, ਤੇ ਧਾਰਮਿਕ ਕਿਤਾਬਾਂ ਤੇ ਕਰਨਾ ਵਿਚਾਰ। ਸਖਤ ਸਜ਼ਾਵਾਂ ਰੱਖੀਆਂ, ਧਾਰਮਿਕ ਵਿਚਾਰ ਪੜ੍ਹਨ ਤੇ ਜੀਭ ਕੱਟਣੀ, ਸੁਣਨ ਤੇ ਕੰਨਾਂ ਵਿੱਚ ਸਿੱਕਾ ਪਾਉਂਦੇ ਢਾਲ।
ਛੂਤ-ਛਾਤ ਤੇ ਜਾਤ-ਪਾਤ ਦਾ,ਵਿਛਿਆ ਸੀ ਜਾਲ,
ਭਿੱਟੇ ਜਾਣ ਤੇ ਉਨਾਂ ਦਾ ਪਰਛਾਵਾਂ ਪੈਣ ਤੇ ਵੀ ਉੱਠਦੇ ਸਵਾਲ।
ਸ਼ਹਿਰ ਜਾਂ ਪਿੰਡ ਤੋਂ ਬਾਹਰ ਹੁੰਦੇ,ਉਹਨਾਂ ਦੇ ਰਹਿਣ ਵਾਲੇ ਸਥਾਨ,
ਪਾਂਡਿਆਂ ਨੂੰ ਭਰਮ ਹੋ ਗਿਆ, ਉਹ ਹਨ ਉੱਚੀ ਜਾਤੀ ਭਗਵਾਨ।
ਬਾਬੇ ਨਾਨਕ, ਸਭ ਭਗਤਾਂ ਦੀ ਬਾਣੀ ਕੀਤੀ ਦਰਜ ਵਿੱਚ ਗੁਰਬਾਣੀ,
ਸਭ ਮਨੁੱਖਾਂ ਨੂੰ ਦਿੱਤੀ ਬਰਾਬਰੀ ਇਸ ਤੋਂ ਵੱਧ ਕੀ ਗੱਲ ਹੋਊ ਸਿਆਣੀ।
ਨਾਮਦੇਵ ਜੀ ਆਖਦੇ,ਪ੍ਰਭੂ ਹਰ ਥਾਂ ਵਿਦਮਾਨ,
ਹਰ ਹਿਰਦੇ, ਹਰ ਜੀਵ ‘ਚ ਵਸਦਾ, ਨਾ ਕਰੋ ਕਿਸੇ ਦਾ ਅਪਮਾਨ।
ਪਾਂਡੇ ਸਾਨੂੰ ਨੀਚ ਦਿਖਾਕੇ,ਆਪ ਹੋ ਰਹੇ ਨੀਚ,
ਪ੍ਰਭੂ ਸਾਨੂੰ ਤਾਂ ਤੇਰਾ ਆਸਰਾ,ਤੂੰ ਹੀ ਸਾਡਾ ਜਗਦੀਸ਼।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639