ਬਹੁਜਨ ਨਾਇਕ ਮਾਨਿਆਵਰ ਸਾਹਿਬ ਕਾਂਸ਼ੀ ਰਾਮ

ਮਾਨਿਆਵਰ ਸਾਹਿਬ ਕਾਂਸ਼ੀ ਰਾਮ

(ਸਮਾਜ ਵੀਕਲੀ)- ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ ਬਾਅਦ ਭਾਰਤ ਦੇਸ਼ ਦੇ 85% ਬਹੁਜਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜ਼ਾਤੀ ਭੇਦਭਾਵ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸੰਘਰਸ਼ ਕਰਨ ਵਾਲੇ ਮਾਨਿਆਵਰ ਕਾਂਸ਼ੀ ਰਾਮ ਜੀ ਆਪਣੀ ਹਿੰਮਤ ਅਤੇ ਦਿਲੇਰੀ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਸਨ। ਜਿਨ੍ਹਾਂ ਦਾ ਜਨਮ ਰੋਪੜ ਜਿਲੇ ਦੇ ਪਿਰਥੀ ਪੁਰ ਬੁੰਗਾ ਸਾਹਿਬ ਵਿਖੇ 15 ਮਾਰਚ 1934 ਨੂੰ ਮਾਤਾ ਬਿਸ਼ਨ ਕੌਰ ਅਤੇ ਪਿਤਾ ਸਰਦਾਰ ਹਰਿ ਸਿੰਘ ਦੇ ਘਰ ਜਨਮਿਆ, ਜਿਸ ਨੂੰ ਦੇਸ਼ ਅਤੇ ਦੁਨੀਆਂ ਵਿੱਚ ਬੜੇ ਅਦਬ ਨਾਲ ਸਾਹਿਬ ਕਾਂਸ਼ੀ ਰਾਮ ਦੇ ਨਾਮ ਨਾਲ ਜਾਣਿਆ ਗਿਆ।

ਪਿਰਥੀਪੁਰ ਬੁੰਗਾ ਸਾਹਿਬ, ਉਨ੍ਹਾਂ ਦਾ ਨਾਨਕਾ ਪਿੰਡ ਸੀ ਅਤੇ ਉਨ੍ਹਾਂ ਦਾ ਆਪਣਾ ਪਿੰਡ ਖੁਆਸਪੁਰ, ਜਿਲਾ ਰੋਪੜ ਸੀ। B.Sc ਕਰਨ ਤੋਂ ਬਾਦ ਉਹ ਸਰਕਾਰੀ ਨੌਕਰੀ ਕਰਨ ਲਈ ਪਹਿਲਾਂ ਦੇਹਰਾਦੂਨ, ਉੱਤਰਾਖੰਡ ਅਤੇ ਫਿਰ ਪੂਨਾ, ਮਹਾਰਾਸ਼ਟਰ ਵਿਖੇ ਪਹੁੰਚੇ; ਜਿੱਥੇ ਬਤੌਰ ਵਿਗਿਆਨੀ ਕੰਮ ਕਰਣ ਲੱਗੇ। ਐਥੇ ਹੀ 1964 ਨੂੰ ਬਾਬਾਸਾਹਿਬ ਅੰਬੇਡਕਰ ਅਤੇ ਮਹਾਤਮਾ ਬੁੱਧ ਦੀਆਂ ਛੁੱਟੀਆਂ ਨੂੰ ਰੱਦ ਕਰਣ ਦੇ ਫੈਸਲੇ ਨੂੰ ਲੈਕੇ ਮੈਨੇਜਮੈਂਟ ਨਾਲ ਵਿਵਾਦ ਖੜਾ ਹੋ ਗਿਆ। ਦੀਨਾ ਭਾਨਾ ਨਾਮ ਦੇ ਰਾਜਸਥਾਨ ਦੇ ਇਕ ਮੁਲਾਜਿਮ ਨੇ ਇਸਦੇ ਖਿਲਾਫ ਆਵਾਜ ਚੁੱਕੀ ਤਾਂ ਉਸ ਨੂੰ ਬਰਖਾਸਤ ਕੀਤਾ ਗਿਆ। ਜਾਤੀ ਵਿਤਕਰੇ ਦੀ ਇਸ ਘਟਨਾ ਨੇ ਸਾਹਿਬ ਕਾਂਸ਼ੀ ਰਾਮ ਨੂੰ ਝਜੋੜ ਕੇ ਰੱਖ ਦਿੱਤਾ ਅਤੇ ਉਹ ਦੀਨਾ ਭਾਨਾ ਦੇ ਹੱਕ ਵਿੱਚ ਅਦਾਲਤ ਗਏ। ਮੁਕਦਮਾ ਜਿੱਤ ਕੇ ਦੋਵੇਂ ਛੁਟੀਆਂ ਬਹਾਲ ਕਰਵਾਈਆਂ ਅਤੇ ਦੀਨਾ ਭਾਨਾ ਨੂੰ ਵਾਪਸ ਨੌਕਰੀ ਵਿੱਚ ਲਿਆ ਗਿਆ।

ਮਹਾਰਾਹਸਟਰ ਦੇ ਡੀ.ਕੇ.ਖਾਪਰਡੇ, ਜੋ ਉਨ੍ਹਾਂ ਨਾਲ ਕੰਮ ਕਰਦੇ ਸਨ ਨੇ ਕਾਂਸੀ ਰਾਮ ਜੀ ਨੂੰ ਬਾਬਾ ਸਾਹਿਬ ਦੀ ਕੀਤਾਬ “ਜਾਤ-ਪਾਤ ਦਾ ਖਾਤਮਾ” ਪੜ੍ਹਣ ਨੂੰ ਦਿੱਤੀ ਅਤੇ ਉਸਤੋਂ ਬਾਦ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਦੀ ਪੂਰੀ ਦਿਸ਼ਾ ਹੀ ਬਦਲ ਗਈ। ਜਾਤ-ਪਾਤ ਦੀ ਬਿਮਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਵਿੱਚ ਇਸ ਗੈਰ-ਬਰਾਬਰੀ ਵਾਲੇ ਸਮਾਜ ਨੂੰ ਬਦਲ ਕੇ ਇਕ ਮਾਨਵਤਾਵਾਦੀ ਸਮਾਜ ਬਣਾਉਣ ਲਈ ਕੁਰਬਾਨ ਕਰਣ ਦਾ ਫੈਸਲਾ ਕੀਤਾ। ਆਪਣੇ ਪਰਿਵਾਰ ਨੂੰ ਇਕ ਚਿੱਠੀ ਲਿਖ ਕੇ ਸਾਰਾ ਜੀਵਨ ਆਪਣਾ ਘਰ ਨ ਵਸਾਉਣ ਅਤੇ ਕੋਈ ਜ਼ਮੀਨ-ਜਾਇਦਾਦ, ਬੈਂਕ-ਬੈਲੰਸ ਨਾ ਬਣਾਉਣ ਦੇ ਫੈਸਲੇ ਤੋਂ ਜਾਣੂ ਕਰਵਾਇਆ। ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਾਬਾ ਸਾਹਿਬ ਦੇ ਅੰਦੋਲਨ ਨੂੰ Republican Party of India (RPI) ਚਲਾ ਰਹੀ ਸੀ।

ਸਾਹਿਬ ਨੇ ਉਨ੍ਹਾਂ ਨਾਲ ਕੰਮ ਸ਼ੁਰੂ ਕੀਤਾ ਪਰ ਪਹਿਲੇ ਹੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਦੇ ਆਗੂ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿਜੀ ਸਵਾਰਥਾਂ ਵਿੱਚ ਲੱਗੇ ਹੋਏ ਹਨ। ਬਾਰ-ਬਾਰ ਹੋ ਰਹੀ ਚੋਣਾਂ ਵਿੱਚ ਹਾਰ ਤੋਂ ਲੋਕ ਇਨ੍ਹਾਂ ਦਾ ਸਾਥ ਛੱਡ ਚੁਕੇ ਸਨ ਅਤੇ ਇਨ੍ਹਾਂ ਆਗੂਆਂ ਵਿੱਚ ਮਹਾਤਮਾ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ ਅਤੇ ਬਾਬਾਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਣ ਦੀ ਕੋਈ ਚਾਹਤ ਨਹੀਂ ਬਚੀ ਸੀ।ਇਸ ਸਭ ਤੋਂ ਨਿਰਾਸ਼ ਹੋਕੇ ਉਨ੍ਹਾਂ ਨੇ ਕਿਸੇ ਹੋਰ ਜਗਾ ਤੋਂ ਬਾਬਾ ਸਾਹਿਬ ਦੀ ਇਸ ਲਹਿਰ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਅਤੇ 1970 ਦੇ ਦਹਾਕੇ ਵਿੱਚ ਸਾਹਿਬ ਕਾਂਸ਼ੀ ਰਾਮ ਨੇ ਪੰਜਾਬ ਦਾ ਰੁੱਖ ਕੀਤਾ।

ਜ਼ਾਤੀ ਅਤੇ ਧਰਮ ਭੇਦਭਾਵ ਦਾ ਸ਼ਿਕਾਰ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ, ਪੱਛੜੀਆਂ ਜਾਤਾਂ, ਆਦਿਵਾਸੀ ਵੀ ਓਵੇਂ ਹੀ ਸਨ ਜਿਵੇ ਕਿ ਅਨੁਸੂਚਿਤ ਜਾਤਾਂ, ਇਸ ਕਰਕੇ ਇਨ੍ਹਾਂ ਸਾਰਿਆਂ ਦੇ ਸਰਕਾਰੀ ਕਰਮਚਾਰੀਆਂ ਨੂੰ ਇਕਜੁੱਟ ਕਰਣ ਲਈ BAMCEF ਨਾਮ ਦੇ ਸੰਗਠਨ ਦੀ ਸਾਹਿਬ ਨੇ 6 ਦਸੰਬਰ, 1978 ਨੂੰ ਨੀਂਹ ਰੱਖੀ। ਜਦੋਂ ਇਸ ਵਿੱਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਤਾਂ ਉਨ੍ਹਾਂ ਦੂਜਾ Concept(ਵਿਚਾਰ) ਬਣਾਇਆਂ ਕਿ “ਸੱਤਾ ਸੰਘਰਸ਼ ਵਿਚੋਂ ਨਿਕਲਦੀ ਹੈ।” ਜੇਕਰ ਅਸੀਂ ਹੁਕਮਰਾਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਸੰਘਰਸ਼ ਲਈ ਮੈਦਾਨ ਵਿੱਚ ਉੱਤਰਨਾ ਪਵੇਗਾ। ਇਸ ਵਾਸਤੇ ਉਨ੍ਹਾਂ 6 ਦਸੰਬਰ 1981 ਨੂੰ DS-4(ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਦਾ ਗਠਨ ਕੀਤਾ।

ਅਨੁਸੂਚਿਤ ਅਤੇ ਪੱਛੜੀਆਂ ਜਾਤਾਂ ਆਰਥਿਕ ਤੌਰ ਤੇ ਕਮਜ਼ੋਰ ਸਨ, ਇਸ ਕਰਕੇ ਸਾਹਿਬ ਕਾਂਸ਼ੀ ਰਾਮ ਨੇ ਸਾਈਕਲਾਂ ਤੇ ਪ੍ਰਚਾਰ ਕਰਣ ਦਾ ਪ੍ਰੋਗਰਾਮ ਬਣਾਇਆਂ। ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਦ ਕੋਈ ਯੋਗ ਅਗਵਾਈ ਨਾ ਮਿਲਣ ਕਰਕੇ ਨਿਰਾਸ਼ ਹੋ ਚੁਕਿਆ ਪੰਜਾਬ ਦਾ SC ਭਾਈਚਾਰਾ, ਸਾਹਿਬ ਕਾਂਸ਼ੀ ਰਾਮ ਦੇ ਕ੍ਰਿਸ਼ਮਈ ਵਿਆਕਤੀਤਵ, ਸਮਾਜ ਪ੍ਰਤੀ ਦਰਦ ਅਤੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਣ ਲਈ ਆਪਣਾ ਸਭ ਕੁਛ ਕੁਰਬਾਨ ਕਰਨ ਦੇ ਜਜ਼ਬੇ ਨੂੰ ਦੇਖ, ਫਿਰ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਮੈਦਾਨ ਵਿੱਚ ਆ ਗਿਆ ਹਜ਼ਾਰਾਂ ਹੀ ਲੋਕ ਸਾਈਕਲਾਂ ਤੇ ਸਾਹਿਬ ਨਾਲ ਦੇਸ਼ ਅੰਦਰੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਣ ਲਈ ਤੁਰ ਪਏ।1978 ਵਿੱਚ BAMCEF ਅਤੇ 1981 ਵਿੱਚ DS-4 ਬਣਾਉਣ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਇਸ ਨਵੀ ਲਹਿਰ ਨੇ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਪੰਜਾਬ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ।

ਸਾਈਕਲਾਂ ਦੇ ਝੁੰਡ ਹਰ ਪਾਸੇ ਜਾਤ-ਪਾਤ ਦੇ ਖਿਲਾਫ ਨਾਰੇ ਲਾਉਂਦੇ ਹੋਏ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦਾ ਨੀਲਾ ਝੰਡਾ ਜੋ ਕਿ ਸਾਰਿਆਂ ਦੇ ਦਿਲ ਅਤੇ ਦਿਮਾਗ ਤੋਂ ਗਾਇਬ ਹੋ ਗਿਆ ਸੀ ਫਿਰ ਤੋਂ ਹਰ ਪਾਸੇ ਛਾ ਗਿਆ। ਜਾਤ-ਪਾਤ ਖਿਲਾਫ ਪਹਿਲਾਂ ਵੀ ਕਈ ਵਾਰ ਜੰਗ ਲੜ ਚੁਕਿਆਂ ਪੰਜਾਬ ਫਿਰ ਤੋਂ ਮੋਹਰੀ ਬਣਕੇ ਉਭਰਿਆ। ਹਜ਼ਾਰਾਂ ਹੀ ਛੋਟੀਆਂ-ਵੱਢੀਆਂ ਸਭਾਵਾਂ, ਨੁੱਕੜ ਨਾਟਕਾਂ, ਸਾਈਕਲ ਯਾਤਰਾਵਾਂ ਰਾਹੀਂ ਹੁਣ ਤੱਕ ਸਮਾਜ ਦੇ ਹਾਸ਼ੀਏਂ ਤੇ ਖੜਾ SC ਵਰਗ, ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਇਸ ਸਮਾਜਿਕ ਲਹਿਰ ਦੀ ਧੁਰ ਬਣ ਗਿਆ। ਉਨ੍ਹਾਂ ਦੇ ਜੋਸ਼ੀਲੇ ਨਾਹਰੇ ਪੂਰੇ ਪੰਜਾਬ ਅਤੇ ਭਾਰਤ ਵਿੱਚ ਗੂੰਜ ਪਏ ਅਤੇ ਹਾਕਮਾਂ ਦੇ ਤਖ਼ਤ ਡੋਲਣ ਲੱਗ ਪਏ। ਇਸ ਤੋਂ ਉਤਸ਼ਾਹਿਤ ਹੋ ਕੇ ਸਾਹਿਬ ਨੇ ਅਗਲਾ ਬੜਾ ਕਦਮ ਚੁੱਕਿਆ ਅਤੇ 14 ਅਪ੍ਰੈਲ 1984 ਨੂੰ ਰਾਜਨੀਤੀ ਵਿੱਚ ਦਖਲ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਸ ਪਿੱਛੇ ਉਨ੍ਹਾਂ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵਿਵਸਥਾ ਦਾ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਬਦਲ ਕੇ ਇਕ ਸਹੀ ਵਿਵਸਥਾ ਦੇਣ ਦਾ ਵੀ ਬੰਦੋਬਸਤ ਕਰਨਾ ਪਵੇਗਾ।

ਇਸ ਲਈ ਰਾਜਨੀਤੀ ਵਿੱਚ ਕਦਮ ਰੱਖਣਾ ਜ਼ਰੂਰੀ ਹੈ। ਠੀਕ ਅਗਲੇ ਸਾਲ 1985 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਇਆਂ। ਹੁਣ ਤੱਕ ਕੀਤੀ ਗਈ ਸਮਾਜਿਕ ਜੀ-ਤੋੜ ਮਿਹਨਤ ਦਾ ਰਾਜਨੀਤਿ ਵਿੱਚ ਨਤੀਜਾ ਦੇਖਣ ਦਾ ਵਕ਼ਤ ਸੀ। ਇਸ ਦੇ ਨਤੀਜਿਆਂ ਨੇ ਨਾ ਸਿਰਫ ਪੰਜਾਬ ਦੀ ਰਾਜਨੀਤੀ ਦੀ ਦਿਸ਼ਾਂ ਬਦਲੀ ਪਰ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਤਕ ਸ਼ੈਡਿਊਲਡ ਕਾਸਟਾਂ ਦੇ ਵੋਟਾਂ ਦੇ ਸਹਾਰੇ ਪੰਜਾਬ ਦੇ ਸਿੰਘਾਸਨ ਤੇ ਬੈਠੀ ਕਾਂਗਰਸ ਪਾਰਟੀ ਦੇ ਹੱਥੋਂ ਰਾਜ ਖੁੱਸ ਗਿਆ ਅਤੇ ਅਕਾਲੀ ਦਲ ਸੱਤਾ ਵਿੱਚ ਆ ਗਿਆ। ਪਰ ਇਸ ਸਾਰੀ ਫੇਰ-ਬਦਲ ਦੇ ਪਿੱਛੇ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਹੋਈ ਲਹਿਰ ਕੰਮ ਕਰ ਰਹੀ ਸੀ। ਉਨ੍ਹਾਂ ਦੇ ਉਮੀਦਵਾਰ ਖੁਦ ਤਾਂ ਨਹੀਂ ਜਿੱਤ ਸਕੇ ਪਰ ਉਹ ਐਨੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ ਕਿ ਕਾਂਗਰਸ ਪਾਰਟੀ ਵੀ ਨ ਜਿੱਤ ਸਕੀ। ਪਹਿਲੀ ਵਾਰ ਪੰਜਾਬ ਦੀ ਆਬਾਦੀ ਦੇ ਤੀਜੇ ਹਿੱਸੇ ਨੂੰ ਸਾਹਿਬ ਕਾਂਸ਼ੀ ਰਾਮ ਨੇ ਆਪਣੀ ਵੋਟ ਦੀ ਤਾਕ਼ਤ ਦਾ ਅਹਿਸਾਸ ਕਰਵਾਇਆਂ।

ਇਹ ਗੱਲ ਯਕੀਨੀ ਕਰਵਾਈ ਕਿ ਪੰਜਾਬ ਦੇ ਤਖ਼ਤ ਤੇ ਭਾਵੇਂ ਕੋਈ ਵੀ ਬੈਠੇ, ਉਸਦੀ ਚਾਬੀ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ, ਬਸ਼ਰਤੇ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਸਿੱਖਣ। ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ-ਅਕਾਲੀ ਦਲ ਦੇ ਵਿਚਾਲੇ ਹੋਣ ਵਾਲੇ ਸਿੱਧੇ ਮੁਕਾਬਲੇ, ਜੋ ਕਿ ਧਨਾਢਾਂ ਦੇ ਹੱਥਾਂ ਵਿੱਚ ਸਨ ਨੂੰ ਇਸ ਇਤਿਹਾਸਕ ਚੋਣਾਂ ਨੇ ਤਿਕੋਣੀ ਬਣਾ ਦਿੱਤਾ। ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇੱਕ ਤੀਜੀ ਧਿਰ ਜ਼ਮੀਨੀ ਤੌਰ ਤੇ ਸਥਾਪਿਤ ਹੋਈ। ਜਦੋਂ 1992 ਵਿੱਚ ਵਿਧਾਨ ਸਭਾ ਚੋਣਾਂ ਹੋਇਆਂ ਤਾਂ 9 ਵਿਧਾਇਕ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਬਣੀ। ਹੁਣ ਤੱਕ ਰਾਜਨੀਤੀ ਵਿੱਚ ਇੱਕ ਪਿੱਛਲੱਗੂ ਸਮਝੇ ਜਾਣ ਵਾਲੇ ਲੋਕ ਹੁਕਮਰਾਨਾਂ ਨਾਲ ਸਿੱਧੀ ਟੱਕਰ ਵਿੱਚ ਆਏ ਅਤੇ ਅੱਖ ਨਾਲ ਅੱਖ ਮਿਲਾਕੇ ਉਨ੍ਹਾਂ ਨੂੰ ਸਵਾਲ ਕਰਨ ਲੱਗੇ।

ਸਾਹਿਬ ਦੀ ਅਗਵਾਈ ਵਿੱਚ ਇਹ ਕਾਫ਼ਿਲਾ ਅੱਗੇ ਵਧਦਾ ਗਿਆ ਅਤੇ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਹੋਇਆਂ ਤਾਂ ਉਨ੍ਹਾਂ ਅਕਾਲੀ ਦਲ(ਬਾਦਲ) ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜਿਆ ਅਤੇ ਤਿੰਨ ਸੀਟਾਂ ਹੋਸ਼ਿਆਰਪੂਰ, ਫਿਲੌਰ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਖੜੇ ਕੀਤੇ ਅਤੇ ਸਾਰਿਆਂ ਤੇ ਜਿੱਤ ਪ੍ਰਾਪਤ ਕੀਤੀ। । 1993 ਵਿੱਚ ਯੂਪੀ ਵਿੱਚ ਉਨ੍ਹਾਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ। 1995 ਵਿੱਚ ਖੁਦ ਭਾਜਪਾ ਦੇ ਸਹਿਯੋਗ ਨਾਲ ਯੂਪੀ ਸਰਕਾਰ ਬਣਾਈ ਅਤੇ 1996 ਵਿੱਚ ਫਿਰ ਚੋਣਾਂ ਹੋਇਆਂ। ਇਸ ਕਰਕੇ ਉਹ ਪੰਜਾਬ ਨੂੰ ਜ਼ਿਆਦਾ ਸਮਾਂ ਨਾ ਦੇ ਸਕੇ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਪੰਜਾਬ ਦੇ ਆਗੂ ਉਨ੍ਹਾਂ ਦੀ ਸੋਚ “ਬਹੁਜਨ ਸਮਾਜ”(ਪੱਛੜੀਆਂ, ਘੱਟ ਗਿਣਤੀਆਂ) ਨੂੰ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋਏ ਅਤੇ ਪੰਜਾਬ ਵਿੱਚ BSP ਦਾ ਗ੍ਰਾਫ ਡਿਗਣਾ ਸ਼ੁਰੂ ਹੋ ਗਿਆ।

2002 ਦੀਆਂ ਚੋਣਾਂ ਵਿਚ ਹਾਲਾਂਕਿ ਉਹ ਕੁਝ ਹੱਦ ਤੱਕ ਹੋਏ ਨੁਕਸਾਨ ਨੂੰ ਦੂਰ ਕਰ ਸਕੇ ਪਰ ਉਹ ਚੁਣਾਵੀ ਨਤੀਜਿਆਂ ਵਿੱਚ ਤਬਦੀਲ ਨਹੀਂ ਹੋ ਸਕੀ। ਇਸ ਤੋਂ ਬਾਦ ਉਹ ਦੱਖਣੀ ਭਾਰਤ ਵਿੱਚ ਇਸ ਲਹਿਰ ਨੂੰ ਖੜੀ ਕਰਨ ਵਿੱਚ ਰੁਝੇ ਰਹੇ ਅਤੇ ਸਤੰਬਰ 2003 ਨੂੰ ਹੈਦਰਾਬਾਦ ਜਾਂਦਿਆਂ ਹੋਇਆ ਉਨ੍ਹਾਂ ਨੂੰ ਦਿਮਾਗ ਦਾ ਦੌਰਾ ਪਿਆ ਅਤੇ 9 ਅਕਤੂਬਰ 2006 ਨੂੰ ਹੋਈ ਉਨ੍ਹਾਂ ਦੀ ਮੌਤ ਤਕ ਉਹ ਬਿਮਾਰ ਹੀ ਰਹੇ। ਇਸ ਤਰ੍ਹਾਂ ਪੰਜਾਬ ਅਤੇ ਪੂਰੇ ਭਾਰਤ ਨੂੰ ਜਗਾਉਣ ਵਾਲਾ ਇਹ ਗਰੀਬਾ ਦਾ ਮਸੀਹਾ ਸ਼ਰੀਰਕ ਤੌਰ ਤੇ ਹਮੇਸ਼ਾ ਵਾਸਤੇ ਸਾਨੂੰ ਅਲਵਿਦਾ ਕਹਿ ਗਿਆ।ਅੱਜ ਭਾਵੇਂ ਸਾਹਿਬ ਕਾਂਸ਼ੀ ਰਾਮ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਊਨਾ ਦਾ ਰਾਜਨੀਤਿਕ ਅੰਦੋਲਨ ਪੰਜਾਬ ਵਿੱਚ ਲੱਗਭੱਗ ਖਤਮ ਹੋ ਚੁਕਿਆ ਹੈ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਸਮਾਜਿਕ ਕ੍ਰਾਂਤੀ ਨ ਸਿਰਫ ਜ਼ਿੰਦਾ ਹੈ ਬਲਕਿ ਅੱਗੇ ਨਾਲੋਂ ਕੀਤੇ ਜ਼ਿਆਦਾ ਮਜ਼ਬੂਤ ਹੋ ਚੁਕੀ ਹੈ। ਮਹਾਤਮਾ ਜੋਤਿਰਾਓ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ, ਨਾਰਾਇਣਾ ਗੁਰੂ, ਪੇਰੀਆਰ ਰਾਮਾਸਵਾਮੀ ਨਾਇਕਰ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਵਿਚਾਰਧਾਰਾਵਾਂ ਉਨ੍ਹਾਂ ਕਰਕੇ ਪੰਜਾਬ ਦੇ ਘਰ-ਘਰ ਪਹੁੰਚ ਚੁੱਕੀਆਂ ਹਨ।

ਆਪਣੇ ਮਹਾਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਇਕ ਮੇਲੇ ਦੇ ਤੌਰ ਤੇ ਮਨਾਉਣ ਦੀ ਸ਼ੁਰੂ ਕੀਤੀ ਉਨ੍ਹਾਂ ਦੀ ਰੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ੈਡਿਊਲਡ ਕਾਸ੍ਟ ਲੋਕਾਂ ਦਾ ਪੱਛੜੀਆਂ ਜਾਤਾਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਭਾਈਚਾਰਾ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਮੂਲਨਿਵਾਸੀ ਬਹੁਜਨ ਸਮਾਜ ਦੀ ਵਿਚਾਰਧਾਰਾ ਅੱਗੇ ਵੱਧ ਰਹੀ ਹੈ। ਪੰਜਾਬ ਦੇ ਉਹ ਲੋਕ, ਜੋ ਸਾਹਿਬ ਨੂੰ ਉਨ੍ਹਾਂ ਦੇ ਜਿਉਂਦਿਆਂ ਬਣਦਾ ਮਾਨ-ਸਤਿਕਾਰ ਨ ਦੇ ਸਕੇ, ਅੱਜ ਉਹ ਵੀ ਉਨ੍ਹਾਂ ਦੀ ਕੌਮ ਲਈ ਕੀਤੀ ਕੁਰਬਾਨੀ ਦੇ ਸਾਹਮਣੇ ਨਤਮਸਤਕ ਹਨ। ਅੱਜ ਜ਼ਰੂਰਤ ਹੈ ਇਮਾਨਦਾਰ ਅਤੇ ਸੂਝਵਾਨ ਨੌਜਵਾਨ ਆਗੂਆਂ ਦੀ, ਜੋ ਸਾਹਿਬ ਕਾਂਸ਼ੀ ਰਾਮ ਵਾਂਗ ਹੀ ਸਮਾਜ ਲਈ ਆਪਣਾ ਸਬ ਕੁਝ ਕੁਰਬਾਨ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂਕਿ ਉਨ੍ਹਾਂ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਹੋ ਸਕੇ ਅਤੇ ਸਦੀਆਂ ਤੋਂ ਜਾਤੀ ਵਿਵਸਥਾ ਦੀ ਮਾਰ ਝੱਲ ਰਹੇ 85% ਦੱਬੇ ਕੁੱਚਲੇ ਲੋਕ ਬਰਾਬਰਤਾ ਦੀ ਜ਼ਿੰਦਗੀ ਬਸਰ ਕਰ ਸਕਣ ।

ਕੁਲਦੀਪ ਸਾਹਿਲ
9417990040

 

Previous article12 Thai nationals killed in Hamas-Israel violence: Foreign Ministry
Next articleThis is our 9/11, they got us: Israeli military