ਬੀਬੀਸੀ ਦਸਤਾਵੇਜ਼ੀ: ਦਿੱਲੀ ਯੂਨੀਵਰਸਿਟੀ ਦੇ ਬਾਹਰ ਹੰਗਾਮੇ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਕਾਇਮ

ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਯੂਨੀਵਰਸਿਟੀ (ਡੀਯੂ) ਨੇ 2002 ਦੇ ਗੁਜਰਾਤ ਦੰਗਿਆਂ ’ਤੇ ਆਧਾਰਿਤ ਬੀਬੀਸੀ ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ 27 ਜਨਵਰੀ ਨੂੰ ਆਰਟਸ ਫੈਕਲਟੀ ਦੇ ਬਾਹਰ ਹੋਏ ਹੰਗਾਮੇ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਡੀਯੂ ਪ੍ਰੋਕਟਰ ਰਜਨੀ ਅੱਬੀ ਦੀ ਅਗਵਾਈ ਵਾਲੀ ਕਮੇਟੀ ਨੂੰ 30 ਜਨਵਰੀ ਨੂੰ ਸ਼ਾਮ 5 ਵਜੇ ਤੱਕ ਉਪ ਕੁਲਪਤੀ ਯੋਗੇਸ਼ ਸਿੰਘ ਨੂੰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਇੱਕ ਨੋਟੀਫਿਕੇਸ਼ਨ ਵਿੱਚ ਯੂਨੀਵਰਸਿਟੀ ਨੇ ਕਿਹਾ ਕਿ ਉਪ ਕੁਲਪਤੀ ਨੇ ਕੈਂਪਸ ਵਿੱਚ ਅਨੁਸ਼ਾਸਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਕਾਇਮ ਕੀਤੀ ਹੈ।

ਨੋਟੀਫਿਕੇਸ਼ਨ ਅਨੁਸਾਰ ਕਮੇਟੀ ਵਿੱਚ ਕਾਮਰਸ ਵਿਭਾਗ ਦੇ ਪ੍ਰੋਫੈਸਰ ਅਜੈ ਕੁਮਾਰ ਸਿੰਘ, ਜੁਆਇੰਟ ਪ੍ਰੋਕਟਰ ਪ੍ਰੋਫੈਸਰ ਮਨੋਜ ਕੁਮਾਰ ਸਿੰਘ, ਸੋਸ਼ਲ ਵਰਕ ਵਿਭਾਗ ਦੇ ਪ੍ਰੋਫੈਸਰ ਸੰਜੈ ਰਾਏ, ਹੰਸਰਾਜ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਮਾ, ਕਿਰੋੜੀ ਮੱਲ ਕਾਲਜ ਦੇ ਪ੍ਰਿੰਸੀਪਲ ਦਿਨੇਸ਼ ਖੱਟਰ ਅਤੇ ਮੁੱਖ ਸੁਰੱਖਿਆ ਅਧਿਕਾਰੀ ਗਾਜੇ ਸਿੰਘ ਸ਼ਾਮਲ ਹਨ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ 2023 ਨੂੰ ਯੂਨੀਵਰਸਿਟੀ ’ਚ ਆਰਟਸ ਫੈਕਲਟੀ ਦੇ ਬਾਹਰ ਅਤੇ ਯੂਨੀਵਰਸਿਟੀ ਦੇ ਗੇਟ ਨੰਬਰ-4 ਦੇ ਸਾਹਮਣੇ ਵਾਪਰੀ ਘਟਨਾ ਦੀ ਜਾਂਚ ਕਰੇਗੀ।’’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਨਾਲ ਸਬੰਧਤ 24 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਯੂਨੀਵਰਸਿਟੀ ਨੇ ਦਾਅਵਾ ਕੀਤਾ ਕਿ ਬਾਹਰੀ ਲੋਕ ਦਸਤਾਵੇਜ਼ੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲੀਸ ਬੁਲਾਈ ਗਈ ਸੀ।

 

Previous articleਐੱਲਆਈਸੀ ਅਤੇ ਐੱਸਬੀਆਈ ਨੂੰ 78 ਹਜ਼ਾਰ ਕਰੋੜ ਰੁਪਏ ਦਾ ਖੋਰਾ ਲੱਗਿਆ: ਕਾਂਗਰਸ
Next articleਸਿੰਧੂ ਜਲ ਸੰਧੀ: ਭਾਰਤ ਦੇ ਨੋਟਿਸ ਦਾ ਪਾਕਿਸਤਾਨ ਵੱਲੋਂ ਵਿਰੋਧ