ਭੇਖੀ ਤੇ ਪਾਖੰਡੀ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)  ਮਾਨਸਿਕ ਰੋਗੀ ਲਈ ਇਹ ਮੰਨਣਾ ਬਹੁਤ ਔਖਾ ਕਿ ਉਹ ਮਾਨਸਿਕ ਰੋਗੀ ਹੈ। ਅੰਦਰੋਂ ਟੁੱਟਿਆ ਭੱਜਿਆ ਵੀ ਉਹ ਆਪਣੇ ਆਪ ਨੂੰ ਸਹੀ ਦੱਸਦਾ ਤੇ ਉਪਦੇਸ਼ ਦਿੰਦਾ ਲੋਕਾਂ ਨੂੰ। ਇਹ ਵਰਤਾਰਾ ਤੁਸੀਂ ਅਕਸਰ ਬਾਬਿਆਂ ਵਿੱਚ ਵੇਖਿਆ ਹੋਣਾ। ਬਾਪੂ ਆਸਾਰਾਮ, ਸਿਰਸੇ ਵਾਲਾ ਸਾਧ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਸੀ ਪਰ ਨਿਕਲੇ ਖੋਖਲੇ ਹੀ।
ਅਕਸਰ ਉਹੀ ਲੋਕ ਨਿਰਸੁਆਰਥ ਮੁਹੱਬਤ ਦਾ ਉਪਦੇਸ਼ ਦਿੰਦੇ ਜਿਹੜੇ ਆਪ ਸਵਾਰਥ ਨਾਲ ਭਰੇ ਹੁੰਦੇ। ਇਕ ਨੇਕ ਆਤਮਾ ਨੂੰ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਵਿਖਾਵਾ ਸਿਰਫ਼ ਭੇਖੀ ਕਰਦੇ। ਉਹਨਾਂ ਦਾ ਅੰਦਰ ਜਿੰਨਾ ਕਾਲਾ ਹੋਵੇ ਚਿਹਰਾ ਤੇ ਵਸਤਰ ਉਨ੍ਹੇ ਹੀ ਉੱਜਲੇ ਹੁੰਦੇ। ਕੋਈ ਵੀ ਸਾਧਾਰਨ ਆਦਮੀ ਭੁਲੇਖਾ ਖਾ ਜਾਂਦਾ।
ਦਰਅਸਲ ਅਜਿਹੇ ਲੋਕ ਬਹੁਤ ਸ਼ਾਤਿਰ ਜ਼ਿਹਨੀਅਤ ਦੇ ਮਾਲਕ ਹੁੰਦੇ। ਇਹਨਾਂ ਨੂੰ ਤਰੀਕਾ ਆਉਂਦਾ ਲੋਕਾਂ ਨੂੰ ਭਰਮ ਵਿੱਚ ਪਾਏ ਰੱਖਣ ਦਾ। ਸਭ ਭਾਵਨਾਵਾਂ ਹਰ ਮਨੁੱਖ ਦੇ ਅੰਦਰ ਹੁੰਦੀਆਂ। ਕੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਸਮੇਂ ਸਮੇਂ ਗੁੱਸਾ, ਈਰਖਾ ਤੇ ਹੋਰ ਇਸ ਤਰ੍ਹਾਂ ਦੇ ਵਿਹਾਰ ਨਹੀਂ ਕਰਦੇ? ਬਿਲਕੁਲ ਕਰਦੇ ਹਾਂ। ਜਿਸ ਵਿਅਕਤੀ ਨੇ ਦਾਅਵਾ ਕੀਤਾ ਹੋਵੇ ਕਿ ਉਸਨੂੰ ਗੁੱਸਾ ਨਹੀਂ ਆਉਂਦਾ ਕਦੇ ਉਸਨੂੰ ਕ੍ਰੋਧ ਵਿੱਚ ਵੇਖਣਾ।
ਈਰਖਾ ਨਾ ਕਰਨ ਦਾ ਦਾਅਵਾ ਕਰਨ ਵਾਲੇ ਈਰਖਾ ਦੀ ਅੱਗ ਵਿਚ ਜਲ ਰਹੇ ਹੁੰਦੇ ਪਰ ਵਿਖਾਵਾ ਕਰਦੇ ਕਿ ਉਹ ਸਹਿਜ ਹਨ। ਸਹਿਜ ਅਵਸਥਾ ਵਾਲੇ ਵਿਅਕਤੀ ਨੂੰ ਆਪਣੇ ਸਹਿਜ ਹੋਣ ਦਾ ਦਾਅਵਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉੱਚੇ ਅਹੁਦਿਆਂ ਦੇ ਲਾਲਚ ਵਿੱਚ ਭੱਜੇ ਫਿਰਦੇ ਲੋਕ ਖੁਦ ਨੂੰ ਸੰਨਿਆਸੀ ਦੱਸਦੇ। ਜੋੜ ਤੋੜ ਕਰ ਅੱਗੇ  ਵੱਧਣ ਵਾਲੇ ਪਤਾ ਨਹੀਂ ਕਿਸ ਮੂੰਹ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਦੇ।
ਕਿਸੇ ਨੂੰ ਉਸਦੇ ਇੱਕ ਦੋ ਵਾਰ ਦੇ ਵਿਹਾਰ ‘ਤੇ ਮਾਨਸਿਕ ਰੋਗੀ ਦੱਸਣ ਵਾਲੇ ਲੋਕ ਦਰਅਸਲ ਆਪ ਮਾਨਸਿਕ ਰੋਗੀ ਹੁੰਦੇ। ਵਹਿਮ ਦਾ ਇਲਾਜ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ।  ਜੇਕਰ ਕੋਈ ਇਸ ਅਹੰਕਾਰ ਵਿੱਚ ਹੈ ਕਿ ਉਹ ਨਿਮਰ ਹੈ ਤਾਂ ਇਸਤੋਂ ਵੱਡਾ ਕੋਈ ਹੰਕਾਰ ਹੋ ਹੀ ਨਹੀਂ ਸਕਦਾ
ਇਨਸਾਨ ਦਾ ਸਰਲ ਭਾਵੀ ਹੋਣਾ ਉਸਦੇ ਵਿਹਾਰ ਤੋਂ ਪਤਾ ਲੱਗ ਜਾਂਦਾ। ਜਿਸ ਨੂੰ ਨਿਮਰਤਾ ਵਿਖਾਉਣੀ ਪੈਂਦੀ ਹੁਣ ਨਿਮਰ ਨਹੀਂ ਹੁੰਦਾ। ਸ਼ਾਂਤ ਨੂੰ ਸ਼ਾਂਤੀ ਦੇ ਪ੍ਰਵਚਨ ਨਹੀਂ ਦੇਣੇ ਪੈਂਦੇ। ਪਰ ਵਿਖਾਵੇ ਦੇ ਇਸ ਯੁੱਗ ਵਿੱਚ ਹਾਮੀ ਵੀ ਲੋਕ ਭੇਖੀਆਂ ਦੀ ਹੀ ਭਰਦੇ। ਦੇਖ ਲਓ ਪਾਖੰਡੀ ਬਾਬਿਆਂ ਦੇ ਡੇਰੇ ਭਰੇ ਪਏ। ਲੋਕ ਸੱਚ ਸਾਮ੍ਹਣੇ ਆਉਣ ‘ਤੇ ਵੀ ਮਾਨਸਿਕ ਗੁਲਾਮੀ ਤੋਂ ਮੁਕਤ ਨਹੀਂ ਹੁੰਦੇ।
ਇਸ ਤਰ੍ਹਾਂ ਦੇ ਮਨੋਵਿਗਿਆਨਿਕ ਤੱਥਾਂ ਦਾ ਪ੍ਰਚਾਰ ਕਰਨ ਵਾਲੇ ਨੀਮ ਹਕੀਮਾਂ ਤੋਂ ਸਾਵਧਾਨ ਰਹੋ। ਇਹ ਤੁਹਾਨੂੰ ਤੁਹਾਡੇ ਬਾਰੇ ਹੀ ਤਰ੍ਹਾਂ ਤਰ੍ਹਾਂ ਦੇ ਭਰਮ ਪਾ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ। ਇਹਨਾਂ ਦਾ ਮਕਸਦ ਵੀ ਇਹੀ ਹੁੰਦਾ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਲਝਾਈ ਰੱਖਣਾ। ਤੇ ਜਿਹੜਾ ਇਹਨਾਂ ਦੇ ਚੱਕਰਾਂ ਵਿੱਚ ਨਹੀਂ ਆਉਂਦਾ ਉਸ ਨੂੰ ਤਾਂ ਫਿਰ ਇਹ ਬੁਰਾ ਸਿੱਧ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ। ਪਰ ਕਿਸੇ ਦੇ ਕਹੇ ‘ਤੇ ਕੋਈ ਬੁਰਾ ਨਹੀਂ ਹੁੰਦਾ। ਜਿਹੜਾ ਚੰਗਾ ਹੈ ਉਸ ਦੀ ਚੰਗਿਆਈ ਬੋਲਦੀ ਹੈ।
ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖੋ ਤੇ ਸਮਝੋ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਤਰਕ ਨੂੰ ਅੱਗੇ ਰੱਖੀਏ ਤੇ ਅੱਖਾਂ ਬੰਦ ਕਰ ਕੇ ਕਿਸੇ ਦੇ ਮਗਰ ਨਾ ਲੱਗੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਸ.ਡੀ.ਕਾਲਜ ਫਾਰ ਵੂਮੈਨ ‘ਚ ਬਲੱਡ ਡੋਨੇਸ਼ਨ ਡੇ ਮਨਾਇਆ
Next articleਪੰਜ ਦਰਿਆ ਦੇ ਸੰਪਾਦਕ ਭੁਪਿੰਦਰ ਮਾਂਗਟ ਨੂੰ ਸਦਮਾ ਕਰੰਟ ਲੱਗਣ ਨਾਲ ਭਰਾ ਦੀ ਮੌਤ