HOME ਮੰਗਤੇ – ਹਾਸ ਵਿਅੰਗ

ਮੰਗਤੇ – ਹਾਸ ਵਿਅੰਗ

ਸਮਾਜ ਵੀਕਲੀ ਯੂ ਕੇ

ਭਗਵਾਨ ਸਿੰਘ ਤੱਗੜ

ਦੇਖਿਆ ਜਾਵੇ ਤਾਂ ਅਸੀਂ ਸਾਰੇ ਹੀ ਮੰਗਤੇ ਹਾਂ, ਕਿਉਂਕਿ ਅਸੀਂ ਸਾਰੇ ਹੀ ਰੱਬ ਤੋਂ ਹਮੇਸ਼ਾਂ ਕੁਝ ਨਾ ਕੂਝ ਮੰਗਦੇ ਹੀ ਰਹਿਦੇ ਹਾਂ, ਹਰ ਆਦਮੀ ਗੁਰਦੱਵਾਰੇ, ਮੰਦਰ, ਮਸੀਤ ਅਤੇ ਚਰਚ ਵਿਚ ਜਾਕੇ ਆਪਦੀ ਮੁਰਾਦ ਪੂਰੀ ਕਰਵਾਉਣ ਵਾਸਤੇ ਰੱਬ ਅੱਗੇ ਅਰਦਾਸ ਕਰਦਾ ਹੈ, ਗੁਰਦਵਾਰੇ ਜਾਕੇ 101 ਰੁਪਰੇ ਦੇਕੇ ਗਿਆਨੀ ਜੀ ਨੂੰ ਖਾਸ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦਾ ਨਾਂ ਜਰੂਰ ਬੋਲਿਆ ਜਾਵੇ, ਜੇ ਰੱਬ ਜਾਣੀ ਜਾਣ ਹੈ ਤਾਂ ਨਾਂ ਬੋਲਣ ਦੀ ਕੀ ਜਰੂਰਤ ਪੈ ਜਾਂਦੀ ਹੈ, ਇਸਦੇ ਦੋ ਹੀ ਕਾਰਨ ਹੋ ਸਕਦੇ ਹਨ ਇਕ ਤਾਂ ਬੋਲਕੇ ਸੰਗਤ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਐਨੇ ਪੈਸੇ ਦਿੱਤੇ ਹਨ ਤੇ ਜਾਂ ਫੇਰ ਉਨ੍ਹਾਂ ਨੂੰ ਰੱਬ ਤੇ ਭਰੋਸਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਅਰਦਾਸ ਰੱਬ ਕੋਲ ਪਹੁੰਚੇਗੀ ਯਾ ਨਹੀਂ ਵੈਸੇ ਜੇ ਸਾਨੂੰ ਰੱਬ ਤੇ ਪੂਰਾ ਭਰੋਸਾ ਹੈ ਤਾਂ ਬੋਲਣ ਦੀ ਜਰੂਰਤ ਨਹੀਂ ਹੁੰਦੀ ਉਹ ਸਭ ਦੀਆਂ ਜਾਣਦਾ ਹੈ। ਲੋਕ ਧਰਮ ਸਥਾਨਾਂ ਤੇ ਜਾਕੇ ਸੌ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਹਨ ਕਿ ਹੇ ਰੱਬਾ ਸਾਡਾ ਲੜਕਾ ਪਾਸ ਹੋ ਜਾਵੇ, ਕੁੜੀ ਦਾ ਵਿਆਹ ਚੰਗੇ ਘਰ ਹੋ ਜਾਵੇ, ਵਪਾਰ ਵਿਚ ਵਾਧਾ ਹੋ ਜਾਵੇ ਸਾਡੇ ਸਾਰੇ ਗਰੋਹ ਟਲ ਜਾਣ, ਸਿਰਫ਼ ਦਸ ਜਾਂ ਪੰਦਰਾਂ ਰੁਪਏ ਚੜ੍ਹਾਕੇ ਰੱਬ ਤੋਂ ਵੱਡੀਆਂ ਵੱਡੀਆਂ ਮੰਗਾਂ ਮੰਗਦੇ ਹਨ ਤੇ ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਨਿਰਾਸ਼ ਹੋਕੇ ਕਹਿ ਦਿੰਦੇ ਹਨ ਕਿ ਸਾਡੀ ਤਾਂ ਰੱਬ ਵੀ ਨਹੀਂ ਸੁਣਦਾ। ਅਸੀਂ ਕਈ ਵਾਰੀ ਗਲਤ ਫੈਸਲੇ ਲੈ ਲੈਨੇ ਹੈਂ ਤੇ ਜਦੋਂ ਕੰਮ ਖ਼ਰਾਬ ਹੋ ਜਾਂਦਾ ਹੈ ਤਾਂ ਇਕ ਤਾਂ ਅਸੀਂ ਸਾਰੀ ਉਮਰ ਪਛਤਾਉਂਦੇ ਰਹਿਨੇ ਹੈਂ ਤੇ ਦੂਜੇ ਰੱਬ ਨੂੰ ਦੋਸ਼ ਦਿੰਨੇ ਹੈਂ।

ਖ਼ੈਰ ਅਜਕਲ੍ਹ ਤਾਂ ਗੁਰਦਵਾਰਿਆਂ ਵਿਚ ਕੀਤੇ ਕਰਾਏ ਪਾਠ ਮਿਲ ਜਾਂਦੇ ਹਨ ਪੈਸੇ ਦਿਉ ਤੇ ਪਾਠ ਤੁਹਾਡੇ ਨਾਂ ਤੇ ਹੋ ਜਾਵੇਗਾ ਤੇ ਜਾਂ ਫੇਰ ਜੇ ਤੁਹਾਡੇ ਕੋਲ ਸੰਮਾ ਨਹੀਂ ਹੈ ਤਾਂ ਗੁਰਦਵਾਰੇ ਵਾਲੇ ਅਖੰਡ ਪਾਠ ਤੋਂ ਲੈਕੇ ਲੰਗਰ ਤਿਆਰ ਕਰਕੇ ਵਰਤਾਉਣ ਤੱਕ ਦੇ ਪੂਰੀ ਪੈਕਿਜ ਡੀਲ ਦਿੰਦੇ ਹਨ । ਗੁਰਦਵਾਰੇ ਪੂਰੇ ਵਪਾਰਕ ਕੇਦੰਰ ਬਣ ਗਏ ਹਨ ਕੁਝ ਲੋਕਾਂ ਨੂੰ ਛੱਡਕੇ ਬਹੁਤੇ ਲੋਕ ਸੋਸ਼ਲ ਗੈਦਰਿੰਗ ਵਾਸਤੇ ਜਾਂਦੇ ਹਨ ਟੀਵੀ ਚੈਨਲਾਂ ਵਾਲੇ ਵੀ ਤੁਹਾਨੂੰ ਪਾਠ ਸਪੌਂਸਰ ਕਰਨ ਵਾਸਤੇ ਕਹਿੰਦੇ ਹਨ ਪਰ ਕੀਤੇ ਕਰਾਏ ਪਾਠ ਅਤੇ ਸਪੌਂਸਰ ਪਾਠ ਦਾ ਕੋਈ ਲਾਭ ਨਹੀਂ ਹੁੰਦਾ ਪਾਠ ਤਾਂ ਸਾਨੂੰ ਆਪ ਹੀ ਕਰਨਾ ਪਵੇਗਾ। ਦੇਖਿਆ ਇਹ ਗਿਆ ਹੈ ਕਿ ਥਾਲੀ ਦੇ ਖਾਨੇ ਪੰਜ ਹੁੰਦੇ ਹਨ ਤੇ ਡਿਸ਼ਾਂ ਦਸ ਬਣਾਈਆਂ ਹੁੰਦੀਆ ਹਨ ਫੇਰ ਵਰਤਾਉਣ ਵਾਲੇ ਇਕ ਇਕ ਖਾਨੇ ਵਿਚ ਦੋ ਡਿਸ਼ਾਂ ਇਹ ਕਹਿਕੇ ਮਿਕਸਡ ਕਰ ਦਿੰਦੇ ਹਨ ਕਿ ਚਲੋ ਭਾਈ ਸਾਹਬ ਜੀ ਕੋਈ ਗੱਲ ਨਹੀਂ ਢਿੱਡ ਵਿਚ ਜਾਕੇ ਵੀ ਤਾਂ ਸਾਰਾ ਇਕੱਠਾ ਹੀ ਹੋ ਜਾਣਾ ਹੈ, ਸ਼ਾਇਦ ਉਹ ਇਕ ਦੂਜੇ ਤੋਂ ਵੱਧ ਚੜ੍ਹਕੇ ਲੰਗਰ ਤਿਆਰ ਇਸ ਕਰਕੇ ਕਰਦੇ ਹਨ ਉਹ ਦੱਸਣਾ ਚਾਹੁੰਦੇ ਹਨ ਕਿ ਉਹ ਕਿੰਨੇ ਅਮੀਰ ਹਨ, ਚਾਹੀਦਾ ਇਹ ਹੈ ਕਿ ਡਿਸ਼ਾਂ ਘੱਟ ਬਣਨ ਤੇ ਬਾਕੀ ਦਾ ਪੈਸਾ ਕਿਸੇ ਚੈਰੀਟੀ ਨੂੰ ਦਿੱਤਾ ਜਾਵੇ। ਜਿਹੜਾ ਵੀ ਪਰਧਾਨ ਨਰਾਜ਼ ਹੋ ਜਾਂਦਾ ਹੈ ਉਹ ਆਪਣਾ ਵੱਖਰਾ ਗੁਰਦਵਾਰਾ ਜਾਂ ਮੰਦਰ ਉਸਾਰ ਲੈਂਦਾ ਹੈ ਇਹ ਸਭ ਪੈਸੇ ਦੀ ਖੇਡ ਹੈ।

ਇਕ ਪੁਰਾਣੀ ਗੱਲ ਯਾਦ ਆ ਗਈ ਇਕ ਬੰਦਾ ਤੁਰਿਆ ਜਾਂਦਾ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ ਹੇ ਰੱਬਾ ਜੇ ਅੱਜ ਮੈਨੂੰ ਵੀਹ ਰੁਪਏ ਲੱਭ ਜਾਣ ਤਾਂ ਮੈਂ ਦਸ ਰੁਪਏ ਮੰਦਰ ਵਿਚ ਚੜ੍ਹਾ ਦੇਵਾਂਗਾ, ਕੁਦਰਤੀ ਉਸਨੂੰ ਦਸ ਰੁਪਏ ਲੱਭ ਗਏ ਇਕ ਤਾਂ ਉਸਨੇ ਰੱਬ ਦਾ ਸ਼ੁਕਰ ਮਨਾਇਆ ਅਤੇ ਦੂਜੇ ਉਹ ਕਹਿਣ ਲੱਗਿਆ ਵਾਹ ਉਏ ਰੱਬਾ ਬੜਾ ਚਲਾਕ ਨਿਕਲਿਆ ਮੇਰੇ ਤੇ ਤੈਨੂੰ ਯਕੀਨ ਨਹੀਂ ਸੀ ਇਸ ਕਰਕੇ ਦਸ ਰੁਪਏ ਪਹਿਲਾਂ ਹੀ ਕੱਟ ਲਏ। ਕਹਿਣ ਦਾ ਭਾਵ ਇਹ ਹੈ ਕਿ ਕੁਝ ਲੋਕਾਂ ਨੂੰ ਰੱਬ ਤੇ ਵੀ ਭਰੋਸਾ ਨਹੀਂ ਹੁੰਦਾ। ਖ਼ੈਰ ਆਪਾਂ ਮੰਗਤਿਆਂ ਦੀ ਗੱਲ ਕਰਦੇ ਹਾਂ ਮੰਗਤੇ ਕਈ ਤਰ੍ਹਾਂ ਦੇ ਹੁੰਦੇ ਹਨ ਇਕ ਕਿਸਮ ਦੇ ਮੰਗਤੇ ਉਹ ਵੀ ਹੁੰਦੇ ਹਨ ਜਿਹੜੇ ਰੇਲਵੇ ਸਟੇਸ਼ਨਾ ਅਤੇ ਬੱਸ ਅੱਡਿਆਂ ਤੇ ਖੜੇ ਹੁੰਦੇ ਹਨ ਅਤੇ ਆਉਣ ਵਾਲੇ ਯਾਤਰੀਆਂ ਨੂੰ ਕਹਿਣਗੇ ਭਾਈ ਸਾਹਬ ਬਿਮਾਰ ਮਾਂ ਦਾ ਪਤਾ ਲੈਣ ਜਾਣਾ ਹੈ ਟਿਕਟ ਚੋਂ ਪੰਜ ਰੁਪਏ ਘਟਦੇ ਹਨ ਦਿਉ ਪੰਜ ਰੁਪਏ ਰੱਬ ਤੁਹਾਡਾ ਭਲਾ ਕਰੇ ਤੇ ਮਾਂ ਦਾ ਨਾਂ ਸੁਣਕੇ ਯਾਤਰੀ ਪੰਜ ਦੀ ਜਗ੍ਹਾ ਦਸ ਰੁਪਏ ਦੇ ਦਿੰਦਾ ਹੈ ਤੇ ਮੰਗਤਾ ਦੂਜੇ ਯਾਤਰੀ ਕੋਲ ਜਾਕੇ ਫੇਰ ਉਹੀ ਗੱਲ ਕਹਿੰਦਾ ਹੈ, ਤੇ ਕਈ ਵਾਰੀ ਉਹ ਮੰਗਤਾ ਉਸੇ ਯਤਰੀ ਕੋਲ ਚਲਾ ਜਾਂਦਾ ਹੈ ਜਿਸਤੋਂ ਉਸਨੇ ਪਹਿਲ਼ਾਂ ਪੈਸੇ ਲਏ ਹੁੰਦੇ ਹਨ ਤੇ ਜਦੋਂ ਯਾਤਰੀ ਉਸ ਮੰਗਤੇ ਨੂੰ ਪਛਾਣਕੇ ਕਹਿੰਦਾ ਹੈ ਕਿ, “ਹੁਣੇ ਤਾਂ ਤੂੰ ਮੇਰੇ ਕੋਲੋਂ ਪੈਸੇ ਲੈਕੇ ਗਿਆ ਸੀ ਤੇ ਤੂੰ ਫੇਰ ਆ ਗਿਆ ਤੇਰੀ ਕੋਈ ਮਾਂ ਬਿਮਾਰ ਨਹੀਂ ਮੰਗਣ ਵਾਸਤੇ ਬਹਾਨਾ ਬਣਾਉਂਦਾ ਹੈਂ।” ਤੇ ਮੰਗਤਾ ਕੁੱਟ ਖਾਣ ਦੇ ਡਰ ਤੋਂ ਇਹ ਕਹਿਕੇ ਉੱਥੋਂ ਖਿਸਕ ਜਾਂਦਾ ਹੈ ਅੱਛਾ ਤੁਸੀਂ ਸੀਗੇ। ਕੁਝ ਮੰਗਤੇ ਲੋਕਾਂ ਦੇ ਬੱਚਿਆਂ ਨੂੰ ਚੁੱਕ ਕੇ ਉਨ੍ਹਾਂ ਨੂੰ ਅਪਾਹਜ ਬਣਾਕੇ ਭੀਖ ਮਗਾਂਉਂਦੇ ਹਨ। ਇਕ ਪੁਰਾਣੀ ਗੱਲ ਯਾਦ ਆ ਗਈ ਇਕ ਬੱਚਾ ਸਕੂਲ ਦੇ ਸਾਹਮਣੇ ਬੈਠਕੇ ਭੀਖ ਮੰਗ ਰਿਹਾ ਸੀ ਤੇ ਇਕ ਔਰਤ ਕਹਿੰਦੀ ਇੱਥੇ ਭੀਖ ਕਿਉੁਂ ਮੰਗ ਰਿਹਾ ਹੈਂ ਸਕੂਲ ਕਿਉਂ ਨਹੀ ਜਾਂਦਾ ਤੇ ਬੱਚੇ ਨੇ ਕਿਹਾ ਆਂਟੀ ਸਕੂਲ ਵੀ ਗਆ ਸੀ ਪਰ ਉੱਥੇ ਕਿਸੇ ਨੇ ਮੈਨੂੰ ਇਕ ਪੈਸਾ ਵੀ ਨਹੀਂ ਦਿੱਤਾ। ਕਈ ਚੰਗੇ ਭਲੇ ਬੰਦੇ ਹੁੰਦੇ ਹਨ ਤੇ ਦੂਜੇ ਬੰਦੇ ਨੂੰ ਕਹਿਣਗੇ ਭਾਈ ਸਾਹਬ ਮੈਨੂੰ ਦਸ ਰੁਪਏ ਦਿਉਂਗੇ, ਤੇ ਜਦੋਂ ਦੁਜਾ ਬੰਦਾ ਕਹਿੰਦਾ ਹੈ ਕਿ ਮੈ ਤਾਂ ਤੈਨੂੰ ਜਾਣਦਾ ਨਹੀਂ ਮੈਂ ਦਸ ਰੁਪਏ ਕਿਵੇਂ ਦੇ ਦਿਆਂ ਤਾਂ ਅੱਗੋਂ ਉਹ ਬੰਦਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ, “ ਜੀ ਮੈਨੂੰ ਜਾਨਣ ਤੋਂ ਬਾਅਦ ਤਾਂ ਕੋਈ ਵੀ ਮੈਨੂੰ ਪੈਸੇ ਨਹੀਂ ਦਿੰਦਾ।”

ਇਕ ਪੁਰਾਣੀ ਗੱਲ ਯਾਦ ਆ ਗਈ ਇਕ ਡਾਕੂ ਪਖੰਡੀ ਸਾਧ ਕੋਲ ਗਿਆ ਤੇ ਕਹਿਣ ਲਗਿਆ, “ ਬਾਬਾ ਜੀ ਮੈਂ ਡਾਕੇ ਮਾਰ ਮਾਰ ਥੱਕ ਗਿਆ ਹਾਂ ਮੈਂ ਇਹ ਧੰਦਾ ਛਡੱਣਾ ਚਾਹੁੰਦਾ ਹਾਂ। “ ਤੇ ਸਾਧ ਕਹਿਣ ਲੱਗਿਆ, “ ਇਉਂ ਕਰ ਸਾਧ ਬਣਜਾ, ਵੈਸੇ ਤਾਂ ਅਸੀਂ ਇੱਕੋ ਕੈਟੀਗਰੀ ਦੇ ਹਾਂ ਤੇਰੇ ਪਿੱਛੇ ਤਾਂ ਪੁਲਿਸ ਪਈ ਰਹਿੰਦੀ ਹੈ ਪਰ ਮੇਰੇ ਨਾਲ ਪੁਲਿਸ ਰਲਕੇ ਕੰਮ ਕਰਦੀ ਹੈ। “ ਸਾਧ ਦੀ ਸਿੱਖਿਆ ਲੈਕੇ ਡਾਕੂ ਨੇ ਡਾਕੇ ਮਾਰਨੇ ਛੱਡ ਦਿੱਤੇ ਤੇ ਜਦੋਂ ਮਰਨ ਲੱਗਿਆ ਭੁੱਖਾ ਤੇ ਫੇਰ ਉਸਨੇ ਸੋਚਿਆ ਸਾਧ ਦੀ ਏਵੇਂ ਸਲਾਹ ਲਈ ਪਰ ਚਲੋ ਹੁਣ ਡਾਕੇ ਮਾਰਨੇ ਛੱਡ ਹੀ ਦਿੱਤੇ ਹਨ ਤਾਂ ਹੁਣ ਪਿੱਛੇ ਮੁੜਕੇ ਕੀ ਦੇਖਣਾ ਹੈ, ਤੇ ਇਕ ਮੰਗਤੇ ਦੀ ਸਲਾਹ ਨਾਲ ਮੰਗਣ ਲੱਗ ਗਿਆ, ਇਹ ਉਸਦਾ ਪਹਿਲਾ ਹੀ ਦਿਨ ਸੀ ਹਾਲੇ ਭੀਖ ਮੰਗਣ ਬੈਠਾ ਹੀ ਸੀ, ਤੇ ਇਕ ਆੳਂੁਦੇ ਬੰਦੇ ਨੂੰ ਗਾਲ੍ਹ ਕਢੱਕੇ ਕਹਿੰਦਾ, “ ਦੇ ਉਏ ਦਸ ਰੁਪਏ।” ਅੱਗੋਂ ਉਹ ਬੰਦਾ ਗਾਲ੍ਹ ਕੱਢਕੇ ਕਹਿੰਦਾ, “ਤੈਨੂੰ ਤਾਂ ਮੰਗਣ ਦੀ ਵੀ ਤਮੀਜ ਨਹੀਂ ਰੋਹਬ ਕਿਸਤੇ ਪਾਉਂਦਾ ਹੈਂ ਉਏ।” ਤਾਂ ਡਾਕੂ ਡੱਬ ਚੋਂ ਪਿਸਤੋਲ ਕੱਢਕੇ ਬੰਦੇ ਤੇ ਤਾਣਕੇ ਗਾਲ੍ਹ ਕੱਢਕੇ ਕਹਿੰਦਾ, “ ਤਮੀਜ ਕਿਸਨੂੰ ਸਿਖਾਉਣਾ ਹੈਂ ਉਏ ਮੈਂ ਪੁਰਾਣਾ ਡਾਕੂ ਰਹਿ ਚੁੱਕਿਆ ਹਾਂ, ਪੰਝਾ ਬੰਦੇ ਕਤਲ ਕਰ ਚੁੱਕਿਆ ਹਾਂ ਜੇ ਹੁਣ ਮੈਂ ਡਾਕੇ ਮਾਰਨੇ ਛੱਡ ਦਿੱਤੇ ਹਨ, ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਗਾਲ੍ਹਾਂ ਖਾਈ ਜਾਵਾਂ, ਪੈਸੇ ਕੱਢ ਨਹੀਂ ਤਾਂ ਇੱਥੇ ਹੀ ਭੁੱਨ ਦੇਵਾਂਗਾ।” ਤੇ ਬੰਦਾ ਡਰਦਾ ਮਾਰਿਆ ਆਪਣਾ ਬਟੂਆ ਸਿੱਟਕੇ ਭੱਜ ਗਿਆ।

ਕੁਝ ਮੰਗਤੇ ਅਨੇ੍ਹ ਬਣਕੇ ਭੀਖ ਮੰਗਦੇ ਹਨ ਕਿਉਂਕਿ ਲੋਕ ਅਨੇ੍ਹ ਮੰਗਤੇ ਤੇ ਤਰਸ ਖਾਕੇ ਭੀਖ ਦੇ ਦਿੰਦੇ ਹਨ ਇਹ ਵਖਰੀ ਗੱਲ ਹੈ ਕਿ ਪਤਾ ਲੱਗਣ ਤੋਂ ਬਾਅਦ ਪੈਂਦੀਆਂ ਵੀ ਬਹੁਤ ਹਨ। ਇਕ ਪੁਰਾਣੀ ਗੱਲ ਯਾਦ ਆਗਈ ਦੋ ਮੰਗਤੇ ਆਪਸ ਵਿਚ ਗੱਲ ਕਰ ਰਹੇ ਸਨ ਇਕ ਕਹਿੰਦਾ, “ਯਾਰ ਜੇ ਮੈਨੂੰ ਲਾਟਰੀ ਨਿਕਲੀ ਤਾਂ ਮੈਂ ਕਾਰ ਖ਼ਰੀਦੂੰਗਾ।” “ ਤੇ ਦੂਜਾ ਕਹਿੰਦਾ ਯਾਰ ਹੁਣ ਤਾਂ ਆਪਾਂ ਤੁਰਦੇ ਤੁਰਦੇ ਥੱਕ ਜਾਨੇ ਹਾਂ ਫੇਰ ਆਪਾਂ ਕਾਰ ‘ਚ’ ਬੈਠਕੇ ਭੀਖ ਮੰਗਣ ਜਾਇਆ ਕਰਾਂਗੇ।” “ ਤੇ ਪਹਿਲਾ ਬੋਲਿਆ ਯਾਰ ਗੱਲ ਤਾਂ ਤੇਰੀ ਠੀਕ ਹੈ।” ਕਈ ਵਾਰੀ ਅਖ਼ਬਾਰਾਂ ਵਿਚ ਖ਼ਬਰਾਂ ਆਉਂਦੀਆਂ ਹਨ ਕਿ ਮੰਗਤੇ ਕੋਲ ਲੱਖਾਂ ਰੁਪਏ ਨਿਕਲੇ ਹਨ। ਇਕ ਹੋਰ ਗੱਲ ਯਾਦ ਆ ਗਈ ਇਕ ਮੰਗਤਾ ਭੀਖ ਮੰਗ ਰਿਹਾ ਸੀ ਤੇ ਕੋਲ ਦੀ ਲ਼ਘੰਦੀ ਇਕ ਬੀਬੀ ਨੇ ਕਿਹਾ, “ ਸ਼ਰਮ ਕਰ ਹੱਟਾ ਕੱਟਾ ਹੈਂ ਕੋਈ ਕੰਮ ਕਿਉਂ ਨਹੀਂ ਕਰਦਾ ।”  ਤੇ ਮੰਗਤੇ ਦਾ ਜਵਾਬ ਸੀ , “ਬੀਬੀ ਜੀ ਭੀਖ ਮੰਗਣ ਤੋਂ ਹੀ ਵੇਹਲ ਨਹੀਂ ਮਿਲਦੀ ਹੋਰ ਕੀ ਕੰਮ ਕਰਨਾ ਹੈ।” । ਇਕ ਵਾਰੀ ਕਰਜ਼ਾ ਮੰਗਣ ਵਾਲਿਆਂ ਤੋਂ ਤੰਗ ਆਕੇ ਕਿਸੇ ਮੰਗਤੇ ਦੀ ਸਲਾਹ ਨਾਲ ਮੈਂ ਵੀ ਮੰਗਣ ਲੱਗ ਗਿਆ ਚੁਗਲ ਕੌਰ ਅਤੇ ਬੱਚਿਆਂ ਨੂੰ ਨਹੀਂ ਸੀ ਦੱਸਿਆ ਜੇ ਦੱਸ ਦਿੰਦਾ ਤਾਂ ਚੁਗਲ ਕੌਰ ਨੇ ਨਾਲੇ ਤਾਂ ਗਾਲਾਂ੍ਹ ਕੱਢਣੀਆਂ ਸਨ ਨਾਲੇ ਕਹਿਣਾ ਸੀ ਕਿਉਂ ਸਾਡੀ ਮਿੱਟੀ ਪੱਟਣ ਲੱਗਿਆ ਹੈਂ । ਇਹ ਮੇਰਾ ਪਹਿਲਾ ਹੀ ਦਿਨ ਸੀ ਪਾਟੇ ਹੋਏ ਕੱਪੜੇ ਪਾਕੇ ਤੇ ਚਾਦਰ ਦਾ ਮੜਾਸਾ ਜਿਹਾ ਮਾਰਕੇ ਅਨ੍ਹਾਂ ਬਣਕੇ ਬੈਠ ਗਿਆ ਤੇ ਅਵਾਜ ਦਿੱਤੀ ਤਿੰਨ ਦਿਨ ਤੋਂ ਫਿਲਮ ਨਹੀਂ ਦੇਖੀ ਦਿਉ ਪੈਸੇ ਅਨੇ੍ਹ ਮੰਗਤੇ ਨੂੰ ਰੱਬ ਤੁਹਾਡਾ ਭਲਾ ਕਰੇਗਾ। ਕੋਲ ਦੀ ਲੰਘਦੇ ਮੇਰੇ ਪਰਿਵਾਰ ਚੋਂ ਵੱਡੇ ਲੜਕੇ ਨੇ ਚੁਗਲ ਕੌਰ ਨੂੰ ਕਿਹਾ, “ ਬੀਬੀ ਅਵਾਜ ਤਾਂ ਬਾਪੂ ਜੀ ਦੀ ਲਗਦੀ ਐ ਇਹ ਅਨ੍ਹਾਂ ਬਣਕੇ ਭੀਖ ਕਿਉਂ ਮੰਗੀ ਜਾਂਦਾ ਹੈ।”, “ ਚੁਗਲ ਕੌਰ ਨੂੰ ਯਕੀਨ ਹੀ ਨਾ ਆਇਆ ਕਿ ਉਸਦਾ ਪਤੀ ਦਲਿੱਦਰ ਸਿੰਘ ਭੀਖ ਮੰਗ ਰਿਹਾ ਹੈ ਤੇ ਸਾਬਤ ਕਰਨ ਵਾਸਤੇ ਮੇਰੇ ਲੜਕੇ ਨੇ ਸੜਕ ਤੋਂ ਵੱਟਾ ਚੁੱਕ ਕੇ ਮੇਰੇ ਵੱਲ ਵਗ੍ਹਾ ਕੇ ਮਾਰਿਆ ਮੇਰੇ ਵੱਲ ਵੱਟਾ ਆਉਂਦਾ ਦੇਖਕੇ ਮੈਂ ਚਾਦਰ ਲਾਹਕੇ ਭੱਜ ਤੁਰਿਆ ਮੈਂ ਅੱਗੇ ਅੱਗੇ ਤੇ ਚੁਗਲ ਕੌਰ ਤੇ ਬੱਚੇ ਮੇਰੇ ਪਿੱਛੇ ਭੱਜੇ ਤੇ ਚੁਗਲ ਕੌਰ ਦੀ ਏਨੀ ਕੂ ਆਵਾਜ ਸੁਣੀ ਜਿਹੜੀ ਕਹਿ ਰਹੀ ਸੀ ਖੜੋਜਾ ਦਲਿੱਦਰ ਸਿਹਾਂ ਬਸ ਇਹੀ ਕੰਮ ਰਹਿ ਗਿਆ ਕਰਨ ਵਾਲਾ ਬੱਚੇ ਵੱਡੇ ਹੋ ਗਏ ਹਨ ਕੁਝ ਤਾਂ ਸ਼ਰਮ ਕਰ ਅੱਜ ਤੂੰ ਘਰ ਚੱਲ ਸਵਾਰੂੰਗੀ ਤੇਰੀ ਭੁਗਤ।

 

Previous articleਮੈਰਾਥਨ ਦੌੜ ਮੁਕਾਬਲਾ : ਰੋਰੀ ਲਿੰਕਲੈਟਰ ਨੇ ਦੂਜੀ ਵਾਰ ਕਨੇਡਾ ਦਾ ਅੱਧ ਦੌੜ ਰਿਕਾਰਡ ਤੋੜਿਆ
Next articleਬਜ਼ੁਰਗ ਵੱਲੋਂ ਮੁਫ਼ਤ ਬਰਫ਼ ਹਟਾਉਣ ਦੀ ਸੇਵਾ ਦੀ ਹੋ ਰਹੀ ਹੈ ਸਲਾਘਾ