(ਸਮਾਜ ਵੀਕਲੀ) ਕੇਰਾਂ ਅਸੀਂ ਸਕੂਲੀ ਬੱਚਿਆਂ ਨਾਲ ਰਾਜਸਥਾਨ ਦੇ ਵਿੱਦਿਅਕ ਟੂਰ ਤੇ ਗਏ। ਸਾਡਾ ਇੱਕ ਪੜਾਵ ਪਿੰਕ ਸਿਟੀ ਜੈਪੁਰ ਵੀ ਸੀ। ਹੁਣ ਜੈਪੁਰ ਜਾਕੇ #ਚੋਖੀ_ਢਾਣੀ ਨੂੰ ਛੱਡਣਾ ਮੁੰਮਕਿਨ ਨਹੀਂ ਹੁੰਦਾ। ਉਸ ਸਮੇ ਉਸਦੀ ਇੰਟਰੀ ਟਿਕਟ ਢਾਈ ਸੌ ਰੁਪਈਆ ਸੀ। ਉਥੇ ਇੱਕ ਛੋਟੇ ਜਿਹੇ ਕੱਚੇ ਕੋਠੇ ਵਿੱਚ ਇੱਕ ਸੱਤਰ ਕੁ ਸਾਲਾਂ ਦੀ ਮਾਈ ਲਸਣ ਤੇ ਅਦਰਕ ਦੀ ਚੱਟਣੀ ਨਾਲ ਬਾਜਰੇ ਦੀ ਅੱਧੀ ਰੋਟੀ ਦਿੰਦੀ ਸੀ। ਢੁਕਵਾਂ ਨਜ਼ਾਰਾ ਪੇਸ਼ ਕਰਨ ਲਈ ਉਥੇ ਉਹਨਾਂ ਨੇ ਛਟੀਆਂ ਨਾਲ ਬਲਣ ਵਾਲਾ ਚੁੱਲ੍ਹਾ ਰੱਖਿਆ ਹੋਇਆ ਸੀ। ਜਿਸ ਦਾ ਧੂੰਆਂ ਮਾਹੌਲ ਨੂੰ ਕੁਦਰਤੀ ਬਣਾ ਰਿਹਾ ਸੀ। ਇਹ ਰੋਟੀ ਤੇ ਚੱਟਣੀ ਉਹਨਾਂ ਦੇ ਪੈਕੇਜ ਦਾ ਹੀ ਹਿੱਸਾ ਸੀ। ਫਿਰ ਵੀ ਧੂੰਏ ਦੀ ਜਲਣ ਸਹਿਕੇ, ਮਿਰਚਾਂ ਵਾਲੀ ਚੱਟਣੀ ਖਾਕੇ ਲੋਕ ਉਸ ਮਾਈ ਨੂੰ ਪੰਜ ਦਸ ਰੁਪਏ ਇਨਾਮ ਵੱਜੋਂ ਦਿੰਦੇ ਸਨ। ਪਰ ਮਾਈ ਕਿਸੇ ਨੂੰ ਦੁਬਾਰਾ ਰੋਟੀ ਨਹੀਂ ਸੀ ਦਿੰਦੀ। ਕਿਉਂਕਿ ਉਥੇ ਭੀੜ ਬਹੁਤ ਸੀ ਤੇ ਹਰ ਕੋਈਂ ਉਸ ਨਿਆਮਤ ਦਾ ਲੁਤਫ਼ ਉਠਾਉਣਾ ਚਾਹੁੰਦਾ ਸੀ। ਮਾਈ ਨਾਲ ਹਿੰਦੀ ਪੰਜਾਬੀ ਤੇ ਬਾਗੜੀ ਜਿਹੀ ਮਿਕਸ ਬੋਲ਼ੀ ਬੋਲਕੇ ਮੈਂ ਦੂਹਰਾ ਗੱਫਾ ਲੈਣ ਵਿੱਚ ਸਫਲ ਹੋ ਗਿਆ। ਮੈਂ ਮਾਈ ਨੂੰ ਇਨਾਮ ਵੀ ਦਿੱਤਾ। ਇਹ ਗੱਲ ਇੱਕੀਵੀਂ ਸਦੀ ਦੇ ਸ਼ੁਰੂ ਦੀ ਹੈ।
ਪਤਾ ਨਹੀਂ ਕਿਵੇਂ ਅੱਜ ਉਹ ਸੁਆਦ ਯਾਦ ਆ ਗਿਆ। ਦੁਪਹਿਰ ਦੇ ਖਾਣੇ ਸਮੇਂ ਪੁਰਾਣੀ ਯਾਦ ਚੇਤੇ ਕਰਦੇ ਹੋਏ ਮੈਂ ਇਹ ਮੰਗ ਰੱਖ ਦਿੱਤੀ। ਬੇਗਮ ਨੇ ਝੱਟ ਬਾਜਰੇ ਦੀ ਰੋਟੀ ਤੇ ਨਾਲ ਲਸਣ ਅਦਰਕ ਦੀ ਸੇਮ ਚੱਟਣੀ ਪਰੋਸ ਦਿੱਤੀ। ਮੈਂ ਚੋਖੀ ਢਾਣੀ ਵਿੱਚ ਬਾਜਰੇ ਦੀ ਰੋਟੀ ਨਾਲ ਖਾਧੀ ਸ਼ੱਕਰ ਭੁੱਲ ਗਿਆ ਸੀ ਪਰ ਮੈਡਮ ਦੇ ਤਾਂ ਸਭ ਯਾਦ ਸੀ। ਫਿਰ ਅਗਲਾ ਕਹਿੰਦਾ ਇਸ ਕੋਲ੍ਹ ਤਾਂ ਖਾਣ ਪੀਣ ਤੋਂ ਸਿਵਾ ਹੋਰ ਕੋਈਂ ਗੱਲ ਹੀ ਨਹੀਂ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly