HOME ਬਲਾਚੌਰ-ਰੋਪੜ੍ਹ ਹਾਈਵੇ ‘ਤੇ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਰੋਕਣ ਲਈ ਬ੍ਰਿਗੇਡੀਅਰ ਰਾਜ...

ਬਲਾਚੌਰ-ਰੋਪੜ੍ਹ ਹਾਈਵੇ ‘ਤੇ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਰੋਕਣ ਲਈ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਲੋਕ ਨਿਰਮਾਣ ਮੰਤਰੀ ਅਤੇ ਨਿਤਿਨ ਗਡਕਰੀ ਨੂੰ ਪੱਤਰ; ਸੁਰੱਖਿਆ ਆਡਿਟ ਕਰਵਾਉਣ ਦੀ ਕੀਤੀ ਮੰਗ

6
ਬ੍ਰਿਗੇਡੀਅਰ ਰਾਜ ਕੁਮਾਰ
ਨਵਾਂ ਸ਼ਹਿਰ,   (ਸਮਾਜ ਵੀਕਲੀ)    (ਜਤਿੰਦਰ ਪਾਲ ਸਿੰਘ ਕਲੇਰ) : ਨੈਸ਼ਨਲ ਹਾਈਵੇ 344ਏ (ਬਲਾਚੌਰ-ਰੋਪੜ੍ਹ ਸੜਕ) ‘ਤੇ ਆਸਰੋਂ ਤੋਂ ਲੈ ਕੇ ਬਲਾਚੌਰ ਤੱਕ ਨਿੱਤ ਦਿਨ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਅਤੇ ਇਨ੍ਹਾਂ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਰੋਕਣ ਲਈ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਸਰਕਾਰੀ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਬ੍ਰਿਗੇਡੀਅਰ ਰਾਜ ਕੁਮਾਰ ਨੇ ਪੱਤਰ ਰਾਹੀਂ ਪ੍ਰਸ਼ਾਸਨ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਇਸ ਹਾਈਵੇ ਦੇ ਫੋਰ-ਲੇਨਿੰਗ ਪ੍ਰੋਜੈਕਟ ਦੌਰਾਨ ਡਿਜ਼ਾਈਨ ਅਤੇ ਨਿਰਮਾਣ ਵਿੱਚ ਰਹਿ ਗਈਆਂ ਕੁਝ ਵੱਡੀਆਂ ਕਮੀਆਂ ਕਾਰਨ ਇਹ ਹਾਦਸੇ ਲਗਾਤਾਰ ਵਾਪਰ ਰਹੇ ਹਨ, ਜਿਸ ਕਾਰਨ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਹੈ। ਉਨ੍ਹਾਂ ਨੇ ਹਾਈਵੇ ਦੀਆਂ ਮੁੱਖ ਖਾਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੰਗਣਾ ਬ੍ਰਿਜ ਦੇ ਨੇੜੇ ਬਲਾਚੌਰ ਟਰਨਿੰਗ ਪੁਆਇੰਟ ‘ਤੇ ਭਾਰੀ ਟ੍ਰੈਫਿਕ ਦੇ ਬਾਵਜੂਦ ਟੂ-ਵੇਅ ਫਲਾਈਓਵਰ ਨਹੀਂ ਬਣਾਇਆ ਗਿਆ। ਇਸ ਦੇ ਨਾਲ ਹੀ ਕੰਗਣਾ ਬ੍ਰਿਜ, ਗੜ੍ਹੀ ਕਾਨੂੰਨਗੋ ਅਤੇ ਬਲਾਚੌਰ ਦੇ ਵਿਚਕਾਰ ਸਥਿਤ ‘ਭੁਲੇਖਾ ਚੌਂਕ’ ਵਰਗੇ ਸਥਾਨਕ ਕਰਾਸਿੰਗ ਬੇਹੱਦ ਅਸੁਰੱਖਿਅਤ ਹਨ। ਕਾਠਗੜ੍ਹ ਟਰਨਿੰਗ ਪੁਆਇੰਟ ‘ਤੇ ਵੀ ਫਲਾਈਓਵਰ ਦੀ ਅਣਹੋਂਦ ਹੈ ਅਤੇ ਹਾਈਵੇ ‘ਤੇ ਕਈ ਥਾਵਾਂ ‘ਤੇ ਗੈਰ-ਕਾਨੂੰਨੀ ਜਾਂ ਗੈਰ-ਜ਼ਰੂਰੀ ਕੱਟ/ਓਪਨਿੰਗਸ ਬਣਾਏ ਗਏ ਹਨ, ਜੋ ਸਿੱਧੇ ਤੌਰ ‘ਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਇਸ ਤੋਂ ਇਲਾਵਾ ਮੁੱਖ ਚੌਂਕਾਂ ‘ਤੇ ਟ੍ਰੈਫਿਕ ਪ੍ਰਬੰਧਨ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ। ਬ੍ਰਿਗੇਡੀਅਰ ਰਾਜ ਕੁਮਾਰ ਨੇ ਮੰਤਰੀ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਮਨੁੱਖੀ ਜਾਨਾਂ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਕੋਲ ਤੁਰੰਤ ਉਠਾਇਆ ਜਾਵੇ ਤਾਂ ਜੋ ਇਸ ਪੂਰੇ ਹਿੱਸੇ ਦਾ ਵਿਆਪਕ ਸੁਰੱਖਿਆ ਆਡਿਟ ਕਰਵਾ ਕੇ ਜਲਦ ਤੋਂ ਜਲਦ ਸੁਧਾਰ ਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਹਜ਼ਾਰਾਂ ਵਾਹਨ ਚਾਲਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਇਸ ਪੱਤਰ ਦੀਆਂ ਕਾਪੀਆਂ ਐਨ ਐਚ ਏ ਆਈ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਐਸ.ਬੀ.ਐਸ. ਨਗਰ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਐਸ.ਬੀ.ਐਸ. ਨਗਰ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੱਕ ਪੁਲਿਸ ਇੰਸਪੈਕਟਰ ਨੇ ਇੱਕ ਟਰੱਕ ਡਰਾਈਵਰ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਤੋਂ ਬਾਅਦ ਲੁੱਟ ਲਿਆ; ਐਸਪੀ ਦੀ ਕਾਰਵਾਈ ਨੇ ਹਲਚਲ ਮਚਾ ਦਿੱਤੀ।
Next articleਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