ਡਿਪਟੀ ਕਮਿਸ਼ਨਰ ਨੇ ਕਪੂਰਥਲਾ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਹੋਰ ਉਪਰਾਲੇ ਕਰਨ ਦੀ ਵਚਨਬੱਧਤਾ ਦੁਹਰਾਈ
ਘੁਮਿਆਰ ਕਲਾ,ਹੱਥੀਂ ਤਿਆਰ ਸਮਾਨ,ਪੁਰਾਣਾ ਟ੍ਰੈਕਟਰ, ਬਣੇ ਖਿੱਚ ਦਾ ਕੇਂਦਰ
ਪੰਜਾਬ ਦੇ ਪ੍ਰਸਿੱਧ ਕੈਲੀਗ੍ਰਾਫਰ ਕੰਵਰਦੀਪ ਸਿੰਘ ਦੇ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਦੇ ਕੈਲੀਗ੍ਰਾਫੀ ਦੇ ਨਮੂਨੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਪ੍ਰਸਿੱਧ ਕਾਂਜਲੀ ਵੈੱਟਲੈਂਡ ਵਿਖੇ “ਵਿਸਾਖੀ ਮੇਲਾ 2023” ਦੀ ਸ਼ਾਨਦਾਰ ਸ਼ੁਰੂਆਤ ਹੋਈ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਵਿਰਾਸਤੀ ਮੇਲੇ ਦੀ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਵਿਸਾਖੀ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਿਛਲੀ ਵਾਰ 22 ਵਰ੍ਹਿਆਂ ਬਾਅਦ ਕਰਵਾਏ ਗਏ “ਵਿਸਾਖੀ ਮੇਲੇ” ਨੂੰ ਮਿਲੇ ਹੁਲਾਰੇ ਦੇ ਮੱਦੇਨਜ਼ਰ ਇਸ ਵਾਰ ਇਹ ਮੇਲਾ 2 ਦਿਨ ਕਰਵਾਇਆ ਜਾ ਰਿਹਾ ਹੈ। ਇਸ ਰਾਹੀਂ ਜਿੱਥੇ ਅਨੇਕਾਂ ਤਰ੍ਹਾਂ ਦੀਆਂ ਸੱਭਿਆਚਰਕ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ,ਉੱਥੇ ਹੀ ਕਪੂਰਥਲਾ ਵਿਖੇ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਮੇਲਾ ਨਾ ਸਿਰਫ਼ ਨਵੀਂ ਪੀੜ੍ਹੀ ਨੂੰ ਸੱਭਿਆਚਰ ਨਾਲ ਜੋੜੇਗਾ,ਸਗੋਂ ਵਾਤਾਵਰਨ ਸੰਭਾਲ ਲਈ ਵੀ ਜਾਗਰੂਕ ਕਰੇਗਾ। ਉਨ੍ਹਾਂ ਕਪੂਰਥਲਾ ਵਿਖੇ ਹੁੰਦੇ “ਹੈਰੀਟੇਜ ਮੇਲੇ” ਨੂੰ ਦੁਬਾਰਾ ਸ਼ੁਰੂ ਕਰਨ ਸਬੰਧੀ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਕਤੂਬਰ/ਨਵੰਬਰ ਵਿਚ ਲਗਭਗ 15 ਸਾਲ ਬਾਅਦ ਹੈਰੀਟੇਜ ਮੇਲਾ ਵੀ ਦੁਬਾਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮਸਰ ਕਨਵੈਨਸ਼ਨ ਰਾਹੀਂ ਅੰਤਰ ਰਾਸ਼ਟਰੀ ਮਾਨਤਾ ਪ੍ਰਾਪਤ ਕਾਂਜਲੀ ਵੈੱਟ ਲੈਂਡ ਦੇ ਸੁੰਦਰੀਕਰਨ ਲਈ ਯੋਜਨਾਬੰਦੀ ਜਾਰੀ ਹੈ,ਜਿਸ ਰਾਹੀਂ ਸੁਲਤਾਨਪੁਰ ਤੋਂ ਸੁਭਾਨਪੁਰ ਤੱਕ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੀ ਕਾਲੀ ਵੇਂਈ ਦੀ ਸਾਫ ਸਫਾਈ ਲਈ ਵਡੇਰੇ ਯਤਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ ਵਲੋਂ ਔਰਤਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਲਗਾਏ ਗਏ ਲਗਭਗ 40 ਸਟਾਲਾਂ ਦਾ ਵੀ ਦੌਰਾ ਕੀਤਾ। ਇਨ੍ਹਾਂ ਸਟਾਲਾਂ ਵਿਚ ਵਿਸ਼ੇਸ਼ ਤੌਰ ’ਤੇ ਹੱਥੀਂ ਤਿਆਰ ਕੱਪੜੇ,ਬੈਗ,ਖਾਣ ਪੀਣ ਦੇ ਪਦਾਰਥ,ਜੈਵਿਕ ਖਾਦ,ਜੂਟ ਦੇ ਬੈਗ ਸ਼ਾਮਲ ਸੀ। ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਤੇ ਖੇਤੀ ਵਿਭਾਗ ਵਲੋਂ ਫਲਾਂ ਤੇ ਨਵੀਨਤਮ ਤਕਨੀਕਾਂ ਬਾਰੇ ਲੋਕਾਂ ਵਲੋਂ ਵੱਡੀ ਦਿਲਚਸਪੀ ਦਿਖਾਈ ਗਈ। ਮੇਲੇ ਦੌਰਾਨ ਘੁਮਿਆਰ ਵਲੋਂ ਤਿਆਰ ਕੀਤੇ ਜਾਂਦੇ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ,1971 ਮਾਡਲ ਦਾ ਟ੍ਰੈਕਟਰ,ਰੰਗੋਲੀ,ਅਲਗੋਜ਼ੇ ਅਤੇ ਤੂੰਬੀ ਦੀ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।
ਪੰਜਾਬ ਦੇ ਮਸ਼ਹੂਰ ਟੈਲੀਗ੍ਰਾਫਰ ਕੰਵਰਦੀਪ ਸਿੰਘ ਵੱਲੋਂ ਟੈਲੀਗ੍ਰਾਫੀ ਦੇ ਨਮੂਨੇਜੋ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਰਹੇ ਸਨ , ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ। ਮੇਲੇ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਬੈਂਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਪੇਂਟਿੰਗ ਮੁਕਾਬਲਿਆਂ ਵਿਚ ਵੀ ਭਾਗ ਲਿਆ ਗਿਆ। ਮੇਲਿਆਂ ਦੇ ਬਾਦਸ਼ਾਹ ਵਲੋਂ ਜਾਣੇ ਜਾਂਦੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਵਿਸਾਖੀ ਮੇਲੇ ਵਿਚ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ “ ਪੰਜਾਬ ਮੇਰਾ ਰਹੇ ਵਸਦਾ ”ਗੀਤ ਰਾਹੀਂ ਕੀਤੀ। ਡਿਪਟੀ ਕਮਿਸ਼ਨਰ ਸਮੇਤ ਉੱਚ ਅਧਿਕਾਰੀਆਂ ਅਤੇ ਲੋਕ ਉਸ ਵਲੋਂ ਗਾਏ ਸੱਭਿਆਚਾਰਕ ਗੀਤਾਂ ਤੇ ਨੱਚ ਉੱਠੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ,ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ,ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ,ਐਸ.ਡੀ.ਐਮ ਲਾਲ ਵਿਸ਼ਵਾਸ਼ ਬੈਂਸ ਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly