ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਯੁਵਕ ਸੇਵਾਵਾਂ ਬੋਰਡ ਦੇ ਡਾਇਰੈਕਟਰ ਐਡਵੋਕੇਟ ਸੰਜੀਵ ਚੌਧਰੀ (ਚੇਚੀ) ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਐਡਵੋਕੇਟ ਚੇਚੀ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਦਿੱਤਾ ਮੰਗ ਪੱਤਰ ਉਨ੍ਹਾਂ ਨੇ ਹਲਕੇ ਬਲਾਚੌਰ ਅਤੇ ਕਾਠਗੜ੍ਹ ਦੇ ਸਰਕਾਰੀ ਹਸਪਤਾਲਾਂ ਦੀ ਤਰਸਯੋਗ ਹਾਲਤ ਵੱਲ ਧਿਆਨ ਦਿਵਾਉਂਦਿਆਂ ਇੱਥੇ ਡਾਕਟਰਾਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਨੂੰ ਭੇਜੇ ਪੱਤਰ ਵਿੱਚ ਐਡਵੋਕੇਟ ਸੰਜੀਵ ਚੇਚੀ ਨੇ ਦੱਸਿਆ ਕਿ ਹਲਕਾ ਬਲਾਚੌਰ ਦੇ ਸਰਕਾਰੀ ਹਸਪਤਾਲ, ਖਾਸ ਕਰਕੇ ਬਲਾਚੌਰ ਹਸਪਤਾਲ ਅਤੇ ਕਾਠਗੜ੍ਹ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਭਾਰੀ ਘਾਟ ਚੱਲ ਰਹੀ ਹੈ। ਇਸ ਕਾਰਨ ਆਮ ਜਨਤਾ, ਗਰੀਬ ਅਤੇ ਮਜ਼ਦੂਰ ਵਰਗ ਨੂੰ ਇਲਾਜ ਕਰਵਾਉਣ ਵਿੱਚ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਮਾਨਸਿਕ ਤੇ ਆਰਥਿਕ ਤੌਰ ‘ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਪੱਤਰ ਰਾਹੀਂ ਜ਼ੋਰਦਾਰ ਮੰਗ ਕੀਤੀ ਕਿ ਬਲਾਚੌਰ ਅਤੇ ਕਾਠਗੜ੍ਹ ਦੇ ਹਸਪਤਾਲਾਂ ਲਈ ਮਾਹਿਰ ਡਾਕਟਰਾਂ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ, ਜਿਸ ਵਿੱਚ ਮੁੱਖ ਤੌਰ ‘ਤੇ ਜਨਰਲ ਸਰਜਨ, ਆਰਥੋ ਡਾਕਟਰ, ਬੱਚਿਆਂ ਦੇ ਮਾਹਿਰ ਡਾਕਟਰ, ਇਸਤਰੀ ਰੋਗਾਂ ਦੇ ਮਾਹਿਰ ਅਤੇ ਐਮ.ਡੀ. ਮੈਡੀਸਨ ਆਦਿ ਡਾਕਟਰ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਹਸਪਤਾਲ ਵਿੱਚ ਐਮ.ਆਰ.ਆਈ. ਮਸ਼ੀਨ ਦੀ ਸਹੂਲਤ ਦੇਣ ਅਤੇ ਅਲਟਰਾਸਾਊਂਡ ਤੇ ਐਕਸ-ਰੇ ਦੇ ਮਾਹਿਰ ਡਾਕਟਰਾਂ ਦਾ ਪ੍ਰਬੰਧ ਕਰਨ ਦੀ ਵੀ ਪੁਰਜ਼ੋਰ ਵਕਾਲਤ ਕੀਤੀ। ਐਡਵੋਕੇਟ ਚੇਚੀ ਨੇ ਪੱਤਰ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਕਾਠਗੜ੍ਹ ਇਲਾਕੇ ਦੇ ਸਰਕਾਰੀ ਹਸਪਤਾਲ ਵਿੱਚ ਰਾਤ ਦੇ ਸਮੇਂ ਸਟਾਫ਼ ਅਤੇ ਡਾਕਟਰਾਂ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ, ਜਿਸ ਕਾਰਨ ਇਹ ਹਸਪਤਾਲ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ ਅਤੇ ਰਾਤ ਵੇਲੇ ਕੋਈ ਐਮਰਜੈਂਸੀ ਆਉਣ ‘ਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਹਲਕਾ ਬਲਾਚੌਰ ਦੇ ਪੱਛੜੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਜਾਂ ਨਿੱਜੀ ਹਸਪਤਾਲਾਂ ਵਿੱਚ ਨਾ ਭਟਕਣਾ ਪਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



