ਤਲਵੰਡੀ ਸਾਬੋ (ਸਮਾਜ ਵੀਕਲੀ): ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਪ੍ਰਸਿੱਧ ਵਿਸਾਖੀ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਛਾਉਣੀ ਨਿਹੰਗ ਸਿੰਘ ਬੁੱਢਾ ਦਲ, ਗੁਰਦੁਆਰਾ ਮਹੱਲਸਰ ਸਾਹਿਬ, ਬੁੰਗਾ ਨਾਨਕਸਰ ਸਾਹਿਬ ਆਦਿ ਗੁਰਦੁਆਰਿਆਂ ਵਿੱਚ ਅਖੰਡ ਪਾਠ ਰਖਵਾਏ ਗਏ, ਜਿਨ੍ਹਾਂ ਦੇ 14 ਅਪਰੈਲ ਨੂੰ ਵਿਸਾਖ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਭੋਗ ਪਾਏ ਜਾਣਗੇ।
ਮੇਲੇ ਦੇ ਪਹਿਲੇ ਦਿਨ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਸ਼ਰਧਾਲੂ ਆਪਣਾ ਲੋੜੀਂਦਾ ਸਾਮਾਨ ਲੈ ਕੇ ਵੱਖ-ਵੱਖ ਸਾਧਨਾਂ ਰਾਹੀਂ ਦਮਦਮਾ ਸਾਹਿਬ ਪਹੁੰਚ ਰਹੇ ਹਨ, ਜਿਨ੍ਹਾਂ ਦੇ ਠਹਿਰਨ ਲਈ ਸ਼੍ਰੋਮਣੀ ਕਮੇਟੀ, ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਨਗਰ ਵਾਸੀਆਂ, ਕਲੱਬਾਂ ਤੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪ੍ਰਬੰਧ ਕੀਤੇ ਗਏ ਹਨ ਤੇ ਵਿਸ਼ੇਸ਼ ਲੰਗਰ ਵੀ ਚਲਾਏ ਜਾ ਰਹੇ ਹਨ। ਪਿੰਡਾਂ ਵਿੱਚੋਂ ਮੇਲਾ ਦੇਖਣ ਆਉਣ ਵਾਲੇ ਮੇਲੀਆਂ ਨੂੰ ਇਸ ਵਾਰ ਆਪਣੇ ਖਰਚਿਆਂ ਜਾਂ ਆਪਣੇ ਸਾਧਨਾਂ ਰਾਹੀਂ ਮੇਲੇ ਵਿੱਚ ਆਉਣਾ ਪਵੇਗਾ ਕਿਉਂਕਿ ਪੰਜਾਬ ਅੰਦਰ ਪਹਿਲੀ ਵਾਰ ਸੱਤਾ ਵਿੱਚ ਆਈ ‘ਆਪ’ ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਮੇਲੇ ਮੌਕੇ ਕੋਈ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਜਦੋਂਕਿ ਅਕਾਲੀ ਦਲ (ਬ), ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਵਿੱਚ ਇਕੱਠ ਕਰਨ ਲਈ ਪਿੰਡਾਂ ਵਿੱਚੋਂ ਲੋਕਾਂ ਨੂੰ ਲਿਆਉਣ ਵਾਸਤੇ ਕੋਈ ਵਿਸ਼ੇਸ਼ ਬੱਸਾਂ ਆਦਿ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਹਾੜ੍ਹੀ ਦੀ ਵਾਢੀ ਇਸ ਵਾਰ ਅਗੇਤੀ ਆਉਣ ਕਰ ਕੇ ਇੱਥੇ ਹੋਣ ਵਾਲੇ ਇਕੱਠ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਭਲਕੇ 13 ਅਪਰੈਲ ਤੋਂ ਮੇਲਾ ਭਰਨਾ ਸ਼ੁਰੂ ਹੋ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly