ਬਲਿਹਾਰੀ ਕੁਦਰਤ ਵਸਿਆ

(ਸਮਾਜ ਵੀਕਲੀ)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਤੁਕ “ਬਲਿਹਾਰੀ ਕੁਦਰਤ ਵਸਿਆ ” ਤੋਂ ਹੀ ਕੁਦਰਤ ਦੀ ਵਿਸ਼ਾਲਤਾ ਦਾ ਭਾਵ ਪ੍ਰਗਟ ਹੋ ਜਾਂਦਾ ਹੈ। ਕੁਦਰਤ, ਕੁਦਰਤੀ ਦੁਨੀਆਂ, ਭੌਤਿਕ ਦੁਨੀਆਂ ਜਾਂ ਸਥੂਲ ਦੁਨੀਆਂ ਦੇ ਸਮਾਨੰਤਰ ਹੈ ਜਿਸ ਵਿੱਚ ਪਰਮ ਪਿਤਾ ਪ੍ਰਮਾਤਮਾ ਦਾ ਵਾਸ ਹੈ।”ਕੁਦਰਤ” ਦਾ ਭਾਵ ਭੌਤਿਕ ਸੰਸਾਰ ਵਿੱਚ ਵਿਚਰਦੇ ਹੋਏ ਆਮ ਜੀਵਨ ਅਤੇ ਬਨਸਪਤੀ ਤੋਂ ਹੈ।ਇਸ ਦਾ ਵਿਸਥਾਰ ਬ੍ਰਹਿਮੰਡੀ ਦਰਜੇ ਤੱਕ ਹੈ।ਕੁਦਰਤ ਸ਼ਬਦ ਦੀ ਵਰਤੋਂ ਆਮ ਧਰਤੀ, ਬਨਸਪਤੀ ਅਤੇ ਜੰਗਲੀ-ਜੀਵਨ ਲਈ ਵਰਤਿਆ ਜਾਂਦਾ ਹੈ।ਕੁਦਰਤ ਤੋਂ ਭਾਵ ਭਿੰਨ-ਭਿੰਨ ਤਰ੍ਹਾਂ ਦੇ ਪਸ਼ੂ-ਪੌਦਿਆਂ ਦੀ ਆਮ ਸਲਤਨਤ ਹੋ ਸਕਦਾ ਹੈ ਅਤੇ ਕੁਝ ਹਲਾਤਾਂ ਵਿੱਚ ਬੇਜਾਨ ਚੀਜ਼ਾਂ ਨਾਲ ਜੁੜੀਆਂ ਹੋਈਆਂ ਪ੍ਰਕਿਰਿਆਵਾਂ ਵੀ ਕੁਦਰਤ ਸ਼ਬਦ ਨੂੰ ਵਰਤ ਕੇ ਦੇਖਿਆ ਜਾ ਸਕਦਾ ਹੈ।

ਕੁਦਰਤ ਨੂੰ ਪਰਮਾਤਮਾ ਨਾਲ ਜੋੜ ਕੇ ਦੇਖਣਾ ਭਾਵ ਉਸ ਦੀ ਹੋਂਦ ਮਹਿਸੂਸ ਕਰਨਾ। ਕੁਦਰਤੀ ਤੌਰ ਤੇ ਹਰ ਸਜੀਵ ਵਸਤਾਂ ਵਿੱਚ ਆਉਣ ਵਾਲਾ ਬਦਲਾਅ ਵੀ ਕੁਦਰਤ ਦਾ ਨਿਯਮ ਮੰਨਿਆ ਜਾਂਦਾ ਹੈ। ਇਹ ਆਪਣੇ ਆਪ ਹੋਣ ਵਾਲੇ ਬਦਲਾਅ ਵਿੱਚ ਪਰਮਾਤਮਾ ਦੀ ਹੋਂਦ ਅਤੇ ਉਸ ਦੀ ਊਰਜਾ ਨੂੰ ਮਹਿਸੂਸ ਕੀਤਾ ਜਾਂਦਾ ਹੈ। ਸਾਡੇ ਆਲੇ ਦੁਆਲੇ ਦਾ ਵਾਤਾਵਰਨ ਜਾਂ ਜੰਗਲ-ਜਗਤ – ਜਿਵੇਂ ਕਿ ਜੰਗਲੀ ਜਾਨਵਰ,ਪਰਬਤ, ਵਣ, ਤੱਟ ਕੁਦਰਤ ਹੀ ਤਾਂ ਹੈ। ਗੁਰਬਾਣੀ ਵਿੱਚ ਕੁਦਰਤ ਨੂੰ ਸਰਬਵਿਆਪੀ ਮੰਨ ਕੇ ਪ੍ਰਾਕਿਰਤਕ ਦ੍ਰਿਸ਼ਾਂ, ਹਰਿਆਵਲ, ਮੌਸਮ, ਬਸੰਤ-ਬਹਾਰ,ਆਲੇ-ਦੁਆਲੇ ਭਾਵ ਕਣ ਕਣ ਵਿੱਚ ਉਸ ਦੇ ਵਾਸ ਨੂੰ ਮਹਿਸੂਸ ਕਰਵਾਇਆ ਗਿਆ ਹੈ।

“ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥” ਅਨੁਸਾਰ ਕੁਦਰਤ ਹੀ ਸਭ ਕੁਝ ਹੈ। ਆਮ ਵਿਅਕਤੀ ਕੁਦਰਤ ਨਾਲ ਕਿੰਨਾ ਜੁੜਿਆ ਹੋਇਆ ਹੈ?

