ਬੈਡਮਿੰਟਨ: ਪੀਵੀ ਸਿੰਧੂ ਨੇ ਜਿੱਤੀ ਕਾਂਸੀ

Sindhu beats Bingjiao to win bronze in women's singles

ਟੋਕੀਓ (ਸਮਾਜ ਵੀਕਲੀ):  ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤੇ ਵਿਸ਼ਵ ਚੈਂਪੀਅਨ ਛੇਵਾਂ ਦਰਜਾ ਪ੍ਰਾਪਤ ਪੀ.ਵੀ.ਸਿੰਧੂ ਨੇ ਅੱਜ ਇਥੇ ਚੀਨ ਦੀ ਅੱਠਵਾਂ ਦਰਜਾ ਪ੍ਰਾਪਤ ਬਿੰਗ ਜਿਆਓ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਟੋਕੀਓ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ ਹੈ। ਸਿੰਧੂ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਉਂਜ ਦਿਗਜ ਪਹਿਲਵਾਨ ਸੁਸ਼ੀਲ ਕੁਮਾਰ ਬੀਜਿੰਗ 2008 ਖੇਡਾਂ ਵਿੱਚ ਕਾਂਸੇ ਤੇ ਲੰਡਨ 2012 ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ।

ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਮੁਸਾਹਿਨੋ ਫਾਰੈਸਟ ਸਪੋਰਟਸ ਪਲਾਜ਼ਾ ਵਿੱਚ 53 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਚੀਨ ਦੀ ਨੌਵੇਂ ਨੰਬਰ ਦੀ ਖੱਬੇ ਹੱਥ ਦੀ ਖਿਡਾਰਨ ਬਿੰਗ ਜਿਆਓ ਨੂੰ 21-13, 21-15 ਨਾਲ ਸ਼ਿਕਸਤ ਦਿੱਤੀ। ਸਿੰਧੂ ਨੇ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿਉਂਕਿ ਇੰਨੇ ਸਾਲਾਂ ਤੱਕ ਸਖ਼ਤ ਮਿਹਨਤ ਕੀਤੀ ਹੈ। ਮੇਰੇ ਅੰਦਰ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਸੀ- ਮੈਨੂੰ ਖ਼ੁਸ਼ ਹੋਣ ਚਾਹੀਦਾ ਹੈ ਕਿ ਮੈਂ ਕਾਂਸੇ ਦਾ ਤਗ਼ਮਾ ਜਿੱਤਿਆ ਜਾਂ ਦੁਖੀ ਹੋਣਾ ਚਾਹੀਦਾ ਹੈ ਕਿ ਮੈਂ ਫਾਈਨਲ ਵਿੱਚ ਖੇਡਣ ਦਾ ਮੌਕਾ ਗੁਆ ਦਿੱਤਾ ਹੈ।’’ ਭਾਰਤੀ ਸ਼ਟਲਰ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ, ਦੇਸ਼ ਲਈ ਤਗ਼ਮਾ ਜਿੱਤਣਾ ਕਿਸੇ ਗੌਰਵ ਤੋਂ ਘੱਟ ਨਹੀਂ ਹੈ।’ ਸਿੰਧੂ ਨੇ ਕਿਹਾ, ‘‘ਮੈਂ ਸੱਤਵੇਂ ਅਸਮਾਨ ’ਤੇ ਹਾਂ। ਮੈਂ ਇਸ ਲੰਮਹੇ ਦਾ ਪੂਰਾ ਲੁਤਫ਼ ਲਵਾਂਗੀ।’’

ਬਿੰਗ ਜਿਆਓ ਖਿਲਾਫ਼ 16 ਮੈਚਾਂ ਵਿੱਚ ਸਿੰਧੂ ਦੀ ਇਹ 7ਵੀਂ ਜਿੱਤ ਹੈ। ਇਸ ਮੁਕਾਬਲੇ ਤੋਂ ਪਹਿਲਾਂ ਸਿੰਧੂ ਨੇ ਬਿੰਗ ਜਿਆਓ ਖ਼ਿਲਾਫ਼ ਪਿਛਲੇ ਪੰਜ ਵਿਚੋਂ ਚਾਰ ਮੁਕਾਬਲੇ ਗੁਆਏ ਸਨ। ਸਿੰਧੂ ਨੂੰ ਲੰਘੇ ਦਿਨ ਸੈਮੀ ਫਾਈਨਲ ਵਿੱਚ ਚੀਨੀ ਤਾਇਪੇ ਦੀ ਤਾਇ ਜੂ ਯਿੰਗ ਖਿਲਾਫ਼ 18-21, 12-21 ਨਾਲ ਸ਼ਿਕਸਤ ਝੱਲਣੀ ਪਈ ਸੀ। ਟੋਕੀਓ ਖੇਡਾਂ ਵਿੱਚ ਭਾਰਤ ਦਾ ਇਹ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੁੱਕੇਬਾਜ਼ ਲਵਲੀਨ ਬੋਰਗੋਹੇਨ ਵੀ ਸੈਮੀ ਫਾਈਨਲ ਵਿੱਚ ਥਾਂ ਬਣਾ ਕੇ ਭਾਰਤ ਲਈ ਤਗ਼ਮਾ ਪੱਕਾ ਕਰ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤ ਨੇ ਓਲੰਪਿਕ ਵਿੱਚ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKCR rewards Kaushik Reddy with MLC seat
Next articleਪੰਜਾਬ ਦੀ ਸਿੱਖ ਬੱਚੀ ਬੀਬਾ ਕਮਲਪ੍ਰੀਤ ਕੌਰ ਟੋਕੀਓ ਉਲੰਪਿਕ ‘ਚ ਫਾਈਨਲ ਚ ਪੁੱਜਣ ਤੇ ਖੁਸ਼ੀ