ਬੇਗਮਪੁਰਾ ਟਾਇਗਰ ਫੋਰਸ ਨੇ ਡਾਕਟਰਾਂ ਦੀ ਹੜਤਾਲ ਨੂੰ ਗੈਰਕਾਨੂੰਨੀ ਕਰਾਰ ਦੇਣ ਦੀ ਕੀਤੀ

 ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦਿਆਂ ਪੰਜਾਬ ਸਰਕਾਰ “ਐੱਸਮਾ” ਐਕਟ ਅਧੀਨ ਕਰੇ ਹੜਤਾਲੀ ਡਾਕਟਰਾਂ ਖਿਲਾਫ਼ ਕਾਰਵਾਈ : ਬੀਰਪਾਲ, ਹੈਪੀ, ਸਤੀਸ਼ 
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਮੀਟਿੰਗ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਤੇ ਜਿਲਾ ਸੀਨੀਅਰ ਮੀਤ ਪ੍ਰਧਾਨ  ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੁਰੱਖਿਆ ਮੰਗਣ ਦੇ ਨਾਮ ਤੇ ਪਿਛਲੇ ਕੁੱਝ ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਜਮਹੂਰੀਅਤ ਦਾ ਘਾਣ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਕੁੱਝ ਕੁ ਸਮਾਜ ਵਿਰੋਧੀ ਅਨਸਰਾਂ ਦੀਆਂ ਮਨਮਾਨੀਆਂ ਦੀ ਸਜ਼ਾ ਡਾਕਟਰਾਂ ਵੱਲੋਂ ਹੜਤਾਲ ਦੇ ਰੂਪ ਵਿੱਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਜਰੂਰੀ ਸਿਹਤ ਸੇਵਾਵਾਂ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਜਿਸ ਲਈ ਇਸ ਹੜਤਾਲ ਨੂੰ ਸਰਕਾਰ ਵੱਲੋਂ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਿਕ ਕਰਾਰ ਦੇ ਕੇ ਹੜਤਾਲੀ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਵਾਰਨਿੰਗ ਦੇਣੀ ਚਾਹੀਦੀ ਹੈ ਅਤੇ ਨਾ ਮੰਨਣ ਦੀ ਸੂਰਤ ਵਿੱਚ “ਐੱਸਮਾ ਐਕਟ” ਅਧੀਨ ਸਖ਼ਤ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਨਿਆਂ ਪਾਲਿਕਾ ਨੂੰ ਲੋਕ ਹਿੱਤ ਵਿੱਚ ਆਪਣਾ ਦਖਲ ਦੇਣਾ ਚਾਹੀਦਾ ਹੈ | ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਇਸ ਹੜਤਾਲ ਦੇ ਪਿੱਛੇ  ਹਸਪਤਾਲ ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਤੋਂ ਦੇਸ਼ ਭਰ ਵਿੱਚ ਪੈਦਾ ਹੋਇਆ ਰੋਸ ਮੁੱਖ ਕਾਰਣ ਹੈ ਜਿਸ ਨੂੰ ਅਧਾਰ ਬਣਾ ਕੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਦ ਕਿ ਅਸਲੀਅਤ ਇਹ ਹੈ ਕਿ ਇਸ ਮਨੁੱਖਤਾ ਵਿਰੋਧੀ ਅਤੇ ਹੈਵਾਨੀਅਤ ਭਰੀ ਕਰਤੂਤ ਪਿੱਛੇ ਕੋਈ ਹੋਰ ਨਹੀਂ ਸਗੋਂ ਇਸੇ ਮੈਡੀਕਲ ਕਾਲਜ ਦੇ ਸੁਪਰ ਸੀਨੀਅਰ ਅਤੇ ਜੂਨੀਅਰ ਸਟਾਫ ਨੂੰ ਕਥਿਤ ਰੂਪ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਜੋ ਹੁਣ ਪੁਲਿਸ ਹਿਰਾਸਤ ਵਿੱਚ ਦੱਸੇ ਜਾ ਰਹੇ ਹਨ | ਸਿਹਤ ਵਿਭਾਗ ਵਿੱਚ ਅਨੇਕਾਂ ਹੋਰ ਕਰੈਕਟਰ ਲੈਸ ਅਤੇ ਭ੍ਰਿਸ਼ਟ ਡਾਕਟਰਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਸੁਰੱਖਿਆ ਖ਼ਾਮੀਆਂ ਲਈ ਬਾਹਰਲੇ ਵਿਅਕਤੀਆਂ ਦੇ ਬਹਾਨੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਗੈਰਕਾਨੂੰਨੀ ਹੈ | ਆਗੂਆਂ ਨੇ ਕਿਹਾ ਕਿ ਅਸਲ ਵਿੱਚ ਡਾਕਟਰਾਂ ਦੀ ਮਨਸ਼ਾ ਇਸ ਬਹਾਨੇ ਅਸੀਮ ਤਾਕਤਾਂ ਹਾਸਿਲ ਕਰਨ ਦੀ ਹੈ ਤਾਂ ਜੋ ਇਸ ਦੀ ਵਰਤੋਂ ਕਰਕੇ ਆਪਣੀਆਂ ਮਨਮਾਨੀਆਂ ਅਤੇ ਭ੍ਰਿਸ਼ਟਾਚਾਰਕ ਸਰਗਰਮੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ,  ਜਦ ਕਿ ਕੌੜੀ ਹਕੀਕਤ ਇਹ ਹੈ ਕਿ ਖੁਦ ਡਾਕਟਰ ਹੀ ਪੁਲਿਸ ਦੀ ਮਿਲੀਭੁਗਤ ਨਾਲ ਸਭ ਤੋਂ ਵੱਧ ਝੂਠੇ ਕੇਸ ਦਰਜ ਕਰਨ ਅਤੇ ਝੂਠੀਆਂ ਮੈਡੀਕਲ ਰਿਪੋਰਟਾਂ ਬਣਾਉਣ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ | ਬੇਗਮਪੁਰਾ ਟਾਈਗਰ ਫੋਰਸ ਦੇ ਉਕਤ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਅਸ਼ਵਨੀ ਸ਼ਰਮਾ ਤੇ ਤਰਸੇਮ ਦੀਵਾਨਾ ਉੱਪਰ ਡਾਕਟਰਾਂ ਵੱਲੋਂ ਝੂਠੇ ਪਰਚੇ ਦਰਜ ਕਰਨ, ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਹੀ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਗੁਰਮੇਲ ਸਿੰਘ ਛਾਜਲੀ ਅਤੇ ਕੁਲਦੀਪ ਸਿੰਘ ਸੱਗੂ ਉੱਪਰ ਮਹਿਲਾ ਡਾਕਟਰ ਵੱਲੋਂ ਲਾਏ ਝੂਠੇ ਇਲਜ਼ਾਮਾਂ ਅਧੀਨ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜਣ, ਇਸ ਤੋਂ ਇਲਾਵਾ ਮੋਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰਨ ਦੀਆਂ ਬੇਸ਼ੁਮਾਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ | ਜੇਕਰ ਪੰਜਾਬ ਵਿੱਚ ਪੱਤਰਕਾਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਅਤੇ ਹੋਰ ਆਪਣੇ ਹੱਕਾਂ ਲਈ ਜਾਗਰੂਕ ਲੋਕਾਂ ਦੀ ਸੁਰੱਖਿਆ ਦੀ ਕੀ ਆਸ ਕੀਤੀ ਜਾ ਸਕਦੀ ਹੈ | ਇਸ ਮਾਮਲੇ ਦੀ ਨਜ਼ਾਕਤ ਨੂੰ ਵੇਖਦਿਆਂ ਪੰਜਾਬ ਸਰਕਾਰ ਅਤੇ ਇਸ ਦੇ ਮੁਖੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਮਾਨਯੋਗ ਨਿਆਂਪਾਲਿਕਾ ਨੂੰ ਇਸ ਮਾਮਲੇ ਨੂੰ ਦੂਰ ਅੰਦੇਸ਼ੀ ਨਾਲ ਸੁਲਝਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਬੇਕਸੂਰ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜ਼ਿੰਦਗੀ ਬਰਬਾਦ ਨਾ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਦੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਬੇਗਮਪੁਰਾ ਟਾਈਗਰ ਫੋਰਸ ਖੁਦ ਚਿੰਤਿਤ ਹੈ ਅਤੇ ਪੰਜਾਬ ਸਰਕਾਰ ਪਾਸੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਜ਼ੋਰਦਾਰ ਮੰਗ ਕਰਦਾ ਹੈ | ਪਰ ਨਾਲ ਹੀ ਗਲਤ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੀ ਵੀ ਜ਼ੋਰਦਾਰ ਨਿੰਦਾ ਕਰਦਾ ਹੋਇਆ ਸਰਕਾਰ ਪਾਸੋਂ ਧਿਆਨ ਦੇਣ ਦੀ ਮੰਗ ਕਰਦਾ ਹੈ |  ਇਸ ਮੌਕੇ ਹੋਰਨਾ ਤੋ ਇਲਾਵਾ ਵਿਸ਼ਾਲ ਬਸੀ ਬਾਹੀਆ,ਮੰਗਾ ਸ਼ੇਰਗੜ,ਹਰਭਜਨ ਲਾਲ ਸਰੋਆ,ਮੁਨੀਸ਼ ਕੁਮਾਰ,ਰੋਹਿਤ ਕੁਮਾਰ ਨਾਰਾ,ਅਮਨਦੀਪ ,ਰਕੇਸ਼ ਕੁਮਾਰ ਭੱਟੀ,ਬਾਲੀ,ਮਾਸਟਰ ਸੁਖਦੇਵ ਰਾਮ ਆਦਿ ਹਾਜਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਬਾਣ
Next articleਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ, ਡਾਕਟਰ ਰਾਜਕੁਮਾਰ ਚੱਬੇਵਾਲ ਨੇ ਲੱਡੂ ਵੰਡੇ