
ਅਪਮਾਨਿਤ ਹੋਣ ਦੇ ਬਾਵਜੂਦ ਵੀ ਡਾ.ਅੰਬੇਦਕਰ ਬੁਲੰਦੀਆਂ ਨੂੰ ਛੂਹਣ ਵਾਲੇ ਇਕਲੌਤੇ ਰਹਿਬਰ- ਮੇਹਰ ਚੰਦ
ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਇੰਸਟੀਚਿਊਟ ਆਰ ਸੀ ਐੱਫ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸਮਾਗਮ ਵਿੱਚ ਪਿੰਡ ਸੈਫਲਾਬਾਦ,ਕੋਲਿਆਂਵਾਲ,ਮਾਧੋ ਝੰਡਾ, ਭੁਲਾਣਾ,ਹੁਸੈਨਪੁਰ ਦੇ ਸਵੈ ਸਹਾਈ ਗਰੁੱਪਾਂ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀਆਂ ਔਰਤਾਂ ਅਤੇ ਹੋਰ ਬੁੱਧੀ ਜੀਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਮੇਹਰ ਚੰਦ ਬਤੌਰ ਮੁੱਖ ਮਹਿਮਾਨ ਵਜੋਂ ਪਧਾਰੇ। ਜਦ ਕਿ ਲਾਭ ਕੁਮਾਰ ਗੋਇਲ ਡਾਇਰੈਕਟਰ ਆਰ ਸੈਟੀ ਅਤੇ ਦਲਿਤ ਆਗੂ ਚਰਨਜੀਤ ਹੰਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਦਿਆਂ ਜੀ ਆਇਆਂ ਆਖਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮੇਹਰ ਚੰਦ ਨੇ ਕਿਹਾ ਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜੀਵਨ ਦੀ ਸ਼ੁਰੂਆਤ ਘਾਟਾਂ ਅਤੇ ਤ੍ਰਿਸਕਾਰ ਨਾਲ ਹੋਈ ਸੀ। ਉਹ ਉਸ ਵਰਗ ਦੀ ਨੁਮਾਇੰਦਗੀ ਕਰਦੇ ਸਨ, ਜਿਸ ਦੇ ਸ਼ੋਸ਼ਣ ਦੀ ਲੰਮੀ ਦਾਸਤਾਂ ਰਹੀ ਹੈ। ਸਕੂਲ ਤੋਂ ਲੈ ਕੇ ਸਮਾਜ ਅਤੇ ਕਈ ਦੂਜੀਆ ਥਾਵਾਂ ‘ਤੇ ਉਨ੍ਹਾਂ ਨੂੰ ਆਪਣੀ ਜਾਤ ਕਾਰਨ ਅਪਮਾਨਿਤ ਹੋਣਾ ਪਿਆ ਸੀ,ਪਰ ਇਸ ਦੇ ਬਾਵਜੂਦ ਬੁਲੰਦੀਆਂ ਨੂੰ ਛੂਹਣ ਦੀ ਇੱਛਾ ਉਨ੍ਹਾਂ ਨੇ ਦਿਲ ‘ਚ ਪਾਲ ਰੱਖੀ ਸੀ। ਇਸ ਲਈ ਉਨ੍ਹਾਂ ਦੇ ਉੱਚ ਵਿਚਾਰ ਸਨ ਅਤੇ ਇਨ੍ਹਾਂ ਹੀ ਵਿਚਾਰਾਂ ਦੀ ਬਦੌਲਤ ਉਨ੍ਹਾਂ ਨੇ ਖ਼ੁਦ ਨੂੰ ਅਤੇ ਨਾਲ ਦੇਸ਼ ਨੂੰ ਦੁਨੀਆ ‘ਚ ਅੱਵਲ ਸਿੱਧ ਕੀਤਾ।
ਲਾਭ ਕੁਮਾਰ ਗੋਇਲ ਡਾਇਰੈਕਟਰ ਆਰ ਸੈਟੀ ਅਤੇ ਦਲਿਤ ਆਗੂ ਚਰਨਜੀਤ ਹੰਸ, ਸੁਭਾਸ਼ ਬੈਂਸ,ਬਰਨਾਬਾਸ ਰੰਧਾਵਾ,ਬਲਦੇਵ ਰਾਜ ਅਟਵਾਲ ਵਿਕਾਸ ਮੋਮੀ, ਕੁਲਦੀਪ ਮਾਣਕ, ਰਾਜੂ ਮਾਧੋਝੰਡਾ, ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਤਵੀਰ ਕੌਰ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਧਾਰਿਤ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਬਾਖੂਬੀ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly