ਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡੀ ਤ੍ਰਾਸਦੀ

ਡਾ: ਵਿਸ਼ਵਜੀਤ ਸਿੰਘ ਖੰਡਾ

ਮਾਂ^ਬੋਲੀ ਬੋਲਣ *ਚ ਹੀਣਤਾ ਮਹਿਸੂਸ ਕਰਨੀ ਜਾਂ ਬੋਲਣਾ ਛੱਡ ਦੇਣਾ ਸਾਡੀ ਆਤਮਿਕ ਕੰਗਾਲੀ ਦੀ ਨਿਸ਼ਾਨੀ      

(ਸਮਾਜ ਵੀਕਲੀ)ਬੋਲੀ ਸਿਰਫ ਅਤੇ ਸਿਰਫ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਸ ਨਾਲ ਕਿਸੇ ਖਿੱਤੇ ਦੇ ਲੋਕਾਂ ਦੀ ਪੂਰੀ ਜੀਵਨ ਜਾਂਚ ਹੁੰਦੀ ਹੈ। ਬੋਲੀ ਕਰਕੇ ਹੀ ਸਭਿਆਚਾਰ ਦੀ ਹੋਂਦ ਹੁੰਦੀ ਹੈ। ਅਜੋਕਾ ਮਨੁੱਖ ਬੋਲੀ ਕਰਕੇ ਹੀ ਬਾਕੀ ਜੀਵਾਂ ਤੋਂ ਅਲੱਗ ਹੈ । ਬੋਲੀ ਹੋਣ ਕਾਰਨ ਹੀ ਮਨੁੱਖ ਆਪਣੇ ਅਨੁਭਵਾਂ ਨੂੰ ਅਗਲੀ ਪੀੜੀ ਤੱਕ ਪਹੁੰਚਾ ਲੈ ਜਾਂਦਾ ਹੈ, ਜਿਸ ਕਰਕੇ ਉਸਦੀ ਸਮਝ ਵਿਕਸਿਤ ਹੁੰਦੀ ਗਈ ਅਤੇ ਉਹ ਧਰਤੀ ਦਾ ਸ੍ਰੇਸ਼ਟ ਜੀਵ ਬਣ ਗਿਆ। ਜ਼ਦੋਂ ਕਿ ਦੂਸਰੇ ਜਾਨਵਰਾਂ ਅਜਿਹਾ ਨਹੀਂ ਕਰ ਸਕੇ ਕਿਉਂਕਿ ਉਹ ਆਪਣੀ ਬੋਲੀ ਨਹੀਂ ਵਿਕਸਤ ਕਰ ਸਕੇ। ਦੁਨੀਆਂ ਦੀਆਂ ਸਾਰੀਆਂ ਬੋਲੀਆਂ ਹੀ ਮਹੱਤਵਪੂਰਨ ਹਨ ਅਤੇ ਹਰੇਕ ਬੋਲੀ ਦਾ ਆਪਣਾ ਇਤਿਹਾਸ ਅਤੇ ਮਹੱਤਵ ਹੈ। ਪਰ ਕਿਸੇ ਖਿੱਤੇ ਦੇ  ਲੋਕਾਂ ਦੀ ਮਾਂ ਬੋਲੀ ਹੀ ਉਹਨਾਂ ਵਾਸਤੇ ਸਭ ਤੋਂ ਉੱਪਰ ਹੁੰਦੀ ਹੈ ਕਿਉਂਕਿ ਮਨੁੱਖ ਆਪਣੇ ਮਨੋਭਾਵ ਆਪਣੀ ਮਾਂ ਬੋਲੀ ਰਾਂਹੀਂ ਹੀ ਠੀਕ ਢੰਗ ਨਾਲ ਪ੍ਰਗਟ ਕਰ ਸਕਦਾ ਹੈ।ਮਾਂ ਬੋਲੀ ਮਾਂ ਦੇ ਦੁੱਧ ਨਾਲ ਅਤੇ ਆਪਣੇ ਆਲੇ ਦੁਆਲੇ ਤੋਂ ਸਿੱਖੀ ਹੋਈ ਬੋਲੀ ਹੁੰਦੀ ਹੈ।ਇੱਕ ਅੰਗਰੇਜ਼ ਕਵੀ ਲਿਖਦਾ ਹੈ ”ਮਾਂ ਬੋਲੀ ਬੱਚੇ ਅੰਦਰ ਧੜਕਦੇ ਦਿਲ ਦੀ ਬੋਲੀ ਹੁੰਦੀ ਹੈ” । ਮਾਂ ਬੋਲੀ ਦੇ ਮਹੱਤਵ ਦਾ ਜਿਕਰ ਕਰਦੇ ਹੋਏ ”ਮੇਰਾ ਦਾਗਿਸਤਾਨ” ਦੇ ਲੇਖਕ ਰਸੂਲ ਹਮਜਾਤੋਵ ਲਿਖਦੇ ਹਨ ਕਿ ਜੇਕਰ ਕਿਸੇ ਨੂੰ ਵੱਡੀ ਬਦ^ਦੁਆ ਦੇਣੀ ਹੋਵੇ ਤਾਂ ਉਸ ਨੂੰ ਕਹੋ ਕਿ ”ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ”। ਜਦੋਂ ਬ੍ਰਾਹਮਣਾ ਨੇ ਆਪਣੀ ਬੋਲੀ ਨੂੰ ਛੱਡ ਕੇ ਅਰਬੀ ਫਾਰਸੀ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਆਪਣੀ ਬੋਲੀ ਬੋਲਣ ਲਈ ਕਿਹਾ ਸੀ ਜਿਸ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਸੀ;

ਘਰਿ ਘਰਿ ਮੀਆ ਸਭਨਾ ਜੀਆ, ਬੋਲੀ ਅਵਰੁ ਤੁਮਾਰੀ॥

                       ਕੋਈ ਮਨੁੱਖ ਕਈ ਬੋਲੀਆਂ ਬੋਲ ਸਕਦਾ ਹੈ ਪਰੰਤੂ ਸਹੀ ਸਮਝ ਉਸੇ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਥੇ ਉਹ ਜਨਮ ਲੈਂਦਾ ਹੈ। ਕਿਸੇ ਬੋਲੀ ਨੂੰ ਜਨਮ ਤੋਂ ਬੋੋਲਣ ਵਾਲੇ ਆਮ ਲੋਕਾਂ ਦੀ ਬੋਲ ਚਾਲ ਕਿਤਾਬੀ ਬੋਲੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਨਾਲੋਂ ਜਿਆਦਾ ਮੁਹਾਵਰੇਦਾਰ ਅਤੇ ਠੇਠ ਹੁੰਦੀ ਹੈ।ਜਦੋਂ ਮਾਂ ਬੋਲੀ ਸੰਕਟ ਵਿਚ ਆ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਮਸਲਾ ਕੋਈ ਛੋਟਾ ਨਹੀਂ, ਰੋੋਗ ਦੂਰ ਤੱਕ ਫੈਲ ਚੁੱਕਿਆ ਹੈ, ਇਸਤੇ ਗਹਿਰੇ ਚਿੰਤਨ ਦੀ ਲੋੜ ਹੈ । ਇਹ ਗੱਲ ਸਾਡੀ ਚਿੰਤਾ *ਚ ਭਾਰੀ ਵਾਧਾ ਕਰਨ ਵਾਲੀ ਹੈ ਕਿ ਮਸਲਾ ਆਪਣੀ ਮਾਂ ਬੋਲੀ ਨੂੰ ਬੋਲਣ ਤੋਂ ਕਾਫੀ ਅੱਗੇ ਲੰਘ ਕੇ ਆਪਣੀ ਮਾਂ ਬੋਲੀ ਨੂੰ ਨਾ^ਸਮਝ ਆਉਣ ਤੱਕ ਪਹੁੰਚ ਗਿਆ ਹੈ। ਇੱਕ ਪਾਸੇ ਤਾਂ ਆਪਣੀ ਮਾਂ ਬੋਲੀ ਨੂੰ ਛੱਡ ਰਹੇ ਲੋਕਾਂ ਦਾ ਸੁਆਲ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਉ=ਹਨਾਂ ਲੋਕਾਂ ਦੀ ਗੱਲ ਆਉਂਦੀ ਹੈ ਜਿਹੜੇ ਆਪਣੀ ਮਾਂ ਬੋਲੀ ਨੂੰ ਇਸ ਤਰਾਂ ਬੋਲਦੇ ਹਨ ਜਿਵੇਂ ਕੋਈ ਓਪਰਾ ਬੰਦਾ ਬੋਲਦਾ ਹੋਵੇ। ਹਰ ਬੋਲੀ ਦੇ ਜਮਾਂਦਰੂ ਬੁਲਾਰੇ ਉਸਦੇ ਗੂੜ੍ਹੇ ਮੁਹਾਵਰਿਆਂ ਦੀ ਵਰਤੋਂ ਕਰਦੇ ਹਨ ਜਿਹੜੇ ਕਿਤਾਬੀ ਬੋਲੀ ਤੋਂ ਲੱਗਭੱਗ ਬਾਹਰ ਹੀ ਹੁੰਦੇ ਹਨ। ਪਰੰਤੂ ਅੱਜ^ਕੱਲ੍ਹ ਬੋਲੀ ਜਾਂਦੀ ਪੰਜਾਬੀ ਬੋਲੀ ਬਹੁਤੀ ਕਿਤਾਬੀ ਹੀ ਹੈ ਕਿਉਂਕਿ ਸਾਡੇ ਸਮਾਜ ਅੰਦਰ ਸੱਭਿਆਚਾਰਕ ਅਰਥਾਂ ਵਾਲੇ ਲਫਜ਼ ਤੇਜੀ ਨਾਲ ਖਤਮ ਹੋ ਰਹੇ ਹਨ। ਦੂਜੇ ਸ਼ਬਦਾਂ *ਚ ਕਹੀਏ ਤਾਂ ਮੁਹਾਵਰੇ ਦੀ ਪੂਰੀ ਸਮਝ ਅਤੇ ਸਹਿਜ ਵਰਤੋਂ ਨੂੰ ਹੀ ਬੋਲੀ ਕਿਹਾ ਜਾਂਦਾ ਹੈ। ਇਸੇ ਲਈ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਸਾਡੀ ਅਗਲੀ ਪੀੜ੍ਹੀ ਦੀ ਬੋਲੀ ਵਿਚੋਂ ਮੁਹਾਵਰਾ ਹੀ ਖਤਮ ਹੋ ਰਿਹਾ ਹੈ। ਅੱਜਕੱਲ੍ਹ ਦੇ ਬਹੁਤੇ ਬੱਚਿਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਉਪਰੰਤ ਇੰਝ ਲਗਦਾ ਹੈ ਜਿਵੇਂ ਉਹ ਪੰਜਾਬ ਵਿਚ ਜੰਮੇ ਹੀ ਨਾ ਹੋਣ ਕਿਉਂਕਿ ਉਨ੍ਹਾਂ ਦੀ ਬੋਲੀ ਪੂਰੀ ਕਿਤਾਬੀ ਅਤੇ ਮੁਹਾਵਰਿਆਂ ਤੋਂ ਪੂਰੀ ਤਰ੍ਹਾਂ ਸੱਖਣੀ ਹੁੰਦੀ ਹੈ। ਮੁਹਾਵਰੇ ਦੀ ਵਰਤੋਂ ਅਰਥਾਂ *ਚ ਸੁਆਦ ਪੈਦਾ ਕਰਦੀ ਹੈ, ਇਕ ਜਾਨ ਪੈਦਾ ਕਰਦੀ ਹੈ। ਪੁਰਾਣੇ ਗਾਇਕ ਚਮਕੀਲੇ ਵਰਗਿਆਂ ਦੇ ਗੀਤ ਲੱਚਰ ਹੋਣ ਦੇ ਬਾਵਜੂਦ ਵੀ ਅਜੇ ਤੱਕ ਚੱਲ ਰਹੇ ਹਨ ਕਿਉਂਕਿ ਉਨ੍ਹਾਂ *ਚ ਮੁਹਾਵਰਿਆਂ ਦੀ ਵਰਤੋਂ ਹੈ। ਕਿਸੇ ਬੋਲੀ ਨੂੰ ਬੋਲਣ ਵਾਲਿਆਂ ਦੀ ਗਿਣਤੀ ਵੱਧ^ਘੱਟ ਹੋ ਸਕਦੀ ਹੈ ਪ੍ਰੰਤੂ ਬੋਲਣ ਵਾਲਿਆਂ ਦੀ ਬੋਲ ਚਾਲ ਜੇਕਰ ਮੂਲ ਮੁਹਾਵਰੇ ਤੋਂ ਸੱਖਣੀ ਹੈ ਤਾਂ ਉਹ ਉਸ ਬੋਲੀ ਦੇ ਖਾਤਮੇ ਵੱਲ ਜਾਣ ਦਾ ਇੱਕ ਸੰਕੇਤ ਹੈ।

            ਸੰਸਾਰਕ ਬੋਲੀਆਂ ਦੇ ਤੇਜੀ ਨਾਲ ਹੋ ਰਹੇ ਖਾਤਮੇ ਸਬੰਧੀ ਯੂਨੈਸਕੋ ਦੀ ਇੱਕ ਸਰਵੇ^ਰਿਪੋਰਟ ਮੁਤਾਬਿਕ ਦੁਨੀਆਂ ਦੀਆਂ ਕੁਝ ਬੋਲੀਆਂ ਵਿਚੋਂ ਇਸ ਸਦੀ ਦੇ ਅੰਤ ਤੱਕ ਤਕਰੀਬਨ 90 ਫੀਸਦੀ ਬੋਲੀਆਂ ਖਤਮ ਹੋ ਜਾਣਗੀਆਂ। ਇਸ ਦਾ ਸਹਿਜ ਭਾਵ ਇਹ ਕਿ ਸਦੀ ਦੇ ਅੰਤ ਸਿਰਫ 10 ਫੀਸਦੀ ਬੋਲੀਆਂ ਹੀ ਬਾਕੀ ਰਹਿ ਜਾਣਗੀਆਂ । ਇਹ ਕੰਮ ਪੱਛਮੀਂ ਦੇਸ਼ਾਂ *ਚ ਵੀ ਚਾਲੂ ਹੈ ਜਿੱਥੇ 19ਵੀਂ ਸਦੀ ਤੱਕ 300 ਬੋਲੀਆਂ ਸਨ ਪ੍ਰੰਤੂ ਅੱਜ ਸਿਰਫ 55 ਦੇ ਕਰੀਬ ਹੀ ਬਾਕੀ ਬਚੀਆਂ ਹਨ। ਸਭ ਤੋਂ ਸੌਖੇ ਮੰਨੇ ਜਾਂਦੇ ਦੇਸ਼ ਕੈਨੇਡਾ ਦੀ ਗੱਲ ਕਰੀਏ ਤਾਂ 1951 *ਚ 87H41 ਫੀਸਦੀ ਲੋਕ ਖੇਤਰੀ ਭਾਸ਼ਾਵਾਂ ਬੋਲਦੇ ਸਨ, ਪ੍ਰੰਤੂ ਅੱਜ ਉਹ 26 ਫੀਸਦੀ ਹੀ ਰਹਿ ਗਈ ਕਿਉਕਿ ਬਾਕੀ ਨੂੰ ਅੰਗਰੇਜੀ ਡਕਾਰ ਗਈ। ਪੰਜਾਬ, ਹਿਮਾਚਲ ਤੇ ਗੁਜਰਾਤ ਵਿੱਚ ਇਕ ਕਬੀਲੇ ਦੇ ਲੋਕ ”ਸਾਂਸੀ” ਬੋਲੀ ਬੋਲਦੇ ਸਨ। ਅੱਜ ਇਸ ਕਬੀਲੇ ਦੀ ਗਿਣਤੀ 6000 ਤੋਂ 60000 ਹੋ ਗਈ ਹੈ ਪ੍ਰੰਤੂ ਇਸ ਦੀ ਬੋਲੀ ”ਸਾਂਸੀ” ਨੂੰ ਬੋਲਣ ਵਾਲਿਆਂ ਦੀ ਗਿਣਤੀ ਮਹਿਜ 10 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। ਇਸ ਬਾਰੇ ਆਪਾਂ ਕੀ ਸੋਚਦੇ ਹਾਂ ਕਿ ਜੇਕਰ ਸਾਂਸੀ ਬੋਲੀ ਨੂੰ ਪੰਜਾਬੀ, ਹਿੰਦੀ ਤੇ ਗੁਜਰਾਤੀ ਬੋਲੀਆਂ ਖਾ ਗਈਆਂ ਤਾਂ ਕੀ ਤੁਹਾਡੀ ਬੋਲੀ ਨੂੰ ਕੋਈ ਖਤਰਾ ਨਹੀ <

         ਕਿਸੇ ਵੀ ਬੋਲੀ ਵਿੱਚ ਦੂਜੀ ਭਾਸ਼ਾ ਦੇ ਸ਼ਬਦਾਂ ਦੀ ਆਮਦ ਆਮ ਜਿਹਾ ਵਰਤਾਰਾ ਹੈ। ਪੰਜਾਬੀ ਬੋਲੀ *ਚ ਵੀ ਕਈ ਖਤਰਨਾਕ ਰੁਝਾਨ ਪੈਦਾ ਹੋ ਰਹੇ ਹਨ। ਪੰਜਾਬੀ ਬੋਲੀ *ਚ ਜਿਸ ਤਰ੍ਹਾਂ ਅੰਗਰੇਜੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਅੱਖਰਾਂ ਦੀ ਬੇਲੋੜੀ ਵਰਤੋਂ ਹੋ ਰਹੀ ਹੈ ਉਸਨੇ ਪੰਜਾਬੀ ਬੋਲੀ ਦਾ ਦਾਇਰਾ ਬਹੁਤ ਘਟਾ ਦਿੱਤਾ ਹੈ। ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਬੋਲੀ ਨੂੰ ਪਹਿਲ ਦੇਣਾ, ਉਸਦੇ ਰੰਗ ਵਿਚ ਆਪਣੇ ਆਪ ਨੂੰ ਬੇਲੋੜਾ ਰੰਗਣਾ, ਸੱਭਿਆਚਾਰ ਅਤੇ ਆਪਣੀ ਸੂਝਦਾ ਦੀਵਾਲੀਆਪਣ ਹੈ। ਆਮ ਤੌਰ ਤੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਪੰਜਾਬੀ ਬੋਲੀ ਨੂੰ ਅੰਗਰੇਜ਼ੀ ਭਾਸ਼ਾ ਤੋਂ ਜਿਆਦਾ ਖਤਰਾ ਹੈ। ਇਸ ਕਥਨ *ਚ ਸੱਚਾਈ ਹੋ ਸਕਦੀ ਹੈ ਪ੍ਰੰਤੂ ਪੂਰਨ ਸੱਚਾਈ ਨਹੀਂ ਜਾਪਦੀ। ਅਸਲ ਵਿਚ ਪੰਜਾਬੀ ਬੋਲੀ ਦੀ ਸੰਘੀ ਤਾਂ ਹਿੰਦੀ ਅਤੇ ਸੰਸਕ੍ਰਿਤ ਨੇ ਘੁੱਟ ਰੱਖੀ ਹੈ।ਦੂਜੀਆਂ ਬੋਲੀਆਂ ਦੇ ਸ਼ਬਦਾਂ ਦੇ ਰਲੇਵੇਂ ਨੇ ਪੰਜਾਬੀ ਬੋਲੀ ਦੀ ਬਣਤਰ ਅਤੇ ਰੂਪ *ਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ।ਪੰਜਾਬੀ ਬੋਲੀ ਵਿਚ ਹਿੰਦੀ ਅਤੇ ਹੋਰ ਬੋਲੀਆਂ ਦੇ ਸ਼ਬਦਾਂ ਦੀ ਬਦੋਬਦੀ ਹੋ ਰਹੀ ਬੇਲੋੜੀ ਵਰਤੋਂ ਕਾਰਨ ਆਏ ਵਿਗਾੜਾਂ ਨੂੰ ਗਹੁ ਨਾਲ ਦੇਖਕੇ ਸਥਿਤੀ ਸਪੱਸ਼ਟ ਹੁੰਦੀ ਹੈ।

                           ਜਦੋਂ ਸਾਡਾ ਬੱਚਾ ਸਕੂਲ ਜਾਂਦਾ ਹੈ ਤਾਂ ਉਸਨੂੰ ਜੇਕਰ ਪੰਜਾਬੀ ਮਾਧਿਅਮ ਸਕੂਲ ਵਿਚ ਵੀ ਭੇਜਿਆ ਜਾਵੇ ਤਾਂ ਉਹ ਬੋਤੇ ਨੂੰ ਉੱਠ, ਉੱਠ ਨੂੰ ਊਠ ਯਾਨੀ ਕਿ ਹਿੰਦੀ ਸ਼ਬਦ ਨਾਲ ਬੋਲਦਾ ਹੈ। ਇਸੇ ਤਰ੍ਹਾਂ ਕਿਤਾਬ ਤੋਂ ਪੁਸਤਕ ਕਦੋਂ ਬਣ ਗਈ, ਕੁਦਰਤੀ ਸੋਮਿਆਂ ਤੋਂ ਪ੍ਰਾਕ੍ਰਿਿਤਕ ਸੋਮੇ , ਨੌਜਵਾਨ ਤੋਂ ਯੁਵਕ, ਜਨਾਨੀ ਜਾਂ ਤੀਵੀਂ ਤੋਂ ਮਹਿਲਾ ਕਦੋਂ ਬਣ ਗਈ , ਸਿੱਖਿਆ ਮਹਿਕਮਾਂ, ਸਿਹਤ ਮਹਿਕਮਾਂ, ਬਿਜਲੀ ਮਹਿਕਮਾਂ, ਪੁਲਿਸ ਮਹਿਕਮਾਂ ਕਦੋਂ ਵਿਭਾਗ ਬਣ ਗਏ। ਰੋਜ਼ਾਨਾਂ ਅਖਬਾਰ ਕਦੋਂ ਦੈਨਿਕ ਅਖਬਾਰ, ਚਾਨਣ ਤੋਂ ਪ੍ਰਕਾਸ਼, ਨਾਂ ਤੋਂ ਨਾਮ , ਦੂਜਾ ਅਤੇ ਤੀਜਾ ਤੋਂ ਦੂਸਰਾ ਅਤੇ ਤੀਸਰਾ , ਹਫਤੇ ਤੋਂ ਸਪਤਾਹ, ਅੰਨ ਤੋਂ ਅਨਾਜ ਅਤੇ ਚੌਲਾਂ ਤੋਂ ਚਾਵਲ ਕਦੋਂ ਬਣ ਗਏ ਸਾਨੂੰ ਪਤਾ ਵੀ ਨਹੀਂ ਚੱਲਿਆ। ਜਿਵੇਂ ਪਹਿਲਾਂ ਬੋਤੇ ਤੋਂ ਉੱਠ ਅਤੇ ਉੱਠ ਤੋਂ ਊਂਠ ਬਣਿਆ ਉਸੇ ਤਰ੍ਹਾਂ ਗਾਂ ਤੋਂ ਗਊ ਅਤੇ ਗਊ ਤੋਂ ਗਾਏ ਬਣਨ ਦੀ ਪੂਰੀ ਤਿਆਰੀ ਹੈ। ਖਾਲੀ ਥਾਵਾਂ ਤੋਂ ਖਾਲੀ ਸਥਾਨ ਅਤੇ ਅੱਖਰਾਂ ਤੋਂ ਅਕਸ਼ਰ ਬਣ ਰਹੇ ਹਨ। ਇੰਨਾ ਹੀ ਬੱਸ ਨਹੀਂ ਪਹਿਲਾਂ ਸਾਡਾ ਢਿੱਡ ਦੁਖਦਾ ਹੁੰਦਾ ਸੀ ਹੁਣ ਪੇਟ ਦਰਦ ਹੁੰਦਾ ਹੈ,ਪਹਿਲਾਂ ਸਾਨੂੰ ਤ੍ਰੇਹ ਲੱਗਦੀ ਹੁੰਦੀ ਸੀ ਹੁਣ ਪਿਆਸ ਲੱਗਦੀ ਹੈ, ਪਹਿਲਾਂ ਸਾਡੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਿਲਦੀ ਸੀ ਹੁਣ ਪ੍ਰਾਥਮਿਕ ਸਿੱਖਿਆ ਮਿਲਦੀ ਹੈ। ਬੱਚੇ ਵੀ ਜਮਾਤਾਂ ਤੋਂ ਹੁਣ ਕਲਾਸਾਂ *ਚ ਜਾਣ ਲੱਗ ਪਏ ਹਨ। ਹੋਰ ਤਾਂ ਹੋਰ ਭਾਸ਼ਾ ਮਹਿਕਮਾ ਜੋ ਹੁਣ ਵਿਭਾਗ ਬਣ ਗਿਆ ਹੈ ਉਹ ਵੀ ਪੰਜਾਬੀ ਬੋਲੀ ਦੀ ਤਰੱਕੀ ਦੀ ਥਾਂ ਤੇ ਉੱਨਤੀ ਕਰਵਾ ਰਿਹਾ ਹੈ, ਜਿਸ ਲਈ ਉਹ ਪੰਜਾਬੀ ਹਫਤਾ ਮਨਾਉਣ ਦੀ ਥਾਂ ਪੰਜਾਬੀ ਸਪਤਾਹ ਮਨਾਂਉਂਦਾ ਹੈ।ਬੀਤੀ 21 ਫਰਵਰੀ ਨੂੰ ਮਨ ਨੂੰ ਠੇਸ ਉਦੋਂ ਵੱਜੀ ਜਦੋਂ ਕੌਮਾਂਤਰੀ ਮਾਂ^ਬੋਲੀ ਦਿਹਾੜੇ ਤੇ ਪੰਜਾਬੀ ਦੇ ਵੱਡੇ ਵਿਦਵਾਨਾਂ ਦੁਆਰਾ ਹੀ ਪੰਜਾਬੀ ਪੰਜਾਬੀ ਮਾਂ^ ਬੋਲੀ ਦਿਹਾੜੇ ਨੂੰ ਪੰਜਾਬੀ ਮਾਂ^ਬੋਲੀ ਦਿਵਸ ਲਿਖ ਕੇ ਵਧਾਈਆਂ ਦਿੱਤੀਆਂ ਗਈਆਂ।

                    ਆਲਮ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਖੁੱਲ੍ਹੇ ਨਿੱਜੀ ਵਿੱਦਿਅਕ ਅਦਾਰਿਆਂ *ਚ ਪੰਜਾਬੀ ਬੋਲਣ ਤੇ ਪਾਬੰਦੀ ਹੈ, ਜੇਕਰ ਕੋਈ ਬੱਚਾ ਪੰਜਾਬੀ ਜੁਬਾਨ *ਚ ਗੱਲ ਕਰਦਾ ਹੈ ਤਾਂ ਮੋਟੇ ਜੁਰਮਾਨੇ ਦੇ ਡਰ ਦੀ ਤਲਵਾਰ ਲਟਕਾਈ ਜਾਂਦੀ ਹੈ। ਪੰਜਾਬ ਵਿਚ ਪੰਜਾਬ ਦੀ ਮਾਂ^ਬੋਲੀ ਨੂੰ ਜਬਰਦਸਤੀ ਨਾਲ ਸਾਡੇ ਤੋਂ ਦੂਰ ਕੀਤਾ ਜਾ ਰਿਹਾ ਹੈ ਪਰ ਅਸੀਂ ਚੁੱਪ ਹਾਂ । ਇਸ ਸੰਬੰਧ ਵਿਚ ਪੰਜਾਬੀ ਦੇ ਸਿਰਮੌਰ ਲੇਖਕ ਸੁਰਜੀਤ ਪਾਤਰ ਜੀ ਦੀਆਂ ਇਹ ਸਤਰਾਂ ਬੜੀਆਂ ਹੀ ਢੁਕਵੀਆਂ ਹਨ :^

                    ਚੀਂ^ਚੀਂ ਕਰਦੀਆਂ ਚਿੜੀਆਂ ਦਾ,

                    ਕਲ਼^ਕਲ਼ ਕਰਦੀਆਂ ਨਦੀਆਂ ਦਾ,

                    ਸ਼ਾਂ^ਸ਼ਾਂ ਕਰਦੇ ਬਿਰਖਾਂ ਦਾ,

                    ਆਪਣਾ ਹੀ ਤਰਾਨਾਂ ਹੁੰਦਾ ਹੈ।

                    ਮੈਂ ਸੁਣਿਐ ਇਸ ਧਰਤੀ ਤੇ,

                    ਇੱਕ ਅਜੇਹਾ ਦੇਸ਼ ਵੀ ਹੈ ,

                    ਜਿੱਥੇ ਬੱਚਿਆਂ ਨੂੰ ਆਪਣੀ ਹੀ,

                    ਮਾਂ^ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ॥

                ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਨੂੰ ਅੰਗਰੇਜੀ  ਤੋਂ ਵੀ ਖਤਰਾ ਹੈ ਜਿਵੇਂ ਸਾਡੇ ਸਕੂਲਾਂ ਦੇ ਨਾਂ ਵੀ ਕੈਲੀਬਰ ਸਕੂਲ, ਲਿਟਲ ਏਂਜਲ ਸਕੂਲ, ਹੋਲੀਹਰਟ ਸਕੂਲ, ਪਬਲਿਕ ਸਕੂਲ, ਸੇਂਟ ਸੋਲਜਰ ਆਦਿ ਟਿਕ ਰਹੇ ਹਨ। ਅਸੀਂ ਵੀ ਆਪਣੇ ਬੱਚਿਆਂ ਦੇ ਰਵਾਇਤੀ ਨਾਂ ਛੱਡ ਕੇ ਲਵਲੀ, ਪ੍ਰਿੰਸ, ਐਬਰੀਨ, ਜ਼ੌਨੀ, ਰੂਬੀ, ਟੋਨੀ ਆਦਿ ਰੱਖ ਰਹੇ ਹਾਂ। ਪਰ ਫਿਰ ਵੀ ਸਾਨੂੰ ਇੱਕ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਅਸੀਂ ਵਾਟਰ ਅਤੇ ਪਾਣੀ *ਚ ਤਾਂ ਫਰਕ ਸਮਝਦੇ ਹਾਂ ਪਰ ਪਾਣੀ ਅਤੇ ਪਾਨੀ *ਚ , ਇਸੇ ਤਰ੍ਹਾਂ ਬੁੱਕ ਅਤੇ ਕਿਤਾਬ *ਚ ਫਰਕ ਤੇ ਸਮਝਦੇ ਹਾਂ ਪਰ ਕਿਤਾਬ ਅਤੇ ਪੁਸਤਕ *ਚ ਫਰਕ ਨਹੀਂ ਸਮਝਦੇ ਜੋ ਜ਼ਿਆਦਾ ਖਤਰਨਾਕ ਹੈ। ਭਾਵ ਇਹ ਹੈ ਕਿ ਪੰਜਾਬੀ ਨੂੰ ਅੰਗਰੇਜ਼ੀ ਨਾਲੋਂ ਹਿੰਦੀ ਅਤੇ ਸੰਸਕ੍ਰਿਤ ਦੀ ਮਾਰ ਬੜੀ ਹੀ ਤੇਜੀ ਨਾਲ ਚੁੱਪ ਚਪੀਤੇ ਪੈ ਰਹੀ ਹੈ।ਆਲਮ ਇਹ ਹੈ ਕਿ ਪੰਜਾਬੀ ਬੋਲਣ *ਚ ਸਾਡੀ ਪੀੜ੍ਹੀ ਹੀਣਤਾ ਮਹਿਸੂਸ ਕਰਦੀ ਹੈ।ਇਤਿਹਾਸ ਗਵਾਹ ਹੈ ਕਿ ਜੋ ਲੋਕ ਆਪਣੀ ਮਾਂ ਬੋਲੀ ਨੂੰ ਪੇਂਡੂ ਗਵਾਰਾਂ ਦੀ ਜਾਂ ਪੱਛੜੀ ਹੋਈ ਬੋਲੀ ਮੰਨਣ ਲੱਗ ਪੈਣ ਉਹ ਬੋਲੀ ਅਤੇ ਉਹ ਲੋਕ ਨਿਰੰਤਰ ਖਾਤਮੇ ਵੱਲ ਵਧ ਰਹੇ ਹੁੰਦੇ ਹਨ। ਰੂਸੀ ਲੇਖਕ ਰਸੂਲ ਹਮਜਾਤੋਵ ਵਲੋਂ ਆਪਣੀ ਕਿਤਾਬ ”ਮੇਰਾ ਦਾਗਿਸਤਾਨ” *ਚ ਇਸ ਸੰਬੰਧੀ ਬੜੀ ਦਿਲਚਸਪ ਉਦਾਹਰਨ ਦਿੱਤੀ ਗਈ ਹੈ ; ਆਬੂਤਾਲਿਬ ਇਕ ਵਾਰ ਮਾਸਕੋ ਗਿਆ ਉਥੇ ਉਸਨੂੰ ਕਿਸੇ ਨਾਲ ਰਾਹ ਵਿਚ ਗੱਲ ਕਰਨੀ ਪੈ ਗਈ ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ< ਹੋਇਆ ਇਹ ਕਿ ਜਿਸ ਤੋਂ ਪੁੱਛਿਆ ਉਹ ਇਕ ਅੰਗਰੇਜ਼ ਨਿਕਲਿਆ। ਅੰਗਰੇਜ਼ ਆਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸਨੂੰ ਸਵਾਲ ਕਰਨ ਲੱਗਿਆ ਪਹਿਲਾਂ ਅੰਗਰੇਜੀ *ਚ , ਫਿਰ ਫਾਰਸੀ, ਸਪੇਨੀ ਅਤੇ ਸ਼ਾਇਦ ਹੋਰ ਵੀ ਕਈ ਬੋਲੀਆਂ *ਚ। ਆਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਭਾਸ਼ਾਵਾਂ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ । ਇੱਕ ਦੂਜੇ ਨੂੰ ਥੋੜਾ ਬਹੁਤਾ ਵੀ ਸਮਝੇ ਬਿਨਾ ਉਹ ਆਪੋ ਆਪਣੇ ਰਾਹ ਤੁਰ ਗਏ। ਕਿਸੇ ਬਹੁਤੇ ਪੜ੍ਹੇ ਦਾਗਿਸਤਾਨੀ , ਜਿਹੜਾ ਅੰਗਰੇਜੀ ਜਾਣਦਾ ਸੀ, ਨੇ ਮਗਰੋਂ ਆਬੂਤਾਲਿਬ ਨੂੰ ਸੱਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ”ਦੇਖਿਆ, ਸੱਭਿਆਚਾਰ ਦੀ ਕਿੰਨੀ ਮਹੱਤਤਾ ਹੈ, ਜੇ ਤੂੰ ਸੱਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਂਲ ਗੱਲ ਕਰ ਸਕਦਾ , ਸਮਝਿਆ ”। ”ਹਾਂ, ਸਮਝ ਗਿਆ” ਆਬੂਤਾਲਿਬ ਨੇ ਜੁਆਬ ਦਿੱਤਾ। ”ਸਿਰਫ ਇਹ ਸਮਝ ਨਹੀ ਆ ਰਹੀ ਕਿ ਅੰਗਰੇਜ਼ ਨੂੰ ਮੇਰੇ ਤੋਂ ਜਿਆਦਾ ਪੜ੍ਹਿਆ ਲਿਿਖਆ ਕਿਉਂ ਸਮਝਿਆ ਜਾਵੇ < ਉਹ ਵੀ ਤਾਂ ਉਨ੍ਹਾਂ ਬੋਲੀਆਂ ਨੂੰ ਨਹੀਂ ਜਾਣਦਾ ਸੀ ਜਿਨ੍ਹਾਂ ਵਿਚ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।”

       ਆਪਣੀ ਬੋਲੀ ਨੁੰ ਭੁੱਲ ਕੇ ਸੱਭਿਆਚਾਰ ਸਾਂਭਣ ਦੇ ਦਮਗੱਜੇ ਮਾਰਨਾ ਬੇਮਾਇਨੇ ਹਨ। ਕਿਉਂਕਿ ਜਿਹੜੇ ਵਿਅਕਤੀ ਆਪਣੀ ਮਾਂ ਬੋਲੀ ਨੂੰ ਪੇਂਡੂ ਗਵਾਰਾਂ ਦੀ ਬੋਲੀ ਜਾਂ ਪਛੜੀ ਹੋਈ ਬੋਲੀ ਮੰਨ ਕੇ ਭੱਜਦੇ ਹਨ ਉਹ ਉਸਦੇ ਭਗੌੜੇ ਹਨ ਅਤੇ ਉਹ ਨਰੋਏ ਸਭਿਆਚਾਰ ਦੇ ਵਾਰਿਸ ਕਦੇ ਵੀ ਨਹੀਂ ਬਣ ਸਕਦੇ। ਜਿਸ ਤਰ੍ਹਾਂ ਆਬੂਤਾਲਿਬ ਨੇ ਤਾਂ ਸੰਬੰਧਿਤ ਸੰਕਟ ਨੂੰ ਸਮਝਿਆ ਹੈ। ਸਾਡੇ ਪੰਜਾਬੀ ਇਸ ਸੰਕਟ ਨੂੰ ਕਿਉਂ ਨਹੀਂ ਸਮਝਦੇ। ਹੋਰ ਬੋਲੀਆਂ ਜਾਂ ਭਾਸ਼ਾਵਾਂ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਹਿੰਦੀ, ਉਰਦੂ, ਅਰਬੀ, ਫਾਰਸੀ, ਫਰੈਂਚ, ਡੱਚ, ਚਾਹੇ ਅੰਗਰੇਜੀ ਜੋ ਮਰਜੀ ਭਾਸ਼ਾਵਾਂ ਸਿੱਖ ਲਈਏ, ਚੰਗੀ ਗੱਲ ਹੈ ਪਰ ਆਪਣੀ ਬੋਲੀ ਤੋਂ ਦੂਰ ਹੋਣਾ ਜਾਂ ਕਿਸੇ ਹੋਰ ਸੱਭਿਅਤਾ ਦੇ ਗਲਬੇ *ਚ ਆ ਕੇ ਆਪਣੀ ਮਾਂ^ਬੋਲੀ ਬੋਲਣ *ਚ ਹੀਣਤਾ ਮਹਿਸੂਸ ਕਰਨੀ ਜਾਂ ਬੋਲਣਾ ਛੱਡ ਦੇਣਾ ਸਾਡੀ ਆਤਮਿਕ ਕੰਗਾਲੀ ਦੀ ਨਿਸ਼ਾਨੀ ਹੈ।

                 ਸਾਡੇ ਲਈ ਅੱਜ ਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡੀ ਤ੍ਰਾਸਦੀ ਹੈ। ਅੱਜ ਪੰਜਾਬੀਆਂ ਦਾ ਆਪਣੀ ਮਾਂ^ਬੋਲੀ ਅਤੇ ਸੱਭਿਆਚਾਰ ਨਾਲ ਲੁਕਣ^ਮੀਟੀ ਖੇਡਣ ਦੀ ਥਾਂ ਭੱਜ ਕੇ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਘੁੱਟ ਕੇ ਜੱਫੀ ਪਾਉਣ ਦਾ ਸਮਾਂ ਹੈ। ਪਰ ਭਾਸ਼ਾ ਨਾਂ ਤਾਂ ਕਿਸੇ ਤੇ ਜਬਰੀ ਠੋਸ ਕੇ ਬਚਾਈ ਜਾ ਸਕਦੀ ਹੈ ਅਤੇ ਨਾਂ ਹੀ ਕਾਨੂੰਨ ਜਾਂ ਜੁਰਮਾਨੇ ਦਾ ਡਰ ਕਿਸੇ ਦੇ ਮਨ ਵਿਚ ਭਾਸ਼ਾ ਲਈ ਪਿਆਰ ਅਤੇ ਸਤਿਕਾਰ ਪੈਦਾ ਕਰ ਸਕਦਾ ਹੈ। ਭਾਸ਼ਾ ਦਿਲੀ ਸਤਿਕਾਰ ਅਤੇ ਭਾਵਨਾਤਮਕ ਸਾਂਝ ਦੀ ਭਾਵਨਾ ਵਧਣ ਨਾਲ ਹੀ ਬਚੇਗੀ। ਜਿੰਨੀ ਦੇਰ ਤੱਕ ਸਾਡੀ ਸੋਚ ਆਜ਼ਾਦ ਤੌਰ ਤੇ ਨਹੀਂ ਵਿਚਰਦੀ ਉਦੋਂ ਤੱਕ ਆਪਣੀ ਭਾਸ਼ਾਂ ਨਾਲ ਦਿਲੀ ਸਾਂਝ ਨਹੀਂ ਬਣ ਸਕਦੀ ।

ਡਾ: ਵਿਸ਼ਵਜੀਤ ਸਿੰਘ ਖੰਡਾ   ਸੰਪਰਕ  :9317370333

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਣਖ ਖ਼ਾਤਿਰ ਕਤਲ
Next articleਪੰਨੂੰ ਰੈਸਟੋਰੈਂਟ ਬਰੈਂਮਪਟਨ ‘ਚ ਮੰਗਲ ਹਠੂਰ ਦੇ ਗੀਤਾਂ ਦਾ ਹੋਇਆ ਸਤਿਕਾਰ