***ਬਾਪੂ ਵਾਹੁੰਦਾ ਹਲ ਸੀ—

ਬੇਅੰਤ ਕੌਰ
     (ਸਮਾਜ ਵੀਕਲੀ) 
    ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ ,
    ਬਾਪੂ ਵਾਹੁੰਦਾ ਹਲ ਸੀ,
    ਟਿੱਬਿਆਂ ‘ਚ ਬੋਰ  ਹੁੰਦਾ ਸੀ……
   ਨਰਮੇ – ਕਪਾਹਾਂ ਜਦ ਹੁੰਦੇ ਸੀ ਜਵਾਨ ਵੇ
   ਚੁਗਦੀ ਸੀ ਸਖੀਆਂ ਨਾ,ਬਣਕੇ ਰਕਾਨ ਵੇ,
   ਜਿੰਦ ਵਿੱਚ ਵੀ ਅਨੋਖਾ ਬੜਾ ਜੋਰ ਹੁੰਦਾ ਸੀ,
   ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ
   ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ……..
   ਰਲ ਕੇ ਭਰਾਵਾਂ ਨਾਲ ਗੁੱਲੀ ਡੰਡਾ ਖੇਡਦੇ,
   ਬਾਂਦਰ -ਕਿੱਲੇ ਦੀ ਕੁੱਟ ਰੂੰ ਵਾਂਗ ਵੇਲਦੇ ,
   ਨਾ ਪੈਰਾਂ ਵਿੱਚ ਝਾਂਜਰਾਂ ਦਾ ਸ਼ੋਰ ਹੁੰਦਾ ਸੀ,
   ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ
   ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ…….
   ਭਾਬੀਆਂ ਨਾ ਰਲ  ਪਾਣੀ ਲੈਣ ਜਾਂਦੀ ਸੀ ,
   ਵੱਡੀ ਭੈਣ ਦੀ ਮੈਂ ਰੀਸੇ  ਲੱਕ ਮਟਕਾਂਦੀ ਸੀ,
   ਟੁੱਟਦਾ ਸੀ ਘੜਾ, ਜੋ ਨਵਾਂ ਵੇ ਨਕੋਰ ਹੁੰਦਾ ਸੀ ,
   ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ  ਬਾਪੂ ਵਾਹੁੰਦਾ ਹਲ ਸੀ,
   ਟਿੱਬਿਆਂ ‘ਚ ਬੋਰ ਹੁੰਦਾ ਸੀ……..
   ਹੱਥਾਂ ਵਿੱਚ ਗੁੜ, ਕਦੇ ਗੰਨਾ, ਕਦੇ ਚੂਰੀ ਸੀ,
   ਟੇਬਲਾਂ ‘ਤੇ ਖਾਣ ਦੀ ਨਾ ਹੁੰਦੀ ਮਜ਼ਬੂਰੀ ਸੀ,
   ਬਿਨ੍ਹ ਜਿੱਤੇ ਖੇਡੀ ਜਾਣਾ, ਮਨਾਂ ‘ਚ ਨਾ ਖੋਰ ਹੁੰਦਾ ਸੀ ,
   ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ
   ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ……
   ਸਰੋਂਆਂ ਦੇ ਪੀਲੇ -ਪੀਲੇ ਫੁੱਲ ਖਿੜੇ ਹੁੰਦੇ ਸੀ
   ਮਿੱਢੀ ਨਾਲ ਮਿੱਢੀ ਜੋੜ ਸਿਰ ਗੁੰਦੇ ਹੁੰਦੇ ਸੀ,
   ਤਾਰੇ ਮੀਰੇ ਦਾ ਵੀ ਵੱਖਰਾ ਹੀ ਟੌਹਰ ਹੁੰਦਾ ਸੀ
   ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ
   ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ……..
   ਨਾ ਸੀ ਬਾਪੂ ਜੈਲਦਾਰ, ਨਾ ਨੰਬਰਦਾਰੀ ਸੀ,
   ਕੁੜੀਆਂ ‘ਤੇ ਫੇਰ ਵੀ ਚਲਾਉਂਦੀ ਠਾਣੇਦਾਰੀ
   ਸੀ,ਜੋਰ ਜਵਾਨੀ, ਕੁੱਝ ਮਾਪਿਆਂ ਦੇ ਲਾਡ ਦਾ ਵੀ ਲੋਰ ਹੁੰਦਾ ਸੀ
,  ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ,
    ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ…….
   ਬਾਪੂ ਦੀ ਅਵਾਜ਼ ‘ਚ ਗੜ੍ਹਕ ਬੜੀ ਹੁੰਦੀ ਸੀ
  ਬੇਬੇ ਵੀ ਸੁਨੱਖੀ ਤੇ ਮੜਕ ਵਾਲੀ  ਹੁੰਦੀ ਸੀ ,
  ਸੱਚੀਂ ਵੀਰ ਵੀ ਕਲਹਿਰੀ ਜਿਵੇਂ ਮੋਰ ਹੁੰਦਾ ਸੀ ,
  ਉਦੋਂ ਦਾ ਨਜ਼ਾਰਾ ਚੰਨਾਂ ਹੋਰ ਹੁੰਦਾ ਸੀ ,
  ਬਾਪੂ ਵਾਹੁੰਦਾ ਹਲ ਸੀ,ਟਿੱਬਿਆਂ ‘ਚ ਬੋਰ ਹੁੰਦਾ ਸੀ….
  ਬੇਅੰਤ ਕੌਰ
Previous articleਦਿੱਲੀ ਆਲ਼ਿਆਂ ਦੀ ਸਲਾਹ ‘ਤੇ
Next articleਬੀ ਬਰੀਫ਼