ਬੱਚਿਆਂ ਦੀ ਹਿੰਮਤ ਬਣੋ,ਨਾ ਕਿ ਪੈਰਾਂ ਦੀਆਂ ਬੇੜੀਆਂ…

(ਸਮਾਜ ਵੀਕਲੀ)

ਆਪਣੇ ਬੱਚਿਆਂ ਦੀ ਹਿੰਮਤ ਬਣੋ ਨਾ ਕਿ ਉਹਨਾਂ ਦੇ ਪੈਰਾਂ ਦੀਆਂ ਬੇੜੀਆਂ …..।ਉਹਨਾਂ ਨੂੰ ਵਿਗਸਣ ਦਿਉ। ਉੱਚੀਆ ਉਡਾਰੀਆਂ ਭਰਨ ਲਈ ਉਹਨਾਂ ਅੰਦਰ ਉਤਸ਼ਾਹ ਅਤੇ ਉਮੰਗ ਭਰੋ। ਉਹਨਾਂ ਦਾ ਸਾਥ ਦੇਵੋ।ਉਹਨਾਂ ਦੇ ਦਿਲ ਦੀ ਗੱਲ ਸੁਣੋ।ਜੇਕਰ ਤੁਸੀਂ ਘਰ ਵਿੱਚ ਹੀ ਪਿਆਰ ਤੇ ਸੁਖਾਵਾਂ ਮਾਹੌਲ ਦਿਉਗੇ, ਤਾਂ ਉਹ ਬਾਹਰੀ ਪਿਆਰ ਵੱਲ ਘੱਟ ਭੱਜਣਗੇ। ਇਹ ਤੁਹਾਡੀ ਹਿੰਮਤ, ਖਿੱਚ ਅਤੇ ਪਿਆਰ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਆਪਣੇ ਨਾਲ ਰੱਖ ਸਕਦੇ ਹੋ। ਬੇਸ਼ੱਕ ਉਹ ਤੁਹਾਡੇ ਕੋਲੋਂ ਦੂਰ ਵੀ ਹੋਣ ,ਪਰ ਹੋਣ ਦਿਲ ਦੇ ਕਰੀਬ। ਹਰ ਇੱਕ ਗੱਲ ਇੰਝ ਸਾਂਝੀ ਕਰਨ ਜਿਵੇਂ ਤੁਹਾਡੇ ਤੋਂ ਵਧੀਆ ਸਾਥੀ ਤੇ ਸਲਾਹਕਾਰ ਕੋਈ ਹੋਰ ਹੋ ਹੀ ਨਹੀਂ ਸਕਦਾ।

ਉਸ ਨੂੰ ਆਪਣੇ ਫ਼ੈਸਲੇ ਆਪ ਲੈਣ ਦੀ ਇਜ਼ਾਜਤ ਦਿਉ। ਵਿਸ਼ਵਾਸ ਕਰੋ , ਦੌਲਤ ਨਾਲੋਂ ਪਿਆਰ ਲੁਟਾਉ, ਕਾਬਲ ਬਣਾਉ, ਪੈਸੇ ਉਹਨਾਂ ਆਪ ਬਥੇਰੇ ਕਮਾ ਲੈਣੇ ਹਨ। ਕੋਸ਼ਸ਼ ਕਰੋ, ਅਜਿਹੇ ਮਾਂ-ਬਾਪ ਬਣੋ ਕਿ ਬੱਚਾ ਆਪ ਕਹੇ ਕਿ ਮੇਰੇ ਮਾਪਿਆਂ ਵਰਗਾ ਕੋਈ ਹੈ ਹੀ ਨਹੀਂ? ਬੇਸ਼ੱਕ ਬਹੁਤ ਖ਼ੁਸਕਿਸਮਤ ਬੱਚੇ ਅਜਿਹੇ ਹਨ, ਪਰ ਇਹਨਾਂ ਦੀ ਮਿਕਦਾਰ ਅਜੇ ਵੀ ਬਹੁਤ ਘੱਟ ਹੈ। ਇਹਨਾਂ ਨੂੰ ਧਰਤੀ ਨਾਲ ਜੋੜ ਕੇ ਅੰਬਰ ਤੱਕ ਪਹੁੰਚਾਉ।

ਬੱਚੇ ਕੋਰੇ ਕਾਗਜ਼ ਹੁੰਦੇ ਹਨ। ਇਹਨਾਂ ਕੋਰੇ ਵਰਕਿਆਂ ਉੱਤੇ ਪਿਆਰ ਦੇ ਅੱਖਰ ,ਇਤਬਾਰ ਦੀ ਸਿਆਹੀ ਨਾਲ਼ ਉਲੀਕੋ। ਮੇਰੇ ਪੰਦਰਾਂ ਸਾਲ ਦੇ ਤਜਰਬੇ ਮੁਤਾਬਕ ਬਾਰ੍ਹਵੀਂ ਤੱਕ ਦੇ ਬੱਚੇ ਜ਼ਿਆਦਾਤਰ ਨਿਆਣੇ ਤੇ ਬੇਸਮਝ ਹੀ ਹੁੰਦੇ ਹਨ। ਇਹ ਮੈਨੂੰ ਕਦੀ-ਕਦੀ ਪਾਣੀ ਵਰਗੇ ਲਗਦੇ ਹਨ। ਇਹਨਾਂ ਵਿੱਚ ਜੋ ਮਰਜ਼ੀ ਘੋਲ ਲਵੋ, ਉਹੋ ਜਿਹੇ ਹੋ ਜਾਂਦੇ ਹਨ। ਮੇਰਾ ਵਾਹ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਨਾਲ ਪੈਂਦਾ ਹੈ। ਮੇਰੇ ਕੋਲੋ ਜ਼ਿਆਦਾਤਰ ਨੌਵੀਂ ਤੋਂ ਬਾਰ੍ਹਵੀ ਤੱਕ ਦੇ ਬੱਚੇ ਹੁੰਦੇ ਹਨ ਅਤੇ ਇਹੀ ਉਮਰ ਇਹਨਾਂ ਵੱਲ ਵੱਧ ਧਿਆਨ ਦੇਣ ਦੀ ਹੁੰਦੀ ਹੈ। ਕਈ ਤਾਂ ਵਿਚਾਰੇ ਸਹਾਰੇ ਭਾਲਦੇ-ਭਾਲਦੇ ਭਟਕ ਹੀ ਜਾਂਦੇ ਹਨ ਅਤੇ ਅਜਿਹੇ ਭਟਕਦੇ ਹਨ, ਕਿ ਸਾਰੀ ਉਮਰ ਭਟਕਦਿਆ ਹੀ ਲੰਘ ਜਾਂਦੀ ਹੈ। ਕਈ ਤਾਂ ਘਰ ਦੇ ਪਿਆਰ ਤੋਂ ਸੱਖਣੇ ਹੀ ਰਹਿ ਜਾਂਦੇ ਹਨ। ਪੂਰਾ ਪਿਆਰ,ਇਤਬਾਰ ਮਿਲਦਾ ਹੀ ਨਹੀਂ। ਮੇਰੀ ਥੋੜੀ ਜਿਹੀ ਹਿੰਮਤ ਨਾਲ ਕਈ ਬੜੀ ਵਧੀਆ ਕਾਰਗੁਜ਼ਾਰੀ ਕਰ ਜਾਂਦੇ ਹਨ। ਮੈਂ ਮਨ ਭਰ ਖੁਸ਼ ਹੋ ਜਾਂਦੀ ਹਾਂ। ਬੱਚੇ ਦੀ ਜ਼ਿੰਦਗੀ ਸਵਰ ਜਾਂਦੀ ਹੈ।

ਪਤਾ ਨਹੀਂ ਕਿਉਂ ਮੈਨੂੰ ਇਹ ਬੱਚੇ ਬੜੇ ਪਿਆਰੇ ਲਗਦੇ ਹਨ। ਕਦੀ ਜੀਅ ਕਰਦਾ ਹੈ ਇਹਨਾਂ ਨੂੰ ਲੈਕਚਰ ਦੇਈ ਜਾਵਾਂ, ਇਹ ਕਿੰਨੇ ਪਿਆਰ ਨਾਲ ਮੈਨੂੰ ਸੁਣਦੇ ਹਨ। ਇਹਨਾਂ ਨੂੰ ਸਮਝ ਕੇ ਸਹੀ ਰਾਹ ਦਿਖਾ ਸਕਾ। ਇਹਨਾਂ ਨੂੰ ਥੋੜਾ ਜਿਹਾ ਪਿਆਰ ਦਈਏ, ਤਾਂ ਅੱਗੋ ਢੇਰ ਸਾਰਾ ਪਿਆਰ ਵਾਪਸ ਕਰਦੇ ਹਨ। ਸਾਡੀ ਸਾਰਿਆਂ ਦੀ ਥੋੜੀ-ਥੋੜੀ ਕੋਸ਼ਸ਼ ਇੱਕ ਦਿਨ ਜਰੂਰ ਰੰਗ ਲਿਆਵੇਗੀ। ਆਉ ਮਿਲ ਕੇ ਇਹਨਾਂ ਆਉਣ ਵਾਲੀਆ ਪੀੜ੍ਹੀਆਂ ਦੇ ਵਾਰਸਾਂ ਦੀ ਹਿੰਮਤ ਬਣੀਏ।ਇਹਨਾਂ ਦਾ ਸਾਥ ਦੇਈਏ।ਇਹਨਾਂ ਨੂੰ ਗ਼ਲਤ ਅਤੇ ਸਹੀ ਦੀ ਪਹਿਚਾਣ ਸ਼ੁਰੂ ਤੋਂ ਹੀ ਕਰਾਈਏ। ਆਪਣੀ ਮਾਹਨ ਕੌਮ ਦੇ ਕੀਤੇ ਕਾਰਜਾਂ ਤੋਂ ਜਾਣੂ ਕਰਵਾਈਏ।

ਇੱਕ ਸਾਫ਼ ਸੁਧਰੇ ਸਮਾਜ ਦਾ ਨੀਂਹ-ਪੱਥਰ ਰੱਖੀਏ। ਇਹਨਾਂ ਨੂੰ ਪੜ੍ਹਾਈ ਨਾਲ ਏਨਾ ਜੋੜ ਦਈਏ ਕਿ ਇਹ ਕਾਬਲ ਬਣਨ , ਕਿਸੇ ਦੇ ਮੁਹਤਾਜ ਨਾ ਰਹਿਣ। ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਿਤਾ ਸਕਣ। ਅਜਿਹੇ ਰੁੱਖ ਬਣਨ ਜੋ ਦੂਜਿਆਂ ਨੂੰ ਛਾਂ, ਫ਼ਲ, ਫ਼ੁੱਲ, ਪੱਤੇ, ਲੱਕੜ ਆਦਿ ਦੇ ਕੇ ਵੀ ਅਹਿਸਾਨ ਨਾ ਜਿਤਾਉਣ। ਇਹਨਾਂ ਵਿੱਚ ਬਹੁਤ ਅੱਗੇ ਜਾਣ ਦੀ ਹਿੰਮਤ ਹੁੰਦੀ ਹੈ। ਬਸ ਥੋੜਾ ਜਿਹਾ ਸਾਥ ਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ। ਇਹ ਮੁਸ਼ਕਲ ਤੋਂ ਮੁਸ਼ਕਲ ਰਸਤੇ ਤਹਿ ਕਰ ਲੈਂਦੇ ਹਨ। ਬਸ ਇਹ ਪਿਆਰ ਅਤੇ ਆਪਣੇਪਨ ਦੇ ਭੁੱਖੇ ਹੁੰਦੇ ਹਨ। ਇਹਨਾਂ ਕੋਮਲ ਕਲੀਆਂ ਨੂੰ ਸੰਭਾਲ ਕੇ ਸਮਾਜ ਵਿੱਚ ਚੰਗਿਆਈ ਦਾ ਬੀਜ ਖਿਲਾਰੀਏ। ਆਉ! ਆਪਣੇ ਬੱਚਿਆਂ ਦੀ ਹਿੰਮਤ ਬਣੀਏ….।

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀਆਂ ਦਾ ਸਿਰਨਾਵਾਂ ਮਨਪ੍ਰੀਤ ਕੌਰ ਭਾਟੀਆ
Next articleਏਹੁ ਹਮਾਰਾ ਜੀਵਣਾ ਹੈ -125