(ਸਮਾਜ ਵੀਕਲੀ)
ਭਾਗਾਂਵਾਲੀ ਚਾਰ ਪਾਈਏ ਦੀ, ਕੁੜੀ ਜੰਮ ਪਈ, ਕਿਲਕਾਰੀਆਂ ਮਾਰਦੀ ਆਈ।
ਰੱਬ ਕੋਲੋਂ ਆਈ, ਦੁਨਿਆਵੀ ਜੀਵਾਂ ਨੂੰ ਆਪਣੀ ਹੋਂਦ ਜਿਤਾਈ।
ਮਹੀਨੇ ਦੀ ਹੋਈ, ਭੁੱਖ ਲੱਗਣ ਤੇ ਚੀਕਾਂ ਮਾਰੇ,
ਟੀਕੇ ਲੱਗਣੇ ਸ਼ੁਰੂ ਹੋਏ ਮਹੀਨਾਵਾਰ, ਦਰਦਾਂ ਨਾਲ ਕਰਾਹਉਂਦੀ।
ਦੋ ਮਹੀਨਿਆਂ ਦੀ ਹੋਈ, ਥੋੜੀ ਥੋੜੀ ਪਛਾਣ ਬਣਾਵੇ।
ਮਾਂ ਵੱਲ ਟਿੱਕ-ਟਿੱਕੀ ਲਗਾ ਕੇ, ਦੇਖਣ ਦੇ ਭੁਲੇਖੇ ਪਾਉਂਦੀ।
ਤਿੰਨ ਮਹੀਨਿਆਂ ਬਾਅਦ, ਤੀਸਰਾ ਟੀਕਾ ਚੇਚਕ ਮਾਤਾ ਦਾ ਲੱਗ ਜਾਵੇ।
ਕੁਝ ਦਿਨ ਤਾਂ ਭੁੱਖ ਤੇ ਦਰਦਾਂ ਕਰਕੇ, ਨ੍ਹਾਸੀਂ ਧੂਆਂ ਲਿਆਵੇ।
ਆਵਾਜ਼ ਵੀ ਉੱਚੀ ਹੋਣ ਲੱਗੀ, ਸਾਰੇ ਮੁਹੱਲੇ ਨੂੰ ਪਤਾ ਲਾਵੇ।
ਟੀਕੇ ਤਾਂ ਬੰਦ ਹੋ ਗਏ, ਕਦੀ ਕਦੀ ਮੌਸਮੀ ਬੁਖਾਰ ਹੋ ਜਾਵੇ।
ਪੰਜਵੇਂ ਮਹੀਨੇ ਪਰਿਵਾਰ ਦੇ ਜੀਆਂ ਨਾਲ, ਹਲਕੀ ਹਲਕੀ ਜਿਹੀ ਪਹਿਚਾਣ।
ਕਦੀ ਹੱਸੇ, ਕਦੀ ਰੋਵੇ, ਸਾਰੇ ਲੱਗਦੇ ਉਸ ਨੂੰ ਮੰਨਾਣ।
ਛੇਵੇਂ ਮਹੀਨੇ, ਕਦੀ ਮਾਂ-ਅੰਮਾ-ਮਾਂ-ਮੰਮਾ, ਦਾ ਅਲਾਪ ਕਰੇ।
ਦਿਨ-ਪਰ-ਦਿਨ ਫਰਕ ਪਵੇ, ਜਦੋਂ ਅਵਾ-ਬਾ- ਅੱਬਾ-ਬਾ-ਬਾਬਾ ਦਾ ਜਾਪ ਕਰੇ।
ਘੂਰ-ਘੱਪ ਨੂੰ ਸਮਝਦੀ, ਮੰਮੀ-ਊਂ-ਮੰਮੀ-ਆ-ਜਾ-ਆਜਾ ਕਹਿ ਵਿਰਲਾਪ ਕਰੇ।
ਛੋਟੇ ਬੱਚਿਆਂ ਵਿੱਚ, ਅਧਿਕ ਦਿਲਚਸਪੀ ਹੈ ਲੈਂਦੀ, ਹੂੰ ਕਰਕੇ ਹੁੰਗਾਰਾ ਭਰਦੀ।
ਜੇ ਕੋਈ ਗੱਲ ਪੁੱਛੀਏ ਤਾਂ ਵੀ ਹੂੰ-ਹੂੰ ਕਰਕੇ, ਸਭ ਦੀ ਲੈਂਦੀ ਹਮਦਰਦੀ।
ਗੁੰਮਵੱਟਾ ਬਣ ਝਾਕਦੀ ਰਹਿੰਦੀ, ਲੱਗਦੀ ਜਿਵੇਂ ਵੱਡੀ ਵਿਦਵਾਨ।
ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਵਿਰਸਾ ਛੱਡੇ ਆਪਣੇ ਨਿਸ਼ਾਨ।
ਆਸੇ ਪਾਸੇ ਛਣਕਣਿਆਂ, ਛੋਟੀਆਂ ਖੇਡਾਂ, ਵਿੱਚ ਹੱਥ ਮਾਰੇ।
ਪਕੜ ਵਿੱਚ ਨਾ ਆਉਣ ਜਦੋਂ, ਮਾਂ ਨੂੰ ਪਈ ਪੁਕਾਰੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639