ਜਦ ਗੁਰਬਾਣੀ ਵਿੱਚ ਜਾਂ ਰੱਬੀ ਅਸੂਲਾਂ ਅਨੁਸਾਰ ਪ੍ਰਮਾਤਮਾ ਘਟ ਘਟ ਵਿੱਚ ਵਸਦਾ ਹੈ ਤਾਂ ਅੱਜ ਦਾ ਮਨੁੱਖ ਉਸ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ।ਉਸ ਨੇ ਕੁਦਰਤ ਦੀ ਕਿੰਨੀ ਸੰਭਾਲ ਕੀਤੀ ਹੈ? ਅੱਖ ਬਚਾ ਕੇ ਏਧਰ ਓਧਰ ਕੂੜਾ ਖਿਲਾਰਨ ਵਾਲੇ, ਮਨੁੱਖੀ ਜੀਵਨ ਦੇ ਪਸਾਰੇ ਵਧਾਉਣ ਖਾਤਰ ਮਿੰਟਾਂ ਵਿੱਚ ਹਜ਼ਾਰਾਂ ਰੁੱਖਾਂ ਦਾ ਕਤਲ ਵਿਕਾਸ ਦੇ ਨਾਂ ਤੇ ਕਰ ਦੇਣ ਵਾਲੇ , ਹਜ਼ਾਰਾਂ ਪੰਛੀਆਂ ਦੇ ਆਸ਼ਿਆਨੇ ਤਬਾਹ ਕਰਨ ਵਾਲੇ, ਸਾਫ਼ ਪਾਣੀਆਂ ਵਿੱਚ ਤੇਜ਼ਾਬੀ ਪਾਣੀ ਮਿਲਾ ਦੇਣ ਵਾਲੇ, ਜਾਨਵਰਾਂ ਨੂੰ ਮਾਰਨ ਵਾਲਾ ਅੱਜ ਦਾ ਮਨੁੱਖ ਜੇ ਸੋਚੇ ਕਿ ਆਪਣੇ ਘਰ ਵਿੱਚ ਚਾਰ ਰੁੱਖ ਲਾਕੇ , ਜਾਂ ਕਿਸੇ ਗੁਰੂ ਘਰ ਜਾ ਕੇ ਮੱਥੇ ਟੇਕਣ ਜਾਂ ਪਾਠ ਪੂਜਾ ਕਰਨ ਵਾਲੇ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਜਾਂ ਪਰਮਾਤਮਾ ਦੇ ਸੱਚੇ ਆਸ਼ਕ ਬਣਨ ਦੀ ਡੌਂਡੀ ਪਿੱਟਦੇ ਫ਼ਿਰਨ ਤਾਂ ਇਹ ਰੱਬ ਜਾਂ ਕੁਦਰਤ ਨਾਲ ਸਿੱਧਾ ਹੀ ਧੋਖਾ ਕਰਨ ਵਾਲੀ ਗੱਲ ਹੋ ਜਾਂਦੀ ਹੈ।

ਕੁਦਰਤ ਨਾਲ਼ ਖਿਲਵਾੜ ਕਰਨਾ ਮਨੁੱਖ ਉੱਪਰ ਹੀ ਭਾਰੂ ਪੈ ਰਿਹਾ ਹੈ। ਕੁਦਰਤੀ ਆਫ਼ਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਦਰਤ ਨਾਲ ਛੇੜਖ਼ਾਨੀਆਂ ਦੇ ਨਤੀਜੇ ਭਿਅੰਕਰ ਰੂਪ ਧਾਰਨ ਲੱਗ ਪਏ ਹਨ।ਇਸ ਸਭ ਤੋਂ ਬਚਣ ਲਈ ਸਮਾਂ ਰਹਿੰਦੇ ਹੁਣ ਲੋੜ ਹੈ ਕੁਦਰਤ ਦੇ ਮੁੜ ਨੇੜੇ ਜਾਣ ਦੀ ਤਾਂ ਜੋ ਅਸੀਂ ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ ਕਰ ਸਕੀਏ। ਇਸ ਸੰਭਾਲ ਦਾ ਲਾਭ ਵਰਤਮਾਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਪ੍ਰਾਪਤ ਹੋਣਾ ਹੈ। ਜੇ ਅਸੀਂ ਅਜਿਹਾ ਨਾ ਕੀਤਾ ਤਾਂ ਕੁਦਰਤ ਸਾਨੂੰ ਕਦੇ ਮਾਫ਼ ਨਹੀਂ ਕਰੇਗੀ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਰਜ ਕਿਧਰੇ ਡੁੱਬ ਰਿਹਾ ਸੀ
Next articleਬਾਬੇ ਨਾਨਕ ਦਾ ਸਬਕ ਭੁਲਾਇਆ