ਚੰਡੀਗੜ੍ਹ, (ਸਮਾਜ ਵੀਕਲੀ) : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਫ਼ਰੀਦਕੋਟ ਦੇ ਤਤਕਾਲੀ ਐਸ.ਪੀ. (ਡੀ.) ਬਿਕਰਮਜੀਤ ਸਿੰਘ ਦੀ ਬਹਾਲੀ ਦੇ ਮਾਮਲੇ ਵਿਚ ਪੱਲਾ ਝਾੜ ਲਿਆ ਹੈ| ਰੰਧਾਵਾ ਨੇ ਅੱਜ ਜਾਰੀ ਬਿਆਨ ‘ਚ ਸਪੱਸ਼ਟ ਕੀਤਾ ਕਿ ਐਸ.ਪੀ ਬਿਕਰਮਜੀਤ ਸਿੰਘ ਦੀ ਬਹਾਲੀ ਦੇ ਇਹ ਹੁਕਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਨ|
ਦੱਸਣਯੋਗ ਹੈ ਕਿ ਮੌਜੂਦਾ ਸਰਕਾਰ ਤਰਫੋਂ ਐਸ.ਪੀ ਨੂੰ ਬਹਾਲ ਕੀਤੇ ਜਾਣ ਨੂੰ ਲੈ ਕੇ ਸਿਆਸੀ ਰੌਲਾ ਪੈ ਗਿਆ ਹੈ। ਚੋਣਾਂ ਸਿਰ ’ਤੇ ਹੋਣ ਕਰਕੇ ਇਸ ਅਧਿਕਾਰੀ ਦੀ ਬਹਾਲੀ ਨੇ ਮੁੱਖ ਵਿਰੋਧੀ ਧਿਰ ਨੂੰ ਸਿਆਸੀ ਵਾਰ ਕਰਨ ਦਾ ਮੌਕਾ ਦੇ ਦਿੱਤਾ ਹੈ | ਅੱਜ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ, ਵੱਲੋਂ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਸਬੰਧਿਤ ਪੁਲਿਸ ਅਫਸਰ ਦੇ ਹੱਕ ਵਿੱਚ ਨਾ ਲਿਖੇ ਜਾਣ ਦੇ ਬਾਵਜੂਦ ਸਿਰਫ ਇਕ ਇੰਕਰੀਮੈਂਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਗਏ|
ਸ੍ਰੀ ਰੰਧਾਵਾ ਨੇ ਦੱਸਿਆ ਕਿ 13 ਜੁਲਾਈ 2021 ਨੂੰ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਮੁੱਖ ਮੰਤਰੀ ਨੂੰ ਭੇਜੇ ਆਪਣੇ ਨੋਟ ਵਿੱਚ ਲਿਖਿਆ ਸੀ ਕਿ ਪੜਤਾਲ ਦੌਰਾਨ ਇਹ ਅਫਸਰ ਕੋਈ ਠੋਸ ਸਬੂਤ ਪੇਸ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਆਪਣੀ ਬੇਗੁਨਾਹੀ ਦਾ ਨਵਾਂ ਤੱਥ ਪੇਸ਼ ਕਰ ਸਕਿਆ | ਇਸ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੁਲਾਈ 2021 ਨੂੰ ਬਿਕਰਮਜੀਤ ਸਿੰਘ ਨੂੰ ਸਿਰਫ ਇਕ ਇੰਕਰੀਮੈਂਟ ਰੋਕ ਕੇ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਸਨ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly