- ਜਾਂਚ ਕਮੇਟੀ ਨੂੰ ਛੇਤੀ ਰਿਪੋਰਟ ਦੇਣ ਦੀ ਹਦਾਇਤ
ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ‘ਸੁਰੱਖਿਆ ’ਚ ਰਹੀਆਂ ਖਾਮੀਆਂ’ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਕਮੇਟੀ ਦੀ ਅਗਵਾਈ ਸਕੱਤਰ (ਸੁਰੱਖਿਆ) ਸੁਧੀਰ ਸਕਸੈਨਾ ਕਰਨਗੇ ਜਦੋਂਕਿ ਦੋ ਹੋਰਨਾਂ ਮੈਂਬਰਾਂ ਵਿੱਚ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਨਿਰਦੇਸ਼ਕ ਬਲਬੀਰ ਸਿੰਘ ਤੇ ਆਈਜੀ (ਐੱਸਪੀਜੀ) ਐੱਸ.ਸੁਰੇਸ਼ ਸ਼ਾਮਲ ਹੋਣਗੇ। ਸਰਕਾਰ ਨੇ ਕਮੇਟੀ ਨੂੰ ਆਪਣੀ ਰਿਪੋਰਟ ਛੇਤੀ ਤੋਂ ਛੇਤੀ ਦੇਣ ਦੀ ਸਲਾਹ ਿਦੱਤੀ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋਈ। ਇਕ ਹਫਤੇ ਦੇ ਵਕਫ਼ੇ ਮਗਰੋਂ ਸ੍ਰੀ ਮੋਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਕਈ ਮੰਤਰੀਆਂ ਨੇ ਇਸ ਪੂਰੇ ਘਟਨਾਕ੍ਰਮ ’ਤੇ ਵੱਡਾ ਫ਼ਿਕਰ ਜ਼ਾਹਿਰ ਕਰਦਿਆਂ ਸਬੰਧਿਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਿਤ ਕਰਦਿਆਂ ਉਨ੍ਹਾਂ ਖਿਲਾਫ ‘ਮਿਸਾਲੀ ਕਾਰਵਾਈ’ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਲਈ ਆਪਣੇ ਪੱਧਰ ’ਤੇ ਦੋ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ।
ਮੀਟਿੰਗ ਦੌਰਾਨ ਹੋਈ ਚਰਚਾ ਤੋਂ ਜਾਣੂ ਮੰਤਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ, ‘‘ਕਈ ਮੰਤਰੀਆਂ ਦਾ ਮੰਨਣਾ ਸੀ ਕਿ ਇਸ ਮਾਮਲੇ ’ਚ ਮਿਸਾਲੀ ਕਾਰਵਾਈ ਹੋਵੇ ਤਾਂ ਕਿ ਅਜਿਹੀ ਘਟਨਾ ਭਵਿੱਖ ’ਚ ਮੁੜ ਨਾ ਵਾਪਰੇ। ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਹੋਇਆ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ਼ਾਰਾ ਕੀਤਾ ਕਿ ਗ੍ਰਹਿ ਮੰਤਰੀ ਨੂੰ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਗ੍ਰਹਿ ਮੰਤਰਾਲੇ ਨੇ ਵੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਜਾਣਕਾਰੀ ਇਕੱਤਰ ਕਰਨ ਮਗਰੋਂ ਲੋੜੀਂਦੀ ਪੇਸ਼ਕਦਮੀ…ਫੈਸਲੇ ਵੱਡੇ ਹੋਣ ਜਾਂ ਛੋਟੇ, ਲਏ ਜਾਣਗੇ।’’ ਠਾਕੁਰ ਨੇ ਕਿਹਾ, ‘‘ਮੈਨੂੰ ਪੱਕਾ ਯਕੀਨ ਹੈ ਕਿ ਦੇਸ਼ ਦਾ ਨਿਆਂ ਪ੍ਰਬੰਧ ਹਰੇਕ ਨੂੰ ਨਿਆਂ ਦਿੰਦਾ ਹੈ ਅਤੇ ਜਦੋਂ ਅਜਿਹੀਆਂ ਗ਼ਲਤੀਆਂ ਹੁੰਦੀਆਂ ਹਨ ਤਾਂ ਲੋੜ ਪੈਣ ’ਤੇ ਹਰ ਕਦਮ ਚੁੱਕਿਆ ਜਾਵੇਗਾ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly