
ਜਿਸ ਪਿੰਡ ਬਾਜੀ ਪੈਣੀ ਹੁੰਦੀ,ਉਸ ਇਲਾਕੇ ਦੇ ਬਾਜੀਗਰ ਪਿੰਡ ਜਾਂਦੇ।ਪੰਚਾਇਤ ਇੱਕਠੀ ਕਰਕੇ ਬਾਜੀ ਦਾ ਦਿਨ ਬੰਨਿਆ ਜਂਦਾ।ਫੇਰ ਨਿਸ਼ਚਿਤ ਦਿਨ ਤੋਂ ਕੁੱਝ ਦਿਨ ਪਹਿਲਾਂ ਬਾਜ਼ੀਗਰਾਂ ਦੀ ਪੂਰੀ ਟੀਮ ਪਿੰਡ ਪਹੁੰਚ ਜਾਂਦੀ।ਪਿੰਡ ਵਾਲੇ ਉਹਨਾਂ ਦੀ ਪੂਰੀ ਸੇਵਾ ਕਰਦੇ।ਉਹਨਾਂ ਨੂੰ ਪਿੰਡ ਦੇ ਮਹਿਮਾਨਾਂ ਦਾ ਦਰਜਾ ਮਿਲਦਾ।ਬਾਜੀ ਵਾਲੇ ਦਿਨ ਤੋਂ ਪਹਿਲਾਂ ਉਹ ਆਪਣਾ ਮੈਦਾਨ ਤਿਆਰ ਕਰਦੇ ਅਤੇ ਛੋਟੇ-ਮੋਟੇ ਕਰਤੱਵ ਦਿਖਾਉਂਦੇ ਰਹਿੰਦੇ।
ਬਾਜੀ ਵਾਲੇ ਦਿਨ ਸਾਰਾ ਪਿੰਡ ਇੱਕਠਾ ਹੁੰਦਾ।ਲਾਗੇ-ਚਾਗੇ ਦੇ ਪਿੰਡਾਂ ਤੋਂ ਵੀ ਲੋਕ ਆਉਂਦੇ।ਪਿੰਡ ‘ਚ ਭਾਰੀ ਇੱਕਠ ਹੋਣਾ।ਇੱਕਠ ਨੂੰ ਬੰਨ ਕੇ ਰੱਖਣ ਲਈ ਟੀਮ ਦੇ ਮੈਂਬਰ ਜੋ ਚੰਗਾ ਤੇ ਸੁਰੀਲੇ ਗਾ ਸਕਦੇ ਸਨ,ਉਹ ਗੁਰਮਤਿ ਕਾਵਿ,ਸੂਫੀ ਕਾਵਿ ਅਤੇ ਹੋਰ ਪਰ੍ਹੇ ‘ਚ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਟੋਟਕਿਆਂ ਨਾਲ ਚੰਗਾ ਮੰਨੋਰੰਜਨ ਕਰਦੇ।
ਇਸ ਤੋਂ ਉਪਰੰਤ ਬਾਜੀਗਰ ਇੱਕ-ਇੱਕ ਕਰਕੇ ਆਪਣੇ ਕਰਤੱਵ ਦਿਖਾਉਂਦੇ।ਇਹਨਾਂ ਕਰਤੱਵਾਂ ਵਿੱਚ ਲੋਹੇ ਦੇ ਕੜੇ ਚੋਂ ਤਿੰਨ-ਤਿੰਨ ਆਦਮੀਆਂ ਦਾ ਲੰਘਣਾ,ਨੰਗੀ ਤਲਵਾਰ ਮੂੰਹ ‘ਚ ਲੈ ਕੇ, ਨੰਗੀਆਂ ਤਲਵਾਰਾਂ ਦੀ ਬਲਗਣ ਚ ਛਾਲ ਲਾਉਣੀ,ਉੱਚੀ ਛਾਲ,ਲੰਮੀ ਛਾਲ,ਪਟੜੀਆਂ ,ਦੰਦਾਂ ਦੇ ਜ਼ੋਰ ਹਲ਼,ਗਾਡਰ ਜਿਹੀਆਂ ਭਾਰੀਆਂ ਵਸਤਾਂ ਚੁੱਕਣਾ ਆਦਿ ਸਾਮਲ ਹੁੰਦੇ ਸਨ।ਸਭ ਤੋਂ ਪ੍ਰਮੁੱਖ ਸੀ ਪਟੜੀ/ਸੂਲੀ ਦੀ ਛਾਲ।ਬਾਜੀਗਰਂ ਦੇ, ਬਾਜੀ ਪਾਉਣ ਵਾਲੇ ਫੁਰਤੀਲੇ ਗੱਭਰੂ ਦੂਰੋਂ ਦੌੜਦੇ ਆਉਂਦੇ ਅਤੇ ਪੱਟੜੀ/ਫੱਟੇ ਤੋਂ ਜੰਪ ਲੈ ਕੇ ਪੰਦਰਾਂ-ਵੀਹ ਫੁੱਟ ਉੱਚੀ ਪੌੜੀ ਨਾਲ ਬੰਨ੍ਹੇ ਮੰਜੇ ਦੇ ਉਪਰ ਦੀ ਛਾਲ ਲਾਉਂਦੇ ਸਨ।
ਸਫਲ ਛਾਲ ਲਾਉਣ ਤੇ ਲੋਕ ਤਾੜੀਆਂ,ਰੁਪਏ/ਪੈਸੇ ਨਾਲ ਉਹਨਾਂ ਦਾ ਆਦਰ-ਮਾਨ ਕਰਦੇ।ਅਖੀਰ ਤੇ ਪਿੰਡ ਦੀ ਪੰਚਾਇਤ ਤੇ ਪੂਰਾ ਨਗਰ ਦਾਣੇ,ਪੈਸੇ ਅਤੇ ਕੱਪੜੇ ਆਦਿ ਇਨਾਮ ਵਜੋਂ ਬਾਜੀਗਰਾਂ ਨੂੰ ਦਿੰਦੇ।
ਇਹ ਸੀ ਬਾਜੀ ਦਾ ਪਿਛੋਕੜ ਅਤੇ ਬਚਪਨ ਚ ਦੇਖੀਆਂ ਬਾਜੀਆਂ ਦਾ ਬਿਉਰਾ।ਪਰ ਹੁਣ ਕੁੱਝ ਦਿਨਾਂ ਤੋਂ ਫੇਰ ਬਾਜੀ ਦੇਖਣ ਦਾ ਸਬੱਬ ਪਟਿਆਲਾ ਵਿਖੇ ਚੱਲ ਰਹੇ ਸਰਸ ਮੇਲੇ ਵਿੱਚ ਬਣਿਆ।ਵਜਦੇ ਡੋਲ ਦੀ ਆਵਾਜ਼ ਸੁਣ ਕੇ ਮੱਲੋਮੱਲੀ ਪੈਰ ਉਧਰ ਨੂੰ ਪੱਟ ਹੋ ਗਏ।ਇਸ ਤੋਂ ਪਹਿਲਾਂ ਕਿ ਉਹਨਾਂ ਦੇ ਕਰਤੱਵ ਦੇਖਦੇ,ਉਹਨਾਂ ਨਾਲ ਸੰਖੇਪ ਗੱਲਬਾਤ ਹੋਈ।ਬਠਿੰਡਾ ਜਿਲ੍ਹੇ ਦੇ ਪਿੰਡ ਡਿੱਖ ਤੋਂ ਇਹ ਟੀਮ ਇੱਥੇ ਮੇਲੇ ਵਿੱਚ ਆਪਣੇ ਕਰਤੱਵ ਦਿਖਾਉਣ ਆਈ ਹੋਈ ਸੀ।ਇਸ ਬਾਜੀਗਰ ਟੀਮ ਦਾ ਮੁਖੀ ਕੇਵਲ ਸਿੰਘ ਡਿੱਖ ਭਾਵੇਂ ਆਪਣੀਆਂ ਪਿਛਲੀਆਂ ਪੀੜੀਆਂ ਅਤੇ ਰਾਜਸਥਾਨ ਦੇ ਰਾਜਪੂਤਾਂ ਦੀਆਂ ਖੇਂਰੂ-ਖੇਂਰੂ ਹੋਈਆਂ ਰਿਆਸਤਾਂ ,ਜਿੰਨ੍ਹਾਂ ਦਾ ਬਾਜੀਗਰ ਬਰਾਦਰੀ ਨਾਲ ਗੂੜ੍ਹਾ ਸੰਬੰਧ ਜੁੜਦਾ ,ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਰੱਖਦਾ।
ਸਮੇਂ ਦੀ ਮਾਰ ਝਲਦੀਆਂ ਇਹ ਇਹ ਪੁਰਾਤਨ ਖੇਡਾਂ ਅਤੇ ਰੰਗ-ਤਮਾਸ਼ੇ ਭਾਵੇਂ ਹੁਣ ਖਤਮ ਹੋਣ ਦੀ ਕੰਗਾਰ ਤੇ ਹਨ।ਪਰ ਕਦੇ- ਕਦੇ ਇਸ ਤਰ੍ਹਾਂ ਦੇ ਵਿਰਾਸਤੀ ਮੇਲੇ ਸਾਨੂੰ ਸਾਡੀ ਅਲੋਪ ਹੋ ਰਹੀ ਵਿਰਾਸਤ ਰੇ ਰੂ-ਬਰੂ ਕਰਵਾ ਜਾਂਦੇ ਹਨ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj