(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਹੀ ਪੰਚਾਇਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਸਰਕਾਰ ਵੱਲੋਂ ਤੇ ਚੰਗੀ ਸੋਚ ਵਾਲੇ ਸੱਜਣਾਂ ਵੱਲੋਂ ਸਰਬ ਸੰਮਤੀ ਨਾਲ ਪੰਚਾਇਤ ਚੁਣੇ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਵਿੱਚੋਂ ਜੋ ਖਬਰਾਂ ਆ ਰਹੀਆਂ ਹਨ ਉਹ ਹੈਰਾਨ ਕਰਨ ਵਾਲੀਆਂ ਹਨ ਅਜਿਹੀ ਹੀ ਖਬਰ ਬੀਤੇ ਦਿਨੀ ਮੁਕਤਸਰ ਦੇ ਪਿੰਡ ਕੋਠੇ ਚੀਦਿਆਂ ਵਾਲੀ ਤੋਂ ਆਈ ਸੀ ਜਦੋਂ ਸਰਪੰਚੀ ਲਈ 35 ਲੱਖ ਤੋਂ ਵੱਧ ਦੀ ਬੋਲੀ ਲਾਈ ਗਈ।
ਅੱਜ ਇੱਕ ਖਬਰ ਹੋਰ ਸਾਹਮਣੇ ਆਈ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਵਾਲ ਕਲਾਂ ਦੀ ਸਰਪੰਚ ਦੀ ਬੋਲੀ ਦੋ ਕਰੋੜ ਤੱਕ ਪੁੱਜਣ ਦੀ ਹੈਰਾਨੀ ਭਰੀ ਖਬਰ ਸਾਹਮਣੇ ਆਈ ਹੈ ਤੇ ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਪਿੰਡ ਵਿੱਚ ਇਕੱਠ ਕੀਤਾ ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਕਿਹਾ ਜੇਕਰ ਪਿੰਡ ਵਾਲੇ ਉਹਨਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਉਂਦੇ ਹਨ ਉਹ ਪਿੰਡ ਦੇ ਵਿਕਾਸ ਲਈ ਦੋ ਕਰੋੜ ਰੁਪਏ ਦੇਣਗੇ। ਉਮੀਦਵਾਰ ਜਸਵਿੰਦਰ ਸਿੰਘ ਬਿੱਲਾ ਨੇ ਖਾਲੀ ਚੈੱਕ ਵਿਖਾਉਂਦੇ ਹੋਏ ਕਿਹਾ ਕਿ ਉਹ ਆਪਣੇ ਨਾਲ ਦੋ ਕਰੋੜ ਰੁਪਏ ਦਾ ਚੈੱਕ ਲੈ ਕੇ ਆਇਆ ਹੈ ਅਗਰ ਪਿੰਡ ਵਾਲੇ ਉਸਨੂੰ ਸਰਪੰਚ ਬਣਾਉਣਾ ਚਾਹੁਣ ਤਾਂ ਉਹ ਦੋ ਕਰੋੜ ਰੁਪਆ ਦੇਣ ਲਈ ਤਿਆਰ ਹੈ। ਇਸ ਤਰ੍ਹਾਂ ਸਰਪੰਚੀ ਲਈਦੋ ਕਰੋੜ ਦੀ ਆਫਰ ਦੇਣ ਉੱਤੇ ਪਿੰਡ ਵਾਸੀ ਖੁਦ ਹੈਰਾਨ ਰਹਿ ਗਏ।
ਦੂਜੇ ਪਾਸੇ ਇਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਸਰਪੰਚੀ ਲਈ ਵੋਟਾਂ ਪਈਆਂ ਨੂੰ 30 ਸਾਲ ਹੋ ਗਏ ਹਨ ਕਿਉਂਕਿ ਹਰ ਵਾਰ ਸੱਤਾਧਾਰੀ ਧਿਰ ਵਾਲੇ ਆਪਣੇ ਹੀ ਬੰਦੇ ਨੂੰ ਸਰਪੰਚ ਬਣਾਉਣ ਲਈ ਵਿਰੋਧੀਆਂ ਦੇ ਉਮੀਦਵਾਰਾਂ ਦੇ ਕਾਗਜ ਤੱਕ ਰੱਦ ਕਰਵਾ ਕੇ ਆਪਣੇ ਸਰਪੰਚ ਬਣਾਉਂਦੇ ਆ ਰਹੇ ਹਨ ਇਸ ਵਾਰ ਪਿੰਡ ਵਾਸੀ ਹੀ ਚਾਹੁੰਦੇ ਹਨ ਕਿ ਸਰਪੰਚੀ ਦੇ ਵੋਟਾਂ ਪੈਣ ਤੇ ਪੰਚ ਸਰਪੰਚ ਚੁਣੇ ਜਾਣ ਇਸ ਇਕੱਠ ਵਿੱਚ ਸ਼ਾਮਿਲ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜਿਸ ਵਿਅਕਤੀ ਵੱਲੋਂ ਸਰਪੰਚੀ ਲਈ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਉਸ ਸਬੰਧੀ ਜਲਦ ਹੀ ਪਿੰਡ ਵਾਸੀ ਇੱਕ ਸਾਂਝੀ ਮੀਟਿੰਗ ਕਰਕੇ ਕੋਈ ਫੈਸਲਾ ਲੈਣਗੇ ਇਥੇ ਹੁਣ ਇਹ ਗੱਲ ਵਿਚਾਰਨ ਯੋਗ ਹੈ ਕਿ ਦੋ ਕਰੋੜ ਤੱਕ ਦਾ ਖਰਚਾ ਐਮ ਐਲ ਏ ਦੀ ਚੋਣ ਮੌਕੇ ਹੋ ਜਾਂਦਾ ਹੈ ਪਰ ਇੱਕ ਪਿੰਡ ਦੀ ਸਰਪੰਚੀ ਲਈ ਦੋ ਕਰੋੜ ਰੁਪਏ ਦੀ ਬੋਲੀ ਸਾਹਮਣੇ ਆਉਣੀ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly