

ਇਸ ਤੋਂ ਇਲਾਵਾ ਉਸਦਾ ਕਾਲਮ ‘ਸਿੱਧੀਆਂ ਸਿੱਧੀਆਂ’ ਲਗਾਤਾਰ ਤਿੰਨ ਸਾਲ ਪੰਜਾਬੀ ਅਖ਼ਬਾਰ ‘ਖਬਰਾਂ’ ਲਾਹੌਰ ‘ਚ ਅਤੇ ਲਗਭਗ ਚਾਰ ਸਾਲ ਪੰਜਾਬੀ ਅਖਬਾਰ ‘ਭੁਲੇਖਾ’ ਵਿਚ ਨਿਰੰਤਰ ਛਪਦਾ ਰਿਹਾ ਹੈ। ਪਿਛਲੇ ਸਮੇਂ ਤੋਂ ਉਹ ‘ਸਿਫਰਾ ‘ ਨਾਮ ਦਾ ਆਨਲਾਈਨ ਮੈਗਜ਼ੀਨ ਛਾਪ ਰਿਹਾ ਹੈ। ਜਿਸ ਵਿਚ ਉਹ ਲਹਿੰਦੇ ਚੜ੍ਹਦੇ ਪੰਜਾਬ ਦੇ ਨਾਮਵਰ ਲੇਖਕਾਂ ਦੇ ਨਾਲ ਨਾਲ ਉਭਰ ਰਹੇ ਸ਼ਾਇਰਾਂ ਨੂੰ ਵੀ ਛਾਪ ਕੇ ਬਣਦਾ ਮਾਣ ਦੇ ਰਿਹਾ ਏ। ਜਿਕਰਯੋਗ ਗੱਲ ਇਹ ਹੈ ਕਿ ਪੰਜਾਬੀ ਸ਼ਾਇਰਾਂ ਨੂੰ ਉਹ ਗੁਰਮੁਖੀ ਅਤੇ ਸ਼ਾਹਮੁਖੀ ,ਦੋਹਾਂ ਲਿੱਪੀਆਂ ‘ਚ ਛਾਪ ਕੇ,ਚੜ੍ਹਦੇ -ਲਹਿੰਦੇ ਪੰਜਾਬ ਵਿਚਕਾਰ ਇਕ ਭਾਸ਼ਾਈ ਪੁੱਲ ਬਣਿਆ ਜਾਪਦਾ ਹੈ।ਇਸ ਤੋਂ ਇਲਾਵਾ ਉਹ ਨਾਮਵਰ ਪੰਜਾਬੀ ਅਖ਼ਬਾਰ ‘ਰੋਜ਼ਾਨਾ ਅਦੀਬ ਲਾਹੌਰ ‘ ਲਈ ਵੀ ਕੰਮ ਕਰ ਰਿਹਾ ਹੈ।
ਉਹ ਪ੍ਰਬੁੱਧ ਤੇ ਪਰਪੱਕ ਸ਼ਾਇਰ ਤੇ ਉੱਘਾ ਕਾਲਮ-ਨਵੀਸ ਹੋਣ ਦੇ ਨਾਲ ਨਾਲ ਇਕ ਬੇਹੱਦ ਮਿਲਾਪੜਾ,ਮਿੱਠ-ਬੋਲੜਾ ਤੇ ਚੁੰਬਕੀ ਸ਼ਖਸੀਅਤ ਵਾਲਾ ਵਧੀਆ ਇਨਸਾਨ ਹੈ।ਉਹ ਸਾਹਿਤਕ ਕੰਮਾਂ ਲਈ ਸਦਾ ਤਤਪਰ ਰਹਿੰਦਾ ਹੈ। ਉਹ ਲਹਿੰਦੇ ਪੰਜਾਬ ਦੀਆਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਨਾਲ ਜੁੜਿਆ ਹੋਇਆ ਹੈ ਜਿਹਨਾਂ ਵਿੱਚ ‘ਪਾਕਿਸਤਾਨ ਅਦਬੀ ਫੋਰਮ ਫੂਲ ਨਗਰ ਦੇ ਬਤੌਰ ਪ੍ਰਧਾਨ ਸੇਵਾ ਕਰ ਚੁੱਕਿਆ, ਪਿਛਲੇ ਦਸ ਸਾਲਾਂ ਤੋਂ ‘ਭਾਈ ਫੇਰੂ ਪ੍ਰੈੱਸ ਕਲੱਬ ‘ ਫੂਲ ਨਗਰ ਦਾ ਬਤੌਰ ਚੇਅਰਮੈਨ ਸੇਵਾ ਨਿਭਾ ਰਿਹਾ ਹੈ।ਉਰਦੂ ਤਨਜ਼ੀਮ ‘ਬਜ਼ਮ-ਏ-ਇਸ਼ਤਿਆਕ’ ਫੂਲ ਨਗਰ ਦੇ ਸਦਰ , ਪੰਜਾਬੀ ਸੰਗੀਤ ਫੋਰਮ ਪਾਕਿਸਤਾਨ ਦੇ ਸਰਗਰਮ ਮੈਂਬਰ ਅਤੇ ‘ਰੀਜਨਲ ਯੂਨੀਅਨ ਆਫ ਜਰਨਲਿਸਟ ‘ ਪਾਕਿਸਤਾਨ ਤਹਿਸੀਲ ਪੱਤੋਕੀ ਦੇ ਵਾਇਸ ਚੇਅਰਮੈਨ ਵਜੋਂ ਸੇਵਾ ਨਿਭਾ ਰਿਹਾ ਹੈ। ‘
ਉਸਦੀਆਂ ਸਾਹਿਤਕ ਸੇਵਾਵਾਂ ਬਦਲੇ ਉਸ ਦੀ ਝੋਲੀ ਵਿਚ ਢੁਕਵੇਂ ਮਾਣ ਸਨਮਾਨ ਵੀ ਪੈਂਦੇ ਰਹੇ ਹਨ ਜਿਹਨਾਂ ਵਿਚ ‘ਵਾਰਿਸ ਸ਼ਾਹ’ ਐਵਾਰਡ , ‘ਬੁੱਲ੍ਹੇ ਸ਼ਾਹ ‘ਐਵਾਰਡ , ‘ਸ਼ਾਕਿਰ ਸ਼ੁਜਾਅ ਆਬਦੀ’ ਐਵਾਰਡ , ‘ਦਿਲ ਦਰਿਆ ਪਾਕਿਸਤਾਨ ‘ ਐਵਾਰਡ, ‘ਬੇਹਤਰੀਨ ਪੰਜਾਬੀ ਸ਼ਾਇਰ ‘ਐਵਾਰਡ, ‘ਨਕੇਬੀ ‘ ਐਵਾਰਡ, ”ਦਿਲ ਦਰਿਆ ‘ ਐਵਾਰਡ ਅਤੇ ਹੋਰ ਅਨੇਕਾਂ ਵਿਸ਼ੇਸ਼ ਸਨਮਾਨਾਂ ਨਾਲ ਅਦਬੀ ਸਮਾਗਮਾਂ ਮੌਕੇ , ਲਹਿੰਦੇ ਪੰਜਾਬ ਦੀਆਂ ਸਰਗਰਮ ਉਚ ਮਿਆਰੀ ਤਨਜ਼ੀਮਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।
ਜਿਥੇ ਉਹ ਇਕ ਸੁਹਿਰਦ ਸਾਹਿਤਕ ਕਾਮਾ ਹੈ ਪੇਸ਼ੇ ਵਜੋਂ ਉਹ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕਿਰਤੀ ਹੈ , ਸਟੋਰ ਅਫਸਰ ਦੀ ਨੌਕਰੀ ਉਸਦੀ ਰੋਜੀ ਰੋਟੀ ਦਾ ਵਸੀਲਾ ਹੈ।ਉਸ ਦੀ ਸ਼ਾਇਰੀ ਚ ਜਿੱਥੇ ਮੁਹੱਬਤੀ ਰੰਗ ਉੱਥੇ ਮਨੁੱਖਤਾ ਪ੍ਰਤੀ ਇਕ ਦਰਦ ਦਾ ਇਜ਼ਹਾਰ ਵੀ ਹੈ। ਉਹ ਸਮਾਜ ਚ ਹੋਰ ਕਾਣੀ ਵੰਡ ਤੇ ਉਂਗਲ ਧਰਦਾ ਹੋਇਆ ਕਾਣੇ ਤੰਤਰ ਦੇ ਖਿਲਾਫ ਵਿਦਰੋਹੀ ਸੁਰ ਵੀ ਅਖਤਿਆਰ ਕਰ ਲੈਂਦਾ ਹੈ ।ਉਹ ਵੱਡੀ ਤੋਂ ਵੱਡੀ ਸਮੱਸਿਆ ਦਾ ਆਪਣੀ ਬਾਕਮਾਲ ਸ਼ਾਇਰੀ ਰਾਹੀਂ ਚੰਦ ਸ਼ਬਦਾਂ ਵਿਚ ਜਿਕਰ ਕਰਨ ਵਾਲਾ ਸਮਰੱਥ ਸ਼ਾਇਰ ਹੈ। ਉਹ ਸਮੇਂ ਦੇ ਸੱਚ ਨੂੰ ਹੰਢਾਉਣ ਤੇ ਬਿਆਨ ਕਰਨ ਵਾਲਾ ਯਥਾਰਥਵਾਦੀ ਸ਼ਾਇਰ ਹੈ।
ਪੇਸ਼ ਹਨ ਉਸਦਾ ਅਦਬੀ ਰੰਗ ਕੁਝ ਗ਼ਜ਼ਲਾਂ :
(1)
ਇੰਜ ਆਇਆ ਵਾਂ ਰਾਸ ਕਿਸੇ ਨੂੰ
ਲਹੂ ਕਿਸੇ ਨੂੰ ਮਾਸ ਕਿਸੇ ਨੂੰ
ਇਸ਼ਕ ਦੇ ਆਪਣੇ ਕਾਇਦੇ ਕਲੀਏ
ਮਾਰ ਕਿਸੇ ਨੂੰ ਲਾਸ ਕਿਸੇ ਨੂੰ
ਕੋਈ ਉਹਨੂੰ ਜਾ ਕੇ ਆਖੇ
ਅੱਜ ਵੀ ਤੇਰੀ ਆਸ ਕਿਸੇ ਨੂੰ
ਸੂਲ਼ੀ ਤੇ ਨਈਂ ਭੁੱਲਦਾ ਵਾਅਦਾ
ਹੋਵੇ ਜੇਕਰ ਪਾਸ ਕਿਸੇ ਨੂੰ
ਰੋਜ਼ ਦੁਆਵਾਂ ਆਸ ਕਿਸੇ ਦੀ
ਕਰ ਨਾ ਦੇਵੇ ‘ਯਾਸ’ ਕਿਸੇ ਨੂੰ
( 2)
ਦੁੱਖਾਂ ਵਿਚ ਦਿਲਾਸਾ ਰੱਖਿਆ ਹੋਇਆ ਸੂ
ਬੁਲ੍ਹਾਂ ਉਤੇ ਹਾਸਾ ਰੱਖਿਆ ਹੋਇਆ ਸੂ
ਬਖ਼ਤਾਂ ਨਾਲ਼ ਮਕਾਲ ਬਣਾਈ ਬੈਠਾ ਏ
ਪਾਣੀ ਵਿਚ ਪਤਾਸਾ ਰੱਖਿਆ ਹੋਇਆ ਸੂ
ਅੱਖਾਂ ਚੋਂ ਜਗਰਾਤੇ ਝਾਕੀ ਜਾਂਦੇ ਨੇ
ਸਾਰਾ ਕੁੱਝ ਇਕਵਾਸਾ ਰੱਖਿਆ ਹੋਇਆ ਸੂ
ਬਣ ਕੇ ਇਜ਼ਰਾਈਲ ਈ ਸੱਜਣ ਨਿਕਲਿਆ ਏ
ਹਾਲੇ ਤੇ ਦੰਦਾਸਾ ਰੱਖਿਆ ਹੋਇਆ ਸੂ
ਚੰਗੇ ਮਾੜੇ ਸਾਰੇ ਉਹਨੂੰ ਵੇਖਣ ਪਏ
ਮਤਲਬ ਹਰ ਇਕ ਪਾਸਾ ਰੱਖਿਆ ਹੋਇਆ ਸੂ
ਲੋਕਾਂ ਨੂੰ ਤੇ ਜੰਨਤ ਵੰਡੀ ਜਾਂਦਾ ਏ
ਪੈਰਾਂ ਤੇ ਭਰਵਾਸਾ ਰੱਖਿਆ ਹੋਇਆ ਸੂ
ਬਾਰਾ-ਤਾਲ਼ੀ ਲੁੱਟ ਕੇ ਖਾ ਗਈ ਦੁਨੀਆ ਨੂੰ
ਮੁੱਖ ਨੂੰ ਕਿਵੇਂ ਉਦਾਸਾ ਰੱਖਿਆ ਹੋਇਆ ਸੂ
ਸਮਝੋਂ ਬਾਹਰ ਏ ਹਾਕਮ ਕਿਸਰਾਂ ਬਣਿਆ ਏ
ਕੁੰਡ ਪਿੱਛੇ ਤੇ ਕਾਸਾ ਰੱਖਿਆ ਹੋਇਆ ਸੂ
(3)
ਜੁੱਸੇ ਲੈ ਲਓ ਨਾਲ਼ ,ਤੇ ਚਲੀਏ
ਆਪੋ ਆਪਣੀ ਭਾਲ਼ ਤੇ ਚਲੀਏ
ਜਿਹੜਾ ਤੇਰੇ ਹਿੱਸੇ ਦਾ ਏ
ਤੂੰ ਉਹ ਦੀਵਾ ਬਾਲ ਤੇ ਚਲੀਏ
ਮੈਂ ਤੇ ਵੇਲ਼ਾ ਜੋੜੇ ਗਏ ਆਂ
ਜੇ ਉਹ ਕਿੰਜੇ ਵਾਲ਼ ਤੇ ਚਲੀਏ
ਛੱਡ ਗਿਆਂ ਨੂੰ ਛੱਡ ਦੇ ਰੋਣਾ
ਮਾਜ਼ੀ ਭੁੱਲ ਕੇ ਹਾਲ ਤੇ ਚਲੀਏ
ਲੱਭੇ ਨਾਲੇ ਰੋਵੇ ਦੁਨੀਆ
ਕਰੀਏ ਅੱਜ ਕਮਾਲ ਤੇ ਚਲੀਏ
(4 )
ਜਿਹੜਾ ਰੰਗ ਏ ਫੁੱਲਾਂ ਤੇ
ਸਗਵਾਂ ਉਹਦੇ ਬੁੱਲ੍ਹਾਂ ਤੇ
ਹੁਣ ਨਈਂ ਖ਼ੈਰ ਹਯਾਤੀ ਦੀ
ਸੱਜਣ ਪੂਰੇ ਤੁੱਲਾਂ ਤੇ
ਪਾਪਾੜ ਵੇਲੇ ਜਿਨ੍ਹਾਂ ਲਈ
ਉਹੋ ਲੜ ਪਏ ਕੁੱਲਾਂ ਤੇ
ਇਹ ਵੀ ਪੀਤੀ ਫਿਰ ਦਾ ਏ
ਮੈਂ ਹੈਰਾਨ ਆਂ ਮੁੱਲਾਂ ਤੇ
ਜੱਨਤੋਂ ਭੁੱਲ ਕਢਾਇਆ ਏ
ਬੰਦਾ ਨਈਂ ਜੇ ਭੁੱਲਾਂ ਤੇ
ਉਸਦੀ ਕਲਮ ਨਿਰੰਤਰ ਪਿਛਲੇ 25 ਸਾਲਾਂ ਤੋਂ ਲੋਕ-ਮਨਾਂ ਦੀ ਤਰਜਮਾਨੀ ਕਰਦੀ ਆ ਰਹੀ ਹੈ।ਇੰਸ਼ਾ-ਅੱਲ੍ਹਾ ਉਹ ਏਦਾਂ ਸਾਹਿਤ ਤੇ ਸਮਾਜ ਦੀ ਸੇਵਾ ਹਿੱਤ ਭਰਪੂਰ ਲਿਖਤਾਂ ਨਾਲ ਆਪਣਾ ਸਾਹਿਤਕ ਸਫਰ ਨਿਰੰਤਰ ਜਾਰੀ ਰੱਖ ਕੇ ,ਸਾਹਿਤਕ ਖੇਤਰ ਨੂੰ ਹੋਰ ਅਮੀਰ ਬਣਾਉਂਦਾ ਰਹੇ। ਆਮੀਨ!
ਅਮਰਜੀਤ ਸਿੰਘ ਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly