ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਜਿਸ ਕੋਲ ਸਮਝ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੈ। ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ ।ਮਿਲਾਵਟ ਬਿਲਕੁੱਲ ਵੀ ਨਹੀਂ ਸੀ । ਕਹਿਣ ਦਾ ਭਾਵ ਹੈ ਕਿ ਖਾਣਾ ਪੀਣਾ, ਹਵਾ, ਪਾਣੀ ,ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਿਲਾਵਟ ਕੀ ਹੁੰਦੀ ਹੈ?ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ , ਉਹ ਪਰਿਵਾਰ ਸਾਫ਼ ਸੁਥਰਾ ਸ਼ੁੱਧ ਦੁੱਧ ਵੇਚਦੇ ਸਨ। ਜੇ ਕੋਈ ਪਾਣੀ ਵੀ ਪਾਉਣਾ ਚਾਹੁੰਦਾ ਸੀ,ਉਹ ਵੀ ਘਰ ਦਾ ਸ਼ੁੱਧ ਪਾਣੀ ਪਾ ਕੇ ਹੀ ਦੁੱਧ ਵੇਚਦੇ ਸਨ।ਪਰ ਅੱਜ ਦੇ ਸਮੇਂ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਦਬਦਬਾ ਹੈ। ਜੋ ਕੰਮ ਇਨਸਾਨ ਨੂੰ ਧਰਤੀ ਤੇ ਕਰਨ ਲਈ ਪਰਮਾਤਮਾ ਨੇ ਭੇਜਿਆ ਸੀ, ਅੱਜ ਦਾ ਇਨਸਾਨ ਆਪਣੇ ਨਿੱਜੀ ਸਵਾਰਥਾਂ ਖਾਤਿਰ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਮਿਲਾਵਟ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ। ਕੋਈ ਵੀ ਖਾਣ-ਪੀਣ ਦੀ ਚੀਜ਼ ਲੈ ਲਵੋ ਅੱਜ ਦੇ ਸਮੇਂ ਉਹ ਸ਼ੁੱਧ ਨਹੀਂ ਹੈ । ਚਾਹੇ ਉਹ ਦੁੱਧ ਲੈ ਲਓ, ਦੇਸੀ ਘਿਉ ਲੈ ਲਵੋ , ਮਿਠਾਈਆਂ ਲੈ ਲਵੋ ਜਾਂ ਦਵਾਈਆਂ ਲੈ ਲਵੋ,ਹਰ ਚੀਜ਼ ਮਿਲਾਵਟ ਨਾਲ ਬਾਜ਼ਾਰ ਵਿੱਚ ਵਿੱਕ ਰਹੀ ਹੈ। ਨਾਮੀ ਕੰਪਨੀਆਂ ਦੇ ਮਾਰਕਾ ਲਗਾ ਕੇ ਕਈ ਵਾਰ ਬੰਦ ਡੱਬਿਆਂ ਵਿਚ ਮਿਲਾਵਟ ਬਹੁਤ ਜਿਆਦਾ ਦੇਖੀ ਜਾ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਅੱਜ ਦਾ ਇਨਸਾਨ ਨਿਰਾ ਜ਼ਹਿਰ ਖਾ ਰਿਹਾ ਹੈ।
ਹਾਲ ਹੀ ਵਿੱਚ ਵਿਸ਼ਵ ਸੰਗਠਨ ਦੀ ਨਸ਼ਰ ਹੋਈ ਰਿਪੋਰਟ ਮੁਤਾਬਕ 60 ਕਰੋੜ ਤੋਂ ਵੱਧ ਭਾਰਤ ਵਿੱਚ ਦੁੱਧ ਦੀ ਵਿਕਰੀ ਹੁੰਦੀ ਹੈ। ਜਿਸ ਵਿੱਚ 45 ਕਰੋੜ ਲੀਟਰ ਤੋਂ ਜਿਆਦਾ ਮਿਲਾਵਟੀ ਹੁੰਦਾ ਹੈ। ਸਭ ਤੋਂ ਮਿਲਾਵਟੀ ਦੁੱਧ ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਫੜੇ ਗਏ ਹਨ। ਦੁੱਧ ਤੋਂ ਬਣਿਆ ਪਨੀਰ ,ਦਹੀਂ, ਖੋਆ, ਬਿਸਕੁਟ ਦੇ ਜਦੋਂ ਸੈਂਪਲ ਭਰੇ ਗਏ ਤਾਂ ਸਾਰੇ ਹੀ ਮਿਲਾਵਟੀ ਦੁੱਧ ਨਾਲ ਬਣੇ ਸਨ। ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ,ਭਾਰਤ ਜਲਦੀ ਹੀ ਨਾ ਮੁਰਾਦ ਬਿਮਾਰੀ ਕੈਂਸਰ ਦਾ ਸ਼ਿਕਾਰ ਹੋ ਜਾਵੇਗਾ। ਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਮਿਲਾਵਟ ਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹਰ ਸੂਬੇ ਵਿੱਚ ਮਿਲਾਵਟ ਦਾ ਬੋਲ ਬਾਲਾ ਹੈ। ਚਾਹੇ ਉਹ ਕੇਰਲ, ਤਮਿਲਨਾਡੂ ,ਪੰਜਾਬ, ਹਿਮਾਚਲ ਪ੍ਰਦੇਸ਼ ਹਰਿਆਣਾ ਜਾਂ ਰਾਜਸਥਾਨ ਕਿਉਂ ਨਾ ਹੋਵੇ । ਹਰ ਸੂਬੇ ਵਿੱਚ ਮਿਲਾਵਟ ਸ਼ਿਖਰਾਂ ਤੇ ਹੈ। ਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਮਾਹਿਰਾਂ ਮੁਤਾਬਕ ਜੋ ਮਿਲਾਵਟ ਵਾਲਾ ਦੁੱਧ ਹੁੰਦਾ ਹੈ ਉਹ ਲੀਵਰ, ਪੇਟ ਦੀਆਂ ਅੰਤੜੀਆਂ ਵਿੱਚ ਹੌਲੀ ਹੌਲੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਫ਼ਿਰ ਘਾਤਕ ਬਿਮਾਰੀਆਂ ਸ਼ਰੀਰ ਨੂੰ ਘੇਰ ਲੈਂਦੀਆਂ ਹਨ। ਬੱਚਿਆਂ ਦਾ ਸਰੀਰਿਕ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ। ਸਮੇਂ ਤੋਂ ਪਹਿਲਾਂ ਕੁੜੀਆਂ ਵਿੱਚ ਮਹੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਵਿੱਚ ਜਲਦੀ ਹੀ ਮਹੀਨਾ ਆਉਣਾ ਬੰਦ ਵੀ ਹੋ ਜਾਂਦਾ ਹੈ। ਔਰਤਾਂ ਵਿੱਚ ਹਾਰਮੋਨ ਅਸੰਤੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ।
ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬੀਮਾਰੀਆਂ ਨਾਲ ਪੀੜਿਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ।ਜੇ ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਆਪਣੇ ਕੰਮ ਕਾਜ ਕਰ ਸਕਾਂਗੇ। ਮਿਲਾਵਟੀ ਚੀਜ਼ਾਂ ਖਾਣ ਨਾਲ ਤਾਂ ਹਰ ਰੋਜ਼ ਕੋਈ ਨਾ ਕੋਈ ਬਿਮਾਰੀ ਕਾਰਨ ਪੀੜਤ ਰਹਾਂਗੇ। ਹਰ ਰੋਜ਼ ਡਾਕਟਰ ਜਾਂ ਮੈਡੀਕਲ ਲੈਬ ਦੇ ਚੱਕਰ ਹੀ ਲਗਾਉਂਦੇ ਰਹਾਂਗੇ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਮੈਡੀਕਲ ਸਟੋਰਾਂ ਤੇ ਨਕਲੀ ਦਵਾਈਆਂ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਇੱਕ ਤਰ੍ਹਾਂ ਦੀ ਦਵਾਈਆਂ ਬਣਾ ਕੇ ਬਾਜ਼ਾਰ ਵਿਚ ਉਤਾਰ ਦਿੰਦੀਆਂ ਹਨ।ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਆਮ ਤੌਰ ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜਨ ‘ਚ ਹੀ ਸਰਗਰਮ ਹੁੰਦਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਨਕਲੀ ਮਿਠਿਆਈਆਂ,ਖੋਆ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ। ਹਰ ਰੋਜ਼ ਸਿਹਤ ਮਹਿਕਮਾਂ ਟੀਮਾਂ ਬਣਾਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿੱਚ ਭੇਜਦਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਹਨ। ਇਹ ਜਿਆਦਾਤਰ ਤਿਉਹਾਰਾਂ ਦੇ ਸੀਜਨ ਦੌਰਾਨ ਹੀ ਹੁੰਦਾ ਹੈ। ਹਰ ਸ਼ਹਿਰ ਵਿੱਚ ਸ਼ਾਮ ਨੂੰ ਇੱਕ ਜਗ੍ਹਾ ਤੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇਹੜੀਆਂ ਵਾਲੇ ਨਕਲੀ ਰਿਫਾਇੰਡ ਦੀ ਮਦਦ ਨਾਲ ਤਰ੍ਹਾਂ ਤਰ੍ਹਾਂ ਦੇ ਜੰਕ ਫੂਡ ਲੋਕਾਂ ਨੂੰ ਪਰੋਸ ਰਹੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।ਫਿਰ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ ਹੀ ਕੁੱਝ ਨਾ ਕੁੱਝ ਖਾਣ ਪੀਣ ਵਾਲੀ ਵਸਤਾਂ ਦੁਕਾਨਾਂ ਮਿਠਾਈਆਂ ਦੀ ਦੁਕਾਨਾਂ ਤੋਂ ਲੈ ਕੇ ਖਾਂਦੇ ਹਨ। ਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਕਿਉਂ? ਸਾਰਾ ਸਾਲ ਕਿਉਂ ਨਹੀਂ ਕੀਤੀ ਜਾਂਦੀ?
ਜੋ ਪਿੰਡਾਂ ਵਿੱਚੋਂ ਦੁੱਧ ਲੈ ਕੇ ਦੋਧੀ ਸ਼ਹਿਰ ਵੱਲ ਜਾਂਦੇ ਹਨ, ਇਨ੍ਹਾਂ ਦੇ ਹਰ ਹਫਤੇ ਡੈਅਰੀ ਵਿਭਾਗ ਵੱਲੋਂ ਕੈਂਪ ਲਗਾ ਕੇ ਨਮੂਨੇ ਭਰਨੇ ਚਾਹੀਦੇ ਹਨ। ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਡੇਅਰਿਆਂ ਤੇ ਨਕਲੀ ਦੁੱਧ ,ਖੋਆ ,ਪਨੀਰ ਮਿਲਦਾ ਹੈ,ਉਸ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ।ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ, ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ। ਆਮ ਤੌਰ ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਐਫਐੱਸਐੱਸਏਆਈ ਦੀ ਰਿਪੋਰਟ ਮੁਤਾਬਕ ਖ਼ੁਲਾਸਾ ਹੋਇਆ ਹੈ ਕਿ ਦੁੱਧ ਵਿੱਚ ਅਰਾਰੋਟ, ਰੰਗ, ਮਿਲਕ ਪਾਊਡਰ, ਗੁਲੂਕੋਜ਼ ,ਕੱਪੜੇ ਢੋਣ ਵਾਲਾ ਪਾਊਡਰ ਮਿਲਾਇਆ ਜਾਂਦਾ ਹੈ।ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿੱਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿੱਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸੱਜ ਜਾਂਦੀਆਂ ਹਨ। ਮਿਲਾਵਟੀ ਚੀਜਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ,ਦਮਾ, ਸ਼ੂਗਰ ਹੋਰ ਵੀ ਕਈ ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।ਅਜਿਹੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly